ਮੁੱਖ ਮੰਤਰੀ ਦੇ ਓ.ਐਸ.ਡੀ ਵੱਲੋਂ ਧੂਰੀ ਹਲਕੇ ਦੇ ਡੇਢ ਦਰਜਨ ਦੇ ਕਰੀਬ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ
- ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਨਾਲੋਂ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਸੁਖਵੀਰ ਸਿੰਘ ਸੁੱਖੀ
ਦਲਜੀਤ ਕੌਰ
ਮੂਲੋਵਾਲ/ਧੂਰੀ, 1 ਮਾਰਚ, 2025: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਧਾਨ ਸਭਾ ਹਲਕਾ ਧੂਰੀ ਅਧੀਨ ਆਉਂਦੇ ਬਲਾਕ ਧੂਰੀ ਅਤੇ ਬਲਾਕ ਸ਼ੇਰਪੁਰ ਦੇ ਪਿੰਡਾਂ ਵਿੱਚ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੜਾਅਵਾਰ ਸਮੀਖਿਆ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
ਅੱਜ ਪਿੰਡ ਮੂਲੋਵਾਲ ਵਿਖੇ ਮੁੱਖ ਮੰਤਰੀ ਦੇ ਓ.ਐਸ.ਡੀ ਸੁਖਵੀਰ ਸਿੰਘ ਸੁੱਖੀ ਦੀ ਪ੍ਰਧਾਨਗੀ ਹੇਠ ਡੇਢ ਦਰਜਨ ਦੇ ਕਰੀਬ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵਿਸਤ੍ਰਿਤ ਸਮੀਖਿਆ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਉਦਯੋਗ ਨਿਗਮ ਦੇ ਚੇਅਰਮੈਨ ਦਲਬੀਰ ਸਿੰਘ ਢਿੱਲੋ, ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਖਚੈਨ ਸਿੰਘ ਪਾਪੜਾ, ਐਸ.ਡੀ.ਐਮ ਵਿਕਾਸ ਹੀਰਾ, ਐਸ.ਪੀ ਮਨਦੀਪ ਸਿੰਘ ਸਮੇਤ ਹੋਰ ਪ੍ਰਸ਼ਾਸਨਿਕ ਅਤੇ ਰਾਜਸੀ ਸ਼ਖਸ਼ੀਅਤਾਂ ਦੇ ਨਾਲ ਨਾਲ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਸਰਪੰਚ ਤੇ ਮੈਂਬਰ ਸ਼ਾਮਿਲ ਹੋਏ ਅਤੇ ਪਿਛਲੇ ਮਹੀਨਿਆਂ ਦੌਰਾਨ ਮੁਕੰਮਲ ਹੋਏ ਵਿਕਾਸ ਕੰਮਾਂ ਅਤੇ ਮੌਜੂਦਾ ਕਾਰਜਾਂ ਦੀ ਪ੍ਰਗਤੀ ਬਾਰੇ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਓ.ਐਸ.ਡੀ ਸੁਖਵੀਰ ਸਿੰਘ ਸੁੱਖੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਨਾਲੋ ਨਾਲ ਨਿਪਟਾਰਾ ਕਰਨ ਵਿੱਚ ਪੂਰੀ ਦਿਲਚਸਪੀ ਦਿਖਾਈ ਜਾਵੇ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਜਮੀਨੀ ਪੱਧਰ ਉੱਤੇ ਪਹੁੰਚਾਉਣ ਲਈ ਜਾਗਰੂਕਤਾ ਅਭਿਆਨ ਜਾਰੀ ਰੱਖਿਆ ਜਾਵੇ। ਉਹਨਾਂ ਦੱਸਿਆ ਕਿ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਵੀ ਕਮੀ ਨਹੀਂ ਹੈ।
ਇਸ ਮੌਕੇ ਚੇਅਰਮੈਨ ਦਲਬੀਰ ਸਿੰਘ ਢਿੱਲੋ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਧੂਰੀ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਇਨੀ ਦਿਨੀ ਵੱਡੇ ਪੱਧਰ 'ਤੇ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਰੋਜ਼ਾਨਾ ਦੇ ਆਧਾਰ 'ਤੇ ਇਹਨਾਂ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
ਮੀਟਿੰਗ ਦੌਰਾਨ ਮੌਜੂਦ ਵਿਭਾਗੀ ਅਧਿਕਾਰੀਆਂ ਅਤੇ ਕਾਰਜਕਾਰੀ ਏਜੰਸੀਆਂ ਤੋਂ ਵਿਕਾਸ ਕੰਮਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਨਿਰਧਾਰਿਤ ਸਮਾਂ ਸੀਮਾ ਮੁਤਾਬਕ ਵਿਕਾਸ ਕੰਮ ਨੇਪਰੇ ਚੜਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ।