ਬੁੱਢਾ ਦਰਿਆ ਮੁੜ ਸੁਰਜੀਤੀਕਰਨ ਪ੍ਰੋਜੈਕਟ: ਡਾ. ਰਵਜੋਤ ਅਤੇ ਸੀਚੇਵਾਲ ਵੱਲੋਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ
- ਜ਼ਮੀਨੀ ਪੱਧਰ ’ਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਡੇਅਰੀ ਕੰਪਲੈਕਸ ਦਾ ਕੀਤਾ ਦੌਰਾ
ਚੰਡੀਗੜ੍ਹ/ਲੁਧਿਆਣਾ, 1 ਮਾਰਚ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ‘ਬੁੱਢਾ ਦਰਿਆ’ ਨੂੰ ਸਾਫ਼ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ਨੀਵਾਰ ਨੂੰ ’ਬੁੱਢਾ ਦਰਿਆ’ ਦੇ ਮੁੜ ਸੁਰਜੀਤੀਕਰਨ ਸਬੰਧੀ ਪ੍ਰੋਜੈਕਟ ਦਾ ਜਾਇਜ਼ਾ ਲਿਆ।
ਤਾਜਪੁਰ ਰੋਡ ਸਥਿਤ 225 ਐਮ.ਐਲ.ਡੀ. ਜਮਾਲਪੁਰ ਐਸ.ਟੀ.ਪੀ. ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ, ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਬੁੱਢਾ ਦਰਿਆ ਜਾਂ ਸੀਵਰ ਲਾਈਨਾਂ ਵਿੱਚ ਅਣਸੋਧਿਆ ਕੂੜਾ ਜਾਂ ਗੋਬਰ ਸੁੱਟਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ।
ਮੀਟਿੰਗ ਵਿੱਚ ਵਿਧਾਇਕ ਮਦਨ ਲਾਲ ਬੱਗਾ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਡੀ.ਸੀ. ਜਤਿੰਦਰ ਜੋਰਵਾਲ, ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡਚਲਵਾਲ ਸਮੇਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਭੂਮੀ ਸੰਭਾਲ, ਸਿੰਚਾਈ ਵਿਭਾਗ ਆਦਿ ਦੇ ਅਧਿਕਾਰੀ ਮੌਜੂਦ ਰਹੇ।
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਸੰਸਦ ਮੈਂਬਰ ਸੰਤ ਸੀਚੇਵਾਲ ਨੇ ਕਿਹਾ ਕਿ ਸੂਬਾ ਸਰਕਾਰ ‘ਬੁੱਢਾ ਦਰਿਆ’ ਨੂੰ ਮੁੜ ਸੁਰਜੀਤ ਕਰਨ ਲਈ ਨਿਰੰਤਰ ਅਤੇ ਗੰਭੀਰਤਾ ਨਾਲ ਯਤਨ ਕਰ ਰਹੀ ਹੈ। ਲੋਕਾਂ ਅਤੇ ਉਦਯੋਗਾਂ ਨੂੰ ਵੀ ਸਰਕਾਰ ਅਤੇ ਪ੍ਰਸ਼ਾਸਨ ਦਾ ਦਿਲੋਂ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਮਿੱਥਿਆ ਟੀਚਾ ਪ੍ਰਾਪਤ ਕੀਤਾ ਜਾ ਸਕੇ। ਸਰਕਾਰ ਜਾਂ ਅਧਿਕਾਰੀ ਕਿਸੇ ਵੀ ਉਦਯੋਗ ਦੇ ਵਿਰੁੱਧ ਨਹੀਂ ਹਨ, ਪਰ ਕਿਸੇ ਨੂੰ ਵੀ ਦਰਿਆ ਵਿੱਚ ਕੂੜਾ ਸੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਨਗਰ ਨਿਗਮ ਦੇ ਅਧਿਕਾਰੀਆਂ ਨੂੰ ਡੇਅਰੀ ਕੰਪਲੈਕਸਾਂ ਤੋਂ ਗੋਬਰ ਚੁੱਕਣ ਅਤੇ ਨਿਰਧਾਰਤ ਥਾਵਾਂ ’ਤੇ ਡੰਪ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ । ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਡੇਅਰੀ ਕੰਪਲੈਕਸਾਂ ਤੋਂ ਗੋਬਰ ਦੀ ਸੁਖਾਲੀ ਤੇ ਸੁਚੱਜੀ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਇੱਕ ਨਿੱਜੀ ਠੇਕੇਦਾਰ ਨੂੰ ਨਿਯੁਕਤ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ ।
ਸੰਸਦ ਮੈਂਬਰ ਸੀਚੇਵਾਲ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿੱਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦਾ ਬੁੱਢਾ ਦਰਿਆ ਨੂੰ ਸਾਫ਼ ਕਰਨ ਸਬੰਧੀ ਪ੍ਰੋਜੈਕਟ ਦਾ ਜਾਇਜ਼ਾ ਲੈਣ ਲਈ ਇਹ 8ਵਾਂ ਦੌਰਾ ਸੀ, ਜੋ ਸਪੱਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਸਰਕਾਰ ਪ੍ਰੋਜੈਕਟ ਪ੍ਰਤੀ ਕਿੰਨੀ ਗੰਭੀਰ ਤੇ ਸੁਹਿਰਦ ਹੈ।
ਬਾਅਦ ਵਿੱਚ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਸੰਸਦ ਮੈਂਬਰ ਸੰਤ ਸੀਚੇਵਾਲ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਤਾਜਪੁਰ ਰੋਡ ਡੇਅਰੀ ਕੰਪਲੈਕਸ ਦਾ ਦੌਰਾ ਵੀ ਕੀਤਾ। ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ। ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਉਸ ਥਾਂ ਦਾ ਵੀ ਦੌਰਾ ਕੀਤਾ ਜਿੱਥੇ ਸੰਸਦ ਮੈਂਬਰ ਸੀਚੇਵਾਲ ਦੀ ਅਗਵਾਈ ਹੇਠ ‘ਕਾਰ ਸੇਵਾ’ ਤਹਿਤ ਦਰਿਆ ਦੇ ਕੰਢੇ ’ਤੇ ‘ਇਸ਼ਨਾਨ ਘਾਟ’ ਸਥਾਪਿਤ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਸੰਸਦ ਮੈਂਬਰ ਸੀਚੇਵਾਲ ਨੇ ਲੋਕਾਂ ਅਤੇ ਉਦਯੋਗਾਂ ਨੂੰ ਬੁੱਢਾ ਦਰਿਆ ਦੀ ਸਫਾਈ ਵਿੱਚ ਅਧਿਕਾਰੀਆਂ ਨੂੰ ਸੁਹਿਰਦ ਸਮਰਥਨ ਦੇਣ ਦੀ ਅਪੀਲ ਕੀਤੀ।