ਮਨੁੱਖੀ ਤਸਕਰੀ ਵਿੱਚ ਸ਼ਾਮਿਲ 24 ਟਰੈਵਲ ਏਜੰਟਾਂ ਵਿਰੁੱਧ ਹੋਈਆਂ ਐਫਆਈਆਰ ਦਰਜ- ਧਾਲੀਵਾਲ
- ਪਨਾਮਾ ਵਿੱਚ ਭੇਜੇ ਗਏ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹੈ ਪੰਜਾਬ ਸਰਕਾਰ
ਅੰਮ੍ਰਿਤਸਰ 28 ਫਰਵਰੀ 2025 - ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਨੁੱਖੀ ਤਸਕਰੀ ਵਿੱਚ ਸ਼ਾਮਿਲ ਟਰੈਵਲ ਏਜੰਟਾਂ ਵਿਰੁੱਧ ਵਿੱਢੀ ਗਈ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਹੁਣ ਤੱਕ 1274 ਸਥਾਨਾਂ ਉੱਤੇ ਚੈਕਿੰਗ ਕੀਤੀ ਹੈ ਅਤੇ ਇਹਨਾਂ ਵਿੱਚੋਂ 24 ਟਰੈਵਲ ਏਜੰਟਾਂ ਵਿਰੁੱਧ ਪੁਲਿਸ ਕੇਸ ਦਰਜ ਕੀਤੇ ਗਏ ਹਨ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਉਹਨਾਂ ਦੱਸਿਆ ਕਿ 5 ਫਰਵਰੀ, ਜਿਸ ਦਿਨ ਤੋਂ ਅਮਰੀਕਾ ਨੇ ਗੈਰ ਕਾਨੂੰਨੀ ਢੰਗ ਨਾਲ ਰਹੇ ਰਹੇ ਪ੍ਰਵਾਸੀ ਭਾਰਤੀਆਂ ਨੂੰ ਵਾਪਸ ਭੇਜਣਾ ਸ਼ੁਰੂ ਕੀਤਾ ਹੈ, ਤੋਂ ਲੈ ਕੇ ਹੁਣ ਤੱਕ ਕੀਤੀ ਗਈ ਇਸ ਕਾਰਵਾਈ ਦੌਰਾਨ 7 ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵੱਲੋਂ ਸਾਰੇ ਅਧਿਕਾਰੀਆਂ ਅਤੇ ਪੁਲਿਸ ਨੂੰ ਇਸ ਬਾਬਤ ਸਖਤ ਨਿਰਦੇਸ਼ ਹਨ ਕਿ ਜੋ ਵੀ ਵਿਅਕਤੀ ਮਨੁੱਖੀ ਤਸਕਰੀ ਵਿੱਚ ਸ਼ਾਮਿਲ ਪਾਇਆ ਜਾਂਦਾ ਹੈ, ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਸ ਧਾਲੀਵਾਲ ਨੇ ਦੱਸਿਆ ਕਿ ਹੁਣ ਤੱਕ ਅਮਰੀਕਾ ਵਿੱਚੋਂ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 337 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ ਜਿਨਾਂ ਵਿੱਚੋਂ 131 ਪੰਜਾਬੀ ਮੂਲ ਦੇ ਹਨ। ਉਹਨਾਂ ਦੱਸਿਆ ਕਿ ਦੋ ਦਿਨ ਪਹਿਲਾਂ ਵੀ ਵਾਇਆ ਪਨਾਮਾ ਕੁਝ ਪ੍ਰਵਾਸੀ ਭਾਰਤੀ ਭਾਰਤ ਪਹੁੰਚੇ ਹਨ ਅਤੇ ਉਹਨਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਉੱਤੇ ਪੰਜਾਬ ਸਰਕਾਰ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਭੇਜ ਕੇ ਬੇਨਤੀ ਕੀਤੀ ਹੈ ਕਿ ਪਨਾਮਾ ਵਿੱਚ ਅਮਰੀਕਾ ਵੱਲੋਂ ਭੇਜੇ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚੋਂ ਕਿੰਨੇ ਭਾਰਤੀ ਹਨ ? ਕਿੰਨੇ ਪੰਜਾਬੀ ਹਨ? ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਜੇਕਰ ਭਾਰਤ ਸਰਕਾਰ ਉਹਨਾਂ ਨੂੰ ਵਾਪਸ ਭਾਰਤ ਲਿਆਉਣ ਲਈ ਸਾਡੀ ਕੋਈ ਮਦਦ ਚਾਹੁੰਦੀ ਹੈ ਤਾਂ ਅਸੀਂ ਦੇਣ ਲਈ ਤਿਆਰ ਹਾਂ।
ਉਹਨਾਂ ਕਿਹਾ ਕਿ ਇਹ ਲੋਕ ਸਾਡੇ ਆਪਣੇ ਹਨ, ਕੋਈ ਅਪਰਾਧੀ ਨਹੀਂ। ਇਹਨਾਂ ਲੋਕਾਂ ਨੂੰ ਠੱਗ ਟਰੈਵਲ ਏਜੰਟਾਂ ਵੱਲੋਂ ਆਪਣੀਆਂ ਗੱਲਾਂ ਰਾਹੀਂ ਉਲਝਾਇਆ ਗਿਆ ਹੈ। ਇਹਨਾਂ ਨੇ ਲੱਖਾਂ ਕਰੋੜਾਂ ਰੁਪਏ ਗਵਾਏ ਹਨ, ਕਈ ਦਿਨਾਂ ਦੇ ਤਸ਼ੱਦਦ ਵੀ ਝੱਲੇ ਹਨ ਅਤੇ ਇਹਨਾਂ ਨਾਲ ਸਾਡੀ ਦਿਲੀ ਹਮਦਰਦੀ ਹੈ। ਕੱਲ ਭਾਜਪਾ ਨੇਤਾ ਸ੍ਰੀ ਮਨੋਹਰ ਲਾਲ ਖੱਟਰ ਵੱਲੋਂ ਇਨਾਂ ਪ੍ਰਵਾਸੀਆਂ ਬਾਰੇ ਦਿੱਤੇ ਬਿਆਨ ਉੱਤੇ ਪ੍ਰਤੀਕਰਮ ਦਿੰਦੇ ਧਾਲੀਵਾਲ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੀ ਤਰਜਮਾਨੀ ਕਰਦੇ ਹੋਏ ਭਾਜਪਾ ਦੇ ਢਿੱਡ ਵਾਲੀ ਗੱਲ ਕਰ ਗਏ ਹਨ, ਜਦ ਕਿ ਸਾਡਾ ਮੰਨਣਾ ਹੈ ਕਿ ਅਜਿਹੇ ਕੇਸਾਂ ਵਿੱਚ ਹਮਦਰਦੀ ਨਾਲ ਵਿਚਾਰ ਕਰਨ ਦੀ ਲੋੜ ਹੈ।