ਗੁੰਮਟੀ ਜਮੀਨ ਮਾਮਲਾ: ਕਿਸਾਨਾਂ ਅਤੇ ਬਠਿੰਡਾ ਪ੍ਰਸ਼ਾਸਨ ਵਿਚਕਾਰ ਬੇਸਿੱਟਾ ਰਹੀ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 28 ਫਰਵਰੀ 2025 :ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਅਤੇ ਪ੍ਰਸ਼ਾਸਨ ਵਿਚਕਾਰ ਰਾਮਪੁਰਾ ਹਲਕੇ ਦੇ ਪਿੰਡ ਗੁੰਮਟੀ ਕਲਾਂ ਦੀ ਜਮੀਨ ਨੂੰ ਲੈ ਕੇ ਹੋਈ ਮੀਟਿੰਗ ਬੇਸਿੱਟਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀ ਨੇ ਆਪਣੇ ਤੇਵਰ ਤਿੱਖੇ ਕਰ ਲਏ ਹਨ। ਕਿਸਾਨ ਜਥੇਬੰਦੀ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੀਤੇ ਕੱਲ ਪਿੰਡ ਗੁੰਮਟੀ ਕਲਾਂ ਵਿਖੇ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀ ਜਮੀਨ ਜਬਰੀ ਅਕੁਾਇਰ ਕਰਨ ਦੇ ਮਾਮਲੇ ਵਿੱਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਨੂੰ ਵਾਹੁਣ ਆਏ ਪ੍ਰਸ਼ਾਸਨ ਦਾ ਵਿਰੋਧ ਕਰਦੇ ਕਿਸਾਨ ਗ੍ਰਿਫਤਾਰ ਕਰ ਲਏ ਸਨ ਜਿਨਾਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਗਤਾ ਭਾਈ ਨੇ ਮੋਰਚਾ ਲਾਉਣ ਉਪਰੰਤ ਰਿਹਾਅ ਕਰਵਾ ਲਿਆ ਸੀ। ਇਸ ਮੌਕੇ ਪ੍ਰਸ਼ਾਸਨ ਨੇ ਕਿਸਾਨ ਜਥੇਬੰਦੀ ਨਾਲ ਮੀਟਿੰਗ ਤੈਅ ਕੀਤੀ ਸੀ ਜੋ ਜ਼ਿਲ੍ਹਾ ਪ੍ਰਧਾਨ ਸੂਬਾਈ ਆਗੂ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਏਡੀਸੀ ਬਠਿੰਡਾ ਨਾਲ ਜਮੀਨਾਂ ਅਕਵਾਇਰ ਕਰਨ ਦੇ ਮਸਲੇ ਤੇ ਕੀਤੀ ਗਈ ।
ਇਸ ਮੀਟਿੰਗ ਦੌਰਾਨ ਏਡੀਸੀ ਮੈਡਮ ਵੱਲੋਂ ਦਲੀਲ ਦਿੱਤੀ ਗਈ ਕਿ ਇਹ ਜਮੀਨ ਪੰਚਾਇਤੀ ਹੈ ਸਰਕਾਰ ਦੇ ਅੰਡਰ ਹੈ ਤੇ ਇਸ ਦਾ ਮਸਲਾ ਕੋਰਟ ਦੇ ਅੰਦਰ ਚੱਲ ਰਿਹਾ ਜਿਵੇਂ ਕੋਰਟ ਦਾ ਹੁਕਮ ਆਊ ਉਸ ਆਰਡਰ ਦੇ ਤਹਿਤ ਪ੍ਰਸ਼ਾਸਨ ਉਸ ਧਿਰ ਦੇ ਨਾਲ ਖੜੇਗਾ ਜਦੋਂ ਕਿ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਦਲੀਲ ਦਿੱਤੀ ਕਿ ਗੈਸ ਪਾਈਪ ਲਾਈਨ ਦੇ ਮਾਮਲੇ ਵਿੱਚ ਕੋਰਟ ਦਾ ਆਰਡਰ ਕਿਸਾਨਾਂ ਦੇ ਪੱਖ ਵਿੱਚ ਆਇਆ ਹੋਇਆ ਇਸ ਆਰਡਰ ਤੇ ਜਿਲਾ ਪ੍ਰਸ਼ਾਸਨ ਡੀਸੀ ਸਾਹਿਬ, ਜੋ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਹੈ ਉਸ ਨੂੰ ਲਾਗੂ ਕਰਨ ਤੋਂ ਕੰਨੀ ਕਤਰਾ ਰਿਹਾ ਹੈ। ਸਿਤਮਜਰੀਫੀ ਦੀ ਗੱਲ ਹੈ ਕਿ ਏਡੀਸੀ ਮੈਡਮ ਪੂਨਮ ਵੱਲੋਂ ਕਿਹਾ ਗਿਆ ਕਿ ਗੈਸ ਪਾਈਪ ਲਾਈਨ ਵਾਲੇ ਮਸਲੇ ਤੇ ਇਹ ਗੱਲ ਨਾ ਕੀਤੀ ਜਾਵੇ ਸਬੰਧਤ ਮਸਲੇ ਦੀ ਹੀ ਗੱਲ ਕਰੋ,ਜੋ ਮਸਲਾ ਕੋਰਟ ਨੇ ਕਿਸਾਨਾਂ ਦੇ ਹੱਕ ਵਿੱਚ ਦਿੱਤਾ ਹੋਇਆ।
ਕਿਸਾਨ ਆਗੂਆਂ ਨੇ ਦਲੀਲ ਦਿੱਤੀ ਕਿ ਜੇ ਮਸਲਾ ਕੋਰਟ ਦੇ ਵਿੱਚ ਚੱਲ ਰਿਹਾ ਹੈ ਤੇ ਉਸ ਕੋਰਟ ਦੇ ਫੈਸਲੇ ਤੋਂ ਬਾਅਦ ਹੀ ਕਬਜ਼ਾ ਲੈਣਾ ਤੇ ਕੰਮ ਵੀ ਉਸ ਤੋਂ ਬਾਅਦ ਹੀ ਸ਼ੁਰੂ ਕਰਨਾ ਚਾਹੀਦਾ ਸੀ ਜਦੋਂ ਕਿ ਪ੍ਰਸ਼ਾਸਨ ਨੇ ਧੱਕੇ ਦੇ ਨਾਲ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਵਾਹ ਦਿੱਤੀ।ਜ਼ਿਕਰ ਯੋਗ ਹੈ ਕਿ ਗੁੰਮਟੀ ਕਲਾਂ ਦੇ ਕਿਸਾਨਾਂ ਨੂੰ ਸੈਂਕੜੇ ਸਾਲਾਂ ਤੋਂ ਪੁੰਨ ਹੇਵਾ ਤਹਿਤ ਪੰਚਾਇਤੀ ਜਮੀਨ ਦਿੱਤੀ ਹੋਈ ਆ ਜਿਸ ਤੇ ਉਹ ਕਿਸਾਨ ਕਈ ਸਾਲਾਂ ਤੋਂ ਕਾਸ਼ਤ ਕਰਦੇ ਆ ਰਹੇ ਹਨ। ਜਦੋਂ ਕਿ ਪੰਚਾਇਤ ਪੀੜਤ ਧਿਰ ਦੇ ਨਾਲ ਖੜੀ ਹੈ ਤੇ ਉਹ ਲਗਾਤਾਰ ਇਸ ਗੱਲ ਦੀ ਗਵਾਹੀ ਦੇ ਰਹੀ ਹੈ ਕਿ ਇਹ ਪੀੜਿਤ ਕਿਸਾਨ ਪਿਛਲੇ ਤਿੰਨ ਪੀੜੀਆਂ ਤੋਂ ਇਹ ਜਮੀਨ ਤੇ ਖੇਤੀ ਕਰਦੇ ਆ ਰਹੇ ਹਨ ਤੇ ਕਾਸ਼ਤਕਾਰਾਂ ਨੂੰ ਉਹਨਾਂ ਦਾ ਮਾਲਕੀ ਹੱਕ ਮੁਆਵਜਾ ਮਿਲਣਾ ਚਾਹੀਦਾ ਹੈ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਇਕੱਤਰ ਹੋਏ ਗੁਮਟੀ ਕਲਾਂ ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਚੋਂ ਸਾਫ ਨਜ਼ਰ ਆ ਰਿਹਾ ਹੈ ਕਿ ਸਰਕਾਰ ਪ੍ਰਸ਼ਾਸਨ ਕਾਰਪੋਰੇਟਾਂ ਜਗੀਰਦਾਰਾਂ ਦੇ ਹੱਕ ਵਿੱਚ ਹਮੇਸ਼ਾ ਭੁਗਤਦਾ ਆਇਆ ਤੇ ਹੁਣ ਵੀ ਭੁਗਤੇਗਾ। ਉਹਨਾਂ ਕਿਹਾ ਕਿ ਇਹ ਅਮਲ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸੰਘਰਸ਼ ਤੇਜ਼ ਨਹੀਂ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਜਿਉਂਦ ਪਿੰਡ ਵਿੱਚ ਵੀ ਇਸੇ ਤਰਾਂ ਹੀ ਤਿੰਨ ਪੀੜੀਆਂ, 1907 ਤੋਂ ਕਿਸਾਨ ਮੁਜਾਰਿਆਂ ਦੇ ਰੂਪ ਚ ਕਾਸ਼ਤ ਕਰਦੇ ਆ ਰਹੇ ਹਨ ਤੇ ਅੱਜ ਤੀਕਰ ਸਰਕਾਰਾਂ ਤੇ ਕੋਰਟਾਂ ਦੇ ਫੈਸਲੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਮਾਲਕੀ ਹੱਕ ਨਹੀਂ ਦਿੱਤੇ ਗਏ ਗੁਮਟੀ ਕਲਾਂ ਦਾ ਵੀ ਮਸਲਾ ਉਸੇ ਤਰਾਂ ਦਾ ਹੀ ਮਸਲਾ ਹੈ ਕਿ ਜੋ ਕਿਸਾਨ ਤਿੰਨ ਪੀੜੀਆਂ ਤੋਂ ਇਸ ਜਮੀਨ ਤੇ ਕਾਸ਼ਤ ਕਰਦੇ ਆ ਰਹੇ ਆ ਖੇਤੀ ਕਰਦੇ ਆ ਰਹੇ ਉਹਨਾਂ ਨੂੰ ਹੁਣ ਤੱਕ ਮਾਲਕੀ ਹੱਕ ਨਾ ਦੇਣੇ ਜੰਗੀਰਦਾਰਾਂ ਨਾਲ ਹੇਜ ਨੰਗਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਜਿਉਂਦ ਦੀ ਤਰ੍ਹਾਂ ਗੁਮਟੀ ਕਲਾ ਵੀ ਇਸ ਮਸਲੇ ਤੇ ਡੱਟ ਕੇ ਖੜ ਜਾਵੇ ਬਲਾਕ ਕਮੇਟੀ, ਜ਼ਿਲ੍ਹਾ ਕਮੇਟੀ ਤੁਹਾਡੇ ਨਾਲ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਡੱਟੀ ਰਹੇਗੀ।ਇਸ ਮੀਟਿੰਗ ਵਿੱਚ ਸ਼ਿੰਗਾਰਾ ਸਿੰਘ ਮਾਨ ਤੋਂ ਇਲਾਵਾ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ, ਹਰਜੀਤ ਸਿੰਘ ਗੁੰਮਟੀ ਕਲਾਂ,ਭੀਮ ਸਿੰਘ ਗੁੰਮਟੀ ਕਲਾਂ, ਹਰਨੇਕ ਸਿੰਘ ਗੁੰਮਟੀ, ਗੁਰਦਿੱਤ ਸਿੰਘ ਗੁੰਮਟੀ ਕਲਾਂ, ਮੌਜੂਦਾ ਸਰਪੰਚ ਬਲਜਿੰਦਰ ਸਿੰਘ ਰਵੀ ਗੁੰਮਟੀ ਕਲਾਂ ,ਪੀੜਿਤ ਧਿਰ ਤੇ ਸਮੁੱਚੀ ਪੰਚਾਇਤ ਗੁੰਮਟੀ ਕਲਾਂ ਹਾਜ਼ਰ ਸੀ।