ਭਾਰੀ ਮੀਂਹ ਦਾ ਕਹਿਰ: ਪੰਜਾਬ ਦੇ ਇਨ੍ਹਾਂ 7 ਪਿੰਡਾਂ ਦਾ ਭਾਰਤ ਨਾਲੋਂ 'ਨਾਤਾ ਟੁੱਟਿਆ', ਆਰਜੀ ਪੁਲ ਰੁੜਿਆ
ਮਕੌੜਾ ਪੱਤਣ ਤੇ ਅਚਾਨਕ ਪਾਣੀ ਦਾ ਪੱਧਰ ਵਧਿਆ ਪਾਰਲੇ ਪਾਸੇ ਵੱਸੇ ਪਿੰਡਾਂ ਦਾ ਲਿੰਕ ਟੁੱਟਾ
ਪੁਲ ਦੇ ਕਿਨਾਰੇ ਟੁੱਟਣ ਕਾਰਨ ਲੰਘਣਾ ਵੀ ਹੋਇਆ ਖਤਰਨਾਕ
ਰੋਹਿਤ ਗੁਪਤਾ
ਗੁਰਦਾਸਪੁਰ , 28 ਫਰਵਰੀ 2025 : ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਮਕੌੜਾ ਪੱਤਣ ਦੇ ਪਾਰ ਸੱਤ ਪਿੰਡਾਂ ਦਾ ਸੰਪਰਕ ਬਰਸਾਤ ਦੇ ਦਿਨਾਂ ਵਿੱਚ ਤਾਂ ਭਾਰਤ ਨਾਲੋਂ ਪਹਿਲਾਂ ਵੀ ਟੁੱਟ ਹੀ ਜਾਂਦਾ ਹੈ ਪਰ ਇਸ ਵਾਰ ਸਮੇਂ ਤੋਂ ਪਹਿਲਾਂ ਇਹ ਅਚਾਨਕ ਪੱਤਣ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਰਾਵੀ ਦਰਿਆ ਦੇ ਪਾਰਲੇ ਪਾਸੇ ਦੇ ਸੱਤ ਪਿੰਡਾਂ ਦਾ ਬਿਲਕੁਲ ਲਿੰਕ ਟੁੱਟ ਗਿਆ ਹੈ।
ਕਿਉਂਕਿ ਸਵੇਰੇ ਤੜਕਸਾਰ ਦੇ ਕਰੀਬ ਪਾਣੀ ਦਾ ਪੱਧਰ ਤੇਜੀ ਨਾਲ ਵਧਿਆ ਤੇ ਪੁਲ ਦੇ ਅਗਲੇ ਪਾਸਿਓਂ ਪੁਲ ਦਾ ਕੁਝ ਹਿੱਸਾ ਪਾਣੀ ਦੀ ਲਪੇਟ ਵਿੱਚ ਆਉਣਾ ਕਾਰਨ ਰੁੜ੍ਹ ਗਿਆ ਹੈ। ਪਾਣੀ ਤੇਜ਼ ਹੋਣ ਕਰਕੇ ਕਿਸ਼ਤੀ ਵੀ ਬਿਲਕੁਲ ਬੰਦ ਹੈ ਜਿਸ ਕਾਰਨ ਪਾਰਲੇ ਪਾਸੇ ਵਸੇ ਲੋਕ ਪੁਲ ਨੂੰ ਪਾਰ ਕਰਨ ਲਈ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਰਹੇ ਹਨ।
ਸਕੂਟਰ ,ਮੋਟਰਸਾਈਕਲ, ਸਾਈਕਲ ਸਮੇਤ ਲੋਹੇ ਦੇ ਗਾਡਰ ਤੋਂ ਲੰਘ ਕੇ ਉਹ ਪੁਲ ਨੂੰ ਪਾਰ ਕਰ ਰਹੇ ਹਨ। ਜਦਕਿ ਕੁਝ ਲੋਕ ਆਪਣੇ ਘਰਾਂ ਨੂੰ ਜਾਣ ਲਈ ਇਸ ਪਾਰ ਹੀ ਫਸੇ ਹੋਏ ਹਨ। ਉੱਥੇ ਹੀ ਪਾਰਲੇ ਪਾਸੇ ਇੱਕ ਪਿੰਡ ਤੇ ਇੱਕ ਪਰਿਵਾਰ ਵਿੱਚ ਵਿਆਹ ਸਮਾਗਮ ਸੀ ਜਿਸ ਵਿੱਚ ਸਾਰੇ ਮਹਿਮਾਨ ਵੀ ਹਿੱਸਾ ਨਹੀਂ ਲੈ ਸਕੇ।