ਪੰਜਾਬ 'ਚ ਨਸ਼ਿਆਂ ਖਿਲਾਫ਼ ਸਰਕਾਰੀ ਕਮੇਟੀ 'ਤੇ ਰਾਜਕੁਮਾਰ ਵੇਰਕਾ ਨੇ ਉਠਾਏ ਸਵਾਲ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ "War on Drugs" ਤਹਿਤ ਬਣਾਈ ਗਈ ਕਮੇਟੀ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਡਾ. ਰਾਜਕੁਮਾਰ ਵੇਰਕਾ ਨੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਪੰਜਾਬ 'ਚ ਨਸ਼ੇ ਨੂੰ ਰੋਕਣ 'ਚ ਅਸਫ਼ਲ ਰਹੀ ਹੈ।
ਵੇਰਕਾ ਨੇ ਦੋਸ਼ ਲਗਾਇਆ ਕਿ ਹਰ ਪਿੰਡ, ਹਰ ਸ਼ਹਿਰ ਅਤੇ ਘਰ-ਘਰ 'ਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਕਮੇਟੀਆਂ ਬਣਾਉਣ ਨਾਲ ਕੁਝ ਨਹੀਂ ਹੋਵੇਗਾ, ਜਦ ਤਕ ਇਹ ਜਮੀਨੀ ਪੱਧਰ 'ਤੇ ਉਤਰੀਆਂ ਨਹੀਂ ਜਾਂਦੀਆਂ। ਸਰਕਾਰ ਕਹਿ ਰਹੀ ਹੈ ਕਿ ਹਰ ਪਿੰਡ 'ਚ ਕਮੇਟੀ ਜਾਵੇਗੀ, ਪਰ ਇਹ ਹਾਲਾਤ 'ਚ ਕੋਈ ਬਦਲਾਵ ਨਹੀਂ ਲਿਆ ਸਕੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇਸ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਪਰ ਇਹ ਵੀ ਸਵਾਲ ਚੁੱਕਿਆ ਕਿ ਪੰਜਾਬ ਭਰ ਦੇ 12 ਹਜ਼ਾਰ ਤੋਂ ਵੱਧ ਪਿੰਡਾਂ 'ਚ ਕਮੇਟੀ ਅਜੇ ਤਕ ਨਹੀਂ ਪਹੁੰਚੀ। ਉਨ੍ਹਾਂ ਪੁੱਛਿਆ ਕਿ ਆਖ਼ਿਰ ਕਿਵੇਂ ਇਹ ਕਮੇਟੀ ਹਰ ਪਿੰਡ 'ਚ ਜਾ ਸਕੇਗੀ?
ਵੇਰਕਾ ਨੇ ਲੁਧਿਆਣਾ 'ਚ ਨਸ਼ਾ ਤਸਕਰਾਂ ਦੀ ਨਜਾਇਜ਼ ਸੰਪਤੀ 'ਤੇ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਆਰੋਪ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਨਕਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ 'ਤੇ ਕਾਰਵਾਈ ਕਰਨੀ ਜ਼ਰੂਰੀ ਹੈ, ਪਰ ਇਹ ਸਿਰਫ਼ ਕਾਨੂੰਨੀ ਤਰੀਕੇ ਨਾਲ ਹੀ ਹੋਣੀ ਚਾਹੀਦੀ ਹੈ।