ਸਨਮਾਨ ਸਮਾਰੋਹ ਤੇ ਵਿਸ਼ੇਸ਼
ਲੋਕ ਫਿਕਰਾਂ ਦਾ ਸ਼ਾਇਰ - ਸੁਰਿੰਦਰਪ੍ਰੀਤ ਘਣੀਆਂ ---- ਅਸ਼ੋਕ ਵਰਮਾ
ਬਠਿੰਡਾ, 28 ਫਰਵਰੀ 2025: ਲੋਕ ਫਿਕਰਾਂ ਦੇ ਸ਼ਾਇਰ ਵਜੋਂ ਜਾਣਿਆਂ ਜਾਂਦਾ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਅੱਜਕਲ੍ਹ ਉਸਦਾ ਵੱਡੇ ਗ਼ਜ਼ਲਕਾਰਾਂ ਵਿੱਚ ਸ਼ਮੂਰ ਹੋ ਚੁੱਕਾ ਹੈ। ਪੰਜਾਬੀ ਗ਼ਜ਼ਲ ਨੇ ਉਹ ਜਮੂਦ ਵੀ ਭੰਨ ਵਗਾਹਿਆ ਹੈ, ਜਿਸ ਵਿੱਚ ਕਿਹਾ ਜਾਂਦਾ ਸੀ ਕਿ ਗ਼ਜ਼ਲ ਵਿੱਚ ਤਾਂ ਕੇਵਲ ਸੁਹਣੀ ਕੁੜੀ ਦੀ ਗੱਲ ਹੀ ਕੀਤੀ ਜਾਂਦੀ ਹੈ ਕਿਉਂਕਿ ਗ਼ਜ਼ਲ ਦੇ ਅਰਥ ਹੀ ਸੁਹਣੀ ਕੁੜੀ ਨਾਲ ਗੱਲਾਂ ਕਰਨਾ ਹੈ। ਹੁਣ ਗ਼ਜ਼ਲ ਨੇ ਸੁਹਣੀ ਕੁੜੀ ਦੀ ਥਾਂ ਸੁਹਣੀ ਜ਼ਿੰਦਗੀ ਸ਼ਬਦ ਅੰਕਿਤ ਕਰ ਕੇ ਗ਼ਜ਼ਲ ਦਾ ਮੁਹਾਂਦਰਾ ਹੀ ਤਬਦੀਲ ਕਰ ਦਿੱਤਾ ਹੈ।ਪੰਜਾਬੀ ਗ਼ਜ਼ਲ ਦਾ ਇਹ ਲੋਕ ਪੱਖੀ ਮੁਹਾਵਰਾ ਸਿਰਜਣ ਅਤੇ ਨਕਸ਼ਾਂ ਨੂੰ ਸੰਵਾਰਨ ਵਿੱਚ ਸ਼ਾਇਰ ਘਣੀਆਂ ਦਾ ਵੀ ਵਿਸ਼ੇਸ਼ ਯੋਗਦਾਨ ਹੈ ।ਕਿਹਾ ਜਾ ਸਕਦਾ ਹੈ ਕਿ ਪੰਜਾਬੀ ਗ਼ਜ਼ਲ ਵਿੱਚ ਰੁਮਾਂਸ ਵੀ ਸਹਿਜ ਰੁਮਾਂਸ ਵਜੋਂ ਹੀ ਪੇਸ਼ ਹੁੰਦਾ ਹੈ।
ਜਦੋਂ ਤੋਂ ਸੁਰਿੰਦਰਪ੍ਰੀਤ ਘਣੀਆਂ ਨਾਲ਼ ਮੇਰਾ ਵਾਹ ਪਿਆ ਹੈ ਮੈਂ ਸਭ ਉਤਰਾਵਾਂ ਚੜ੍ਹਾਵਾਂ ਤੋਂ ਉੱਪਰ ਉਠਦੇ, ਪ੍ਰਗਤੀਸ਼ੀਲ ਵਿਕਾਸ ਮਾਰਗ 'ਤੇ ਕਦਮ ਕਦਮ ਅੱਗੇ ਵੱਧਦੇ ਸੁਰਿੰਦਰਪ੍ਰੀਤ ਘਣੀਆਂ ਨੂੰ ਵੇਖਿਆ ਹੈ। ਮੈਂ ਹਮੇਸ਼ਾ ਉਸਨੂੰ ਉਸਦੀ ਸ਼ਾਇਰੀ ਦੀ ਪਰਿਜ਼ਮ ਦੇ ਹਰ ਕੋਣ ਦੇ ਰੰਗਾਂ 'ਚੋਂ ਵੇਖਿਆ ਹੈ। ਉਹ ਸੁਹਣੀ ਜ਼ਿੰਦਗੀ ਦਾ ਚਿਤੇਰਾ ਬਣ ਕੇ ਗ਼ਜ਼ਲਕਾਰੀ ਕਰਦਾ ਹੈ।ਉਸ ਦੀ ਸ਼ਾਇਰੀ ਵਿੱਚੋਂ ਰੁਮਾਂਸ ਵੀ ਰੂਹਾਂ ਵਿਚਲੀ ਸੂਖਮ ਜਿਹੀ ਮਹਿਕ ਬਣ ਕੇ ਹੀ ਝਰਦਾ ਹੈ। ਸ਼ਿਅਰ ਕਹਿਣ ਦੀ ਬੇਬਾਕੀ ਉਸਦੀ ਗ਼ਜ਼ਲ ਦਾ ਸ਼ਲਾਘਾਯੋਗ ਹਾਸਲ ਹੈ। ਉਸਦੀ ਸ਼ਾਇਰੀ ਵਿੱਚ ਗ਼ਜ਼ਬ ਦਾ ਕਟਾਖਸ਼ ਵੇਖਿਆ ਜਾ ਸਕਦਾ ਹੈ-
"ਜ਼ਮੀਨਾਂ ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ ਵਿਕੀਆਂ।
ਬੜੀ ਥੋੜ੍ਹੀ ਜ੍ਹੀ ਕੀਮਤ 'ਤੇ ਨੇ ਵੱਡੀਆਂ ਹਸਤੀਆਂ ਵਿਕੀਆਂ।"
"ਨਾ ਬੰਦਾ, ਨਾ ਪਰਿੰਦਾ ਨਜ਼ਰ ਆਉਂਦਾ ਹੈ ਕਿਤੇ ਵੀ,
ਜਿੱਧਰ ਵੀ ਦੇਖੋ,ਓਧਰ ਫੌਜਾਂ ਮਾਰਚ ਕਰਦੀਆਂ ਨੇ।"
ਘਣੀਆਂ ਨਿਰਾਪੁਰਾ ਸੁਪਨਸਾਜ਼ ਨਹੀਂ, ਸਗੋਂ ਉਹ ਜ਼ਿੰਦਗੀ ਦੇ ਠੋਸ ਧਰਾਤਲ 'ਤੇ ਕਦਮ ਟਿਕਾ ਕੇ ਬੇਖੌਫ਼ ਹੋ ਕੇ ਆਪਣੀ ਗੱਲ ਕਹਿਣ ਦਾ ਜੇਰਾ ਰੱਖਦਾ ਹੈ। ਸ਼ਿਅਰ ਦੇਖੋ-
"ਗੱਤੇ ਦੀ ਤਲਵਾਰ ਨੇ ਕੁੱਝ ਵੀ ਕਰਨਾ ਨਹੀਂ,
ਲੋਹਾ ਚਾਹੀਦਾ ਹੈ ਲੋਹਾ ਕੱਟਣ ਲਈ।"
ਉਸਨੂੰ ਕਿਸਾਨੀ ਦੀ ਮੰਦਹਾਲੀ ਦਾ ਵੀ ਅਹਿਸਾਸ ਹੈ। ਖੇਤਾਂ ਦੇ ਹਰ ਓਰੇ ਵਿੱਚ ਸਰਕਾਰੀ ਨੀਤੀਆਂ ਨੇ ਮੌਤ ਦੀ ਫ਼ਸਲ ਬੀਜਣ ਦਾ ਹੀ ਕੰਮ ਕੀਤਾ ਹੈ। ਮੁਲਕ ਨੂੰ ਵਿਸ਼ਵੀਕਰਨ, ਵਪਾਰੀਕਰਨ, ਨਿੱਜੀਕਰਨ ਦੀ ਨੀਤੀ ਅਧੀਨ ਬਹੁਕੌਮੀ ਕਾਰਪੋਰੇਸ਼ਨਾਂ ਦੀ ਝੋਲ਼ੀ ਪਾਉਣ ਦੀ ਠਾਣ ਲਈ ਹੈ-
"ਟਾਹਲੀ ਉੱਤੇ ਲਾਸ਼ ਲਮਕ ਰਹੀ ਖੇਤਾਂ ਦੀ,
ਖੇਤਾਂ ਵਿੱਚ ਹੁਣ ਲੋੜ ਕੀ ਡਰਨਾ ਗੱਡਣ ਦੇ।
ਨਵੀਆਂ-ਨਵੀਆਂ ਚਾਲਾਂ ਹਾਕਮ ਚੱਲਦੈ ਰੋਜ਼,
ਬਿਨਾਂ ਕਟਾਰੋਂ ਗਲ਼ੇ ਅਸਾਡੇ ਕੱਟਣ ਲਈ।"
ਕਰੋਨਾ ਕਾਲ ਦੌਰਾਨ ਅਸੀਂ ਆਪਣੀਆਂ ਅੱਖਾਂ ਨਾਲ ਲੋਕ ਮਾਨਸ ਦਾ ਉਜਾੜਾ, ਬਰਬਾਦੀ ਦੇਖ ਚੁੱਕੇ ਹਾਂ ਜਿਸ ਦੀ ਚੀਸ ਇਸ ਸ਼ਿਅਰ ਵਿੱਚੋਂ ਮਹਿਸੂਸੀ ਜਾ ਸਕਦੀ ਹੈ-
"ਸਿਵਿਆਂ ਦੀ ਅੱਗ ਪਹਿਲਾਂ ਨਾਲੋਂ ਹੋਈ ਤੇਜ਼,
ਚੁੱਲ੍ਹੇ ਪਹਿਲਾਂ ਤੋਂ ਵੱਧ ਰਹਿੰਦੇ ਠਰੇ ਠਰੇ।
ਧਨਹੀਣਾਂ ਦੇ ਖਾਲੀ ਭਾਂਡੇ ਖੜਕ ਰਹੇ,
ਧਨਵਾਨਾਂ ਦੇ ਡੁੱਲ੍ਹਣ ਭਾਂਡੇ ਭਰੇ ਭਰੇ।" ਕਿਵੇਂ ਕਰੋਨਾ ਦਾ ਲਾਹਾ ਲੈਣ ਕੇ ਧਨਵਾਨਾਂ ਦੀਆਂ ਤਜੌਰੀਆਂ ਆਫਰਨ ਲੱਗੀਆਂ ਤੇ ਗਰੀਬ ਕਿਰਤੀ ਸੜਕਾਂ 'ਤੇ ਰੁਲ਼ਦੇ ਭੁੱਖਮਰੀ ਦਾ ਸ਼ਿਕਾਰ ਹੋਏ।
ਕਾਲ਼ਾ ਦੌਰ ਜੋ ਭਾਜਪਾ ਸਰਕਾਰ ਦੇ ਅੰਧ ਹਿੰਦੂ ਰਾਸ਼ਟਰਵਾਦ ਨੇ ਭਾਰਤ ਦੇ ਚੱਪੇ ਚੱਪੇ ਚੱਪੇ 'ਤੇ ਬਹੁਲਤਾਵਾਦੀ ਭਾਈਚਾਰਕ ਸਾਂਝ ਲਈ ਹਊਆ ਬਣਿਆ ਹੋਇਆ ਹੈ, ਦੀ ਵੰਨਗੀ ਦੇਖੋ-
"ਘਟਾ ਕਾਲ਼ੀ ਤੇ ਬਿਜਲੀ ਲਿਸ਼ਕਦੀ ਦਰਸਾ ਰਹੇ ਨੇ।
ਅਸਾਡੇ ਸਿਰ 'ਤੇ ਖ਼ਤਰੇ ਸ਼ੈਆਂ ਹੀ ਮੰਡਰਾ ਰਹੇ ਨੇ।
ਇਬਾਰਤ ਲਿਖ ਰਹੇਂ ਨੇ ਕਾਲ਼ੀ ਉਹ ਇਤਿਹਾਸ ਦੇ ਵਿੱਚ,
ਸੁਨਹਿਰੀ ਪੰਨਿਆਂ ਤੋਂ ਹਰਫ਼ ਸੂਹੇ ਢਾਹ ਰਹੇ ਨੇ।
"ਉਹਨਾਂ ਦਾ ਵੱਸ ਜੇ ਚੱਲਦਾ ਤਾਂ ਸਾਡੇ ਦਿਲ ਵੀ ਵੰਡ ਲੈਂਦੇ,
ਜਿਨ੍ਹਾਂ ਨੇ ਵੰਡ ਲਈ ਧਰਤੀ ਜਿਨ੍ਹਾਂ ਨੇ ਵੰਡ ਲਿਆ ਪਾਣੀ।"
ਹੋਰ ਵੀ ਕਮਾਲ ਹੈ ਜਦੋਂ ਘਣੀਆਂ ਕਿਸੇ ਵੀ ਸ਼ਾਇਰ ਦੁਬਾਰਾ ਅਣਛੋਹੇ ਬਿੰਬਾਂ ਨੂੰ ਆਪਣੀ ਸ਼ਾਇਰੀ ਵਿੱਚ ਵਰਤਕੇ ਵੱਡੀ ਅਰਥਭਰਪੂਰ ਗੱਲ ਕਹਿ ਜਾਂਦਾ ਹੈ-
"ਸਾਡੇ ਪੱਲੇ ਪੈਣ ਸਿੱਕਰੀਆਂ ਜਾਂ ਛਿਟੀਆਂ ਜਾਂ ਪਵੇ ਨਮੋਸ਼ੀ,
ਨਰਮਾ ਟੀਂਡਾ ਟੀਂਡਾ ਵੰਡਿਆ ਜਾਵੇ ਸ਼ਾਹੂਕਾਰਾਂ ਦੇ ਵਿੱਚ।"
"ਮੈਂ ਨਈਂ ਬੰਗਲਾ, ਕੋਠੀ, ਲਿਖਦਾ, ਨਾ ਮਹਿਲਾਂ ਦੇ ਲਿਖਾਂ ਕਸੀਦੇ।
ਮੈਂ ਆਪਣੇ ਸ਼ਿਅਰਾਂ ਵਿੱਚ ਢੱਠੀਆਂ ਕੰਧਾਂ ਅਤੇ ਸਬਾਤਾਂ ਲਿਖਦਾਂ।"
ਉਸਦੀ ਸ਼ਾਇਰੀ ਨਿਰੰਤਰ ਸੰਗਰਾਮ ਦੀ ਬਾਤ ਪਾਉਂਦੀ ਹੈ-
"ਸੂਲੀ ਚੜ੍ਹ ਚੜ੍ਹ, ਜ਼ਹਿਰਾਂ ਪੀ ਪੀ ਸਿੱਖ ਗਏ ਹਾਂ ਜੀਣਾ ਹੁਣ,
ਵਹਿਮ ਤੁਹਾਡਾ ਹੈ ਕਿ ਸਾਨੂੰ ਸੌਖਿਆਂ ਮਾਰ ਮੁਕਾਉਗੇ।"
'ਹਰਫਾਂ ਦੇ ਪੁਲ਼'ਅਤੇ 'ਟੂਮਾਂ' ਨਾਮਕ ਦੋ ਗ਼ਜ਼ਲ ਪੁਸਤਕਾਂ ਦੇ ਰਚੈਤਾ ਸੁਰਿੰਦਰ ਪ੍ਰੀਤ ਘਣੀਆਂ ਦਾ ਜਨਮ ਫਰੀਦਕੋਟ ਜ਼ਿਲੇ ਦੇ ਆਖਰੀ ਪਿੰਡ ਘਣੀਆਂ, ਤਹਿਸੀਲ ਜੈਤੋ ਵਿਖੇ ਸਵਰਗੀ ਮਾਤਾ ਸ੍ਰੀਮਤੀ ਪ੍ਰੀਤਮ ਕੌਰ ਦੀ ਸੁਭਾਗੀ ਕੁੱਖੋਂ ਸ. ਜੀਤ ਸਿੰਘ ਦੇ ਘਰ ਹੋਇਆ। ਅੱਜ ਕੱਲ ਉਹ ਆਪਣੀ ਪਤਨੀ ਜਸਵਿੰਦਰ ਅਤੇ ਇਕਲੌਤੇ ਬੇਟੇ ਦੇ ਨਾਲ ਬਠਿੰਡਾ ਵਿਖੇ ਰਹਿ ਰਿਹਾ ਹੈ ।ਕੇਂਦਰੀ ਲੇਖਕਾਂ ਦੀ ਪਾਰਲੀਮੈਂਟ ਸਮਝੀ ਜਾਂਦੀ ਸੰਸਾਰ ਪ੍ਰਸਿੱਧ ਜਥੇਬੰਦੀ ਕੇਂਦਰੀਪੰਜਾਬੀ ਲੇਖਕ ਸਭਾ (ਰਜਿ.) ਦੇ ਬਤੌਰ ਸਕੱਤਰ,ਕਾਰਜਕਾਰੀ ਜਰਨਲ ਸਕੱਤਰ ਅਤੇ ਵਰਤਮਾਨ ਸਮੇਂ ਮੀਤ ਪ੍ਰਧਾਨ ਦੇ ਅਹੁਦੇ ਤੇ ਕਾਰਜ ਕਰ ਰਹੇ ਅਤੇ ਅਨੇਕਾਂ ਸਾਹਿਤਿਕ ਤੇ ਲੋਕ ਪੱਖੀ ਜਥੇਬੰਦੀਆਂ ਵੱਲੋਂ ਸਨਮਾਨਿਤ ਹੋ ਚੁੱਕੇ ਇਸ ਸ਼ਾਇਰ ਨੂੰ ਅੱਜ ਇੱਕ ਹੋਰ ਸਾਹਿਤਕ ਸੰਸਥਾ ਸਾਹਿਤ ਕਲਾ ਤੇ ਸੱਭਿਆਚਾਰਕ ਮੰਚ (ਰਜਿ.)ਜਲੰਧਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ਚੌਥਾ ਉਸਤਾਦ ਰਜਿੰਦਰ ਪਰਦੇਸੀ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ।

-
ਅਸ਼ੋਕ ਵਰਮਾ , ਲੇਖਕ
ashokbti34@gmail.com
92369 10000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.