ਕਰਮਜੀਤ ਅਨਮੋਲ ਦੇ ਗੰਨਮੈਨ ਤੋਂ ਲੁੱਟ: ਬੰਦੂਕ ਦੀ ਨੋਕ 'ਤੇ ਖੋਹੀ ਕਾਰ, ਅਗਵਾ ਕਰਕੇ ਏਟੀਐਮ ਤੋਂ ਪੈਸੇ ਕੱਢਵਾਏ ਫੇਰ ਛੱਡ ਕੇ ਹੋਏ ਫਰਾਰ
ਚੰਡੀਗੜ੍ਹ, 27 ਫਰਵਰੀ 2025 - ਪੰਜਾਬੀ ਕਲਾਕਾਰ ਤੇ ਗਾਇਕ ਕਰਮਜੀਤ ਅਨਮੋਲ ਦੇ ਗੰਨਮੈਨ ਸਰਬਪ੍ਰੀਤ ਸਿੰਘ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟਖੋਹ ਕਰਕੇ ਕਾਰ ਖੋਹਣ ਦੀ ਖ਼ਬਰ ਸਾਹਮਣੇ ਆਈ ਹੈ। ਅਣਪਛਾਤੇ ਵਿਅਕਤੀਆਂ ਵੱਲੋਂ ਘਟਨਾ ਨੂੰ ਲਾਂਡਰਾ ਦੇ ਮਜਾਤ ਇਲਾਕੇ ਨੇੜੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਉਨ੍ਹਾਂ ਨੇ ਸਰਬਪ੍ਰੀਤ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਅਤੇ ਉਸਦੀ ਕਾਰ ਵੀ ਖੋਹ ਲਈ ਅਤੇ ਉਸ ਨੂੰ ਖੰਨਾ ਲਿਆ ਕੇ ਸੁੱਟ ਕੇ ਫਰਾਰ ਹੋ ਗਏ।
ਬਾਅਦ ’ਚ ਸਰਬਪ੍ਰੀਤ ਸਿੰਘ ਕਾਰ ਵੀ ਪੁਲਿਸ ਜਾਂਚ ਦੌਰਾਨ ਦੀ ਕਾਰ ਜੋੜੇਪੁਲ ਨੇੜਿਓਂ ਮਿਲ ਗਈ ਹੈ। ਮੁਲਜ਼ਮਾਂ ਨੇ ਪਹਿਲਾਂ ਸਰਬਪ੍ਰੀਤ ਸਿੰਘ ਦੀ ਕਾਰ ਨੂੰ ਘੇਰ ਕੇ ਸਰਬਪ੍ਰੀਤ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਅਤੇ ਉਸਦੀ ਕਾਰ ਖੋਹ ਕੇ ਭੱਜ ਗਏ। ਸਰਬਪ੍ਰੀਤ ਨੂੰ ਜ਼ਖ਼ਮੀ ਹਾਲਤ ’ਚ ਖੰਨਾ ਵਿਖੇ ਸੁੱਟਿਆ ਗਿਆ ਜਿਸ ਕਾਰਨ ਉਸਨੂੰ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ ਗਿਆ।
ਹਸਪਤਾਲ ’ਚ ਜ਼ੇਰੇ ਇਲਾਜ ਸਰਬਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ’ਚ ਚੰਡੀਗੜ੍ਹ ਤੋਂ ਆਪਣੇ ਪਿੰਡ ਚੰਦੂਮਾਜਰਾ (ਪਟਿਆਲਾ) ਵਾਪਸ ਆ ਰਿਹਾ ਸੀ। ਰਸਤੇ ’ਚ ਉਸਦੀ ਕਾਰ ਦੇ ਅੱਗੇ ਇੱਕ ਫਾਰਚੂਨਰ ਕਾਰ ਆ ਕੇ ਰੁਕੀ ਤੇ ਉਸਦੀ ਕਾਰ ਘੇਰ ਲਈ ਗਈ। ਫਾਰਚੂਨਰ ’ਚੋਂ ਲੁਟੇਰਿਆਂ ਨੇ ਉਸਨੂੰ ਪਿਸਤੌਲ ਦੀ ਨੋਕ 'ਤੇ ਬਾਹਰ ਕੱਢਿਆ ਤੇ ਜ਼ਬਰਦਸਤੀ ਆਪਣੀ ਕਾਰ ’ਚ ਬਿਠਾ ਲਿਆ। ਉਨ੍ਹਾਂ ਵਿੱਚੋਂ ਇੱਕ ਲੁਟੇਰਾ ਉਸਦੀ ਕਾਰ ਲੈ ਕੇ ਦੌੜ ਗਿਆ। ਫਾਰਚੂਨਰ ਸਵਾਰ ਉਸਨੂੰ ਆਪਣੇ ਨਾਲ ਲੈ ਗਏ। ਪਹਿਲਾਂ ਸਰਹਿੰਦ ’ਚ ਉਸਦੇ ਏਟੀਐਮ ’ਚੋਂ ਲਗਪਗ 9,500 ਰੁਪਏ ਕੱਢਵਾਏ ਗਏ। ਫਿਰ ਉਸ ਨੂੰ ਉਹ ਖੰਨਾ ਲੈ ਆਏ ਤੇ ਜਿੱਥੇ ਉਸਨੂੰ ਕਾਰ 'ਚੋਂ ਬਾਹਰ ਸੁੱਟ ਦਿੱਤਾ ਤੇ ਆਪ ਭੱਜ ਗਏ।
ਡੀਐੱਸਪੀ ਖੰਨਾ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਇਹ ਘਟਨਾ ਰਾਜਪੁਰਾ ਇਲਾਕੇ ’ਚ ਵਾਪਰੀ। ਖੰਨਾ ਪੁਲਿਸ ਵੱਲੋਂ ਉੱਥੋਂ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਅਗਲੀ ਜਾਂਚ ਰਾਜਪੁਰਾ ਪੁਲਿਸ ਵੱਲੋਂ ਕੀਤੀ ਜਾਵੇਗੀ। ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।