28ਵੀਆਂ ਪੁਰੇਵਾਲ ਖੇਡਾਂ: ਕੁਸ਼ਤੀ ਵਿੱਚ ਭਾਰਤ ਸਮੇਤ ਇਰਾਨ, ਕੈਨੇਡਾ ਤੇ ਬ੍ਰਾਜ਼ੀਲ ਦੇ ਪਹਿਲਵਾਨਾਂ ਨੇ ਜ਼ੋਰ ਦਿਖਾਇਆ
ਰਵੀ ਜੱਖੂ
* ਵਿਨੇਸ਼ ਫੋਗਟ ਦਾ ਚੰਡੀਗੜ੍ਹ ਵਿਖੇ ਗੋਲਡ ਮੈਡਲ ਤੇ ਸੁਨਹਿਰੀ ਗੁਰਜ ਨਾਲ ਸਨਮਾਨ ਕੀਤਾ ਜਾਵੇਗਾ
ਮੁਕੰਦਪੁਰ (ਨਵਾਂਸ਼ਹਿਰ), 28 ਫਰਵਰੀ 2025 - ਦੋਆਬੇ ਦੀ ਓਲੰਪਿਕਸ ਵਜੋਂ ਜਾਣੀਆਂ ਜਾਂਦੀਆਂ ਹਕੀਮਪੁਰ ਦੀਆਂ 28ਵੀਆਂ ਪੁਰੇਵਾਲ ਖੇਡਾਂ ਦੇ ਦੂਜੇ ਦਿਨ ਅੱਜ ਕੁਸ਼ਤੀ ਦੇ ਸੱਤ ਟਾਈਟਲਾਂ ਲਈ ਵੱਡੇ ਪਹਿਲਵਾਨਾਂ ਨੇ ਜ਼ੋਰ ਅਜ਼ਮਾਇਸ਼ ਕੀਤੀ। ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਇਰਾਨ ਦੇ ਤਿੰਨ ਪਹਿਲਵਾਨਾਂ, ਕੈਨੇਡਾ ਦੇ ਤਿੰਨ ਤੇ ਬ੍ਰਾਜ਼ੀਲ ਦੇ ਇੱਕ ਪਹਿਲਵਾਨ ਨੇ ਵੀ ਹਿੱਸਾ ਲਿਆ।
ਪੁਰੇਵਾਲ ਭਰਾਵਾਂ ਤੇ ਪੁਰੇਵਾਲ ਸਪੋਰਟਸ ਕਲੱਬ ਵੱਲੋਂ ਕਰਵਾਈਆਂ ਜਾਂਦੀਆਂ ਖੇਡਾਂ ਦੇ ਕੁਸ਼ਤੀ ਮੁਕਾਬਲੇ ਅਮਰਦੀਪ ਸ਼ੇਰਗਿੱਲ ਯਾਦਗਾਰੀ ਕਾਲਜ ਮੁਕੰਦਪੁਰ ਦੇ ਇੰਡੋਰ ਮਲਟੀਪਰਪਜ਼ ਹਾਲ ਵਿਖੇ ਭਾਰਤ ਦੇ ਸਾਬਕਾ ਚੀਫ ਕੋਚ ਪੀ.ਆਰ. ਸੌਂਧੀ ਦੀ ਦੇਖ-ਰੇਖ ਹੇਠ ਕਰਵਾਏ ਗਏ।
ਪੁਰਸ਼ਾਂ ਦੇ ਓਪਨ ਭਾਰ ਵਰਗ ਦੇ ‘ਮਹਾਂਭਾਰਤ ਕੇਸਰੀ’, ਮਹਿਲਾਵਾਂ ਦੇ ਓਪਨ ਭਾਰ ਵਰਗ ਦੇ ‘ਮਹਾਂਭਾਰਤ ਕੇਸਰੀ’, ਮੁੰਡਿਆਂ ਦੇ 90 ਕਿਲੋ ਤੱਕ ਭਾਰ ਵਰਗ ਲਈ ‘ਸ਼ੇਰ ਏ ਹਿੰਦ’, ਮੁੰਡਿਆਂ ਦੇ 80 ਕਿਲੋ ਤੱਕ ਭਾਰ ਵਰਗ ਲਈ ‘ਆਫ਼ਤਾਬ ਏ ਹਿੰਦ’, ਮੁੰਡਿਆਂ ਦੇ 65 ਕਿਲੋ ਤੱਕ ਭਾਰ ਵਰਗ ਲਈ ‘ਸਿਤਾਰ ਏ ਹਿੰਦ’, ਕੁੜੀਆਂ ਦੇ 60 ਕਿਲੋ ਤੱਕ ਭਾਰ ਵਰਗ ਲਈ ‘ਮਹਾਂਭਾਰਤ ਕੁਮਾਰੀ’ ਅਤੇ 17 ਸਾਲ ਤੱਕ ਉਮਰ ਦੇ ਓਪਨ ਭਾਰ ਵਰਗ ‘ਪੰਜਾਬ ਕੁਮਾਰ’ ਦੇ ਖਿਤਾਬ ਲਈ 200 ਦੇ ਕਰੀਬ ਪਹਿਲਵਾਨਾਂ ਨੇ ਹਿੱਸਾ ਲਿਆ।
ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਪੈਰਿਸ ਓਲੰਪਿਕਸ ਮੌਕੇ ਕੀਤੇ ਐਲਾਨ ਤਹਿਤ ਭਾਰਤੀ ਪਹਿਲਵਾਨ ਵਿਨੇਸ਼ ਫੋਗਟ ਨੂੰ ਆਪਣੇ ਖੇਡ ਰਤਨ ਨਾਲ ਸਨਮਾਨਤ ਕਰਨ ਦਾ ਫੈਸਲਾ ਕੀਤਾ ਗਿਆ ਸੀ ਜਿਸ ਵਿੱਚ ਵਿਨੇਸ਼ ਫੋਗਟ ਨੂੰ ਸਵਾ ਦੋ ਤੋਲੇ ਦੇ ਸ਼ੁੱਧ ਸੋਨੇ ਦਾ ਮੈਡਲ ਤੇ ਸੁਨਹਿਰੀ ਗੁਰਜ ਮਿਲਣੀ ਹੈ। ਖੇਡਾਂ ਦੇ ਮੁੱਖ ਪ੍ਰਬੰਧਕ ਗੁਰਜੀਤ ਸਿੰਘ ਪੁਰੇਵਾਲ ਨੇ ਕਿਹਾ ਕਿ ਵਿਨੇਸ਼ ਫੋਗਟ ਦੇ ਰੁਝੇਵਿਆਂ ਕਾਰਨ ਉਸ ਵੱਲੋਂ ਨਾ ਪਹੁੰਚੇ ਜਾਣ ਕਾਰਨ ਹੁਣ ਇਹ ਸਨਮਾਨ ਆਉਂਦੇ ਦਿਨਾਂ ਵਿੱਚ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।
ਗੁਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਕੁਸ਼ਤੀ ਦੇ ਸੱਤ ਟਾਈਟਲਾਂ ਦੇ ਜੇਤੂਆਂ ਨੂੰ 10 ਲੱਖ ਰੁਪਏ ਤੋਂ ਵੱਧ ਨਗਦ ਇਨਾਮ ਰਾਸ਼ੀ, ਗੁਰਜ ਅਤੇ ਬਦਾਮਾਂ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਕੈਲੇਫੋਰਨੀਆ ਤੋਂ ਖੇਡ ਪ੍ਰਮੋਟਰ ਸੁੱਖੀ ਘੁੰਮਣ, ਚਰਨਜੀਤ ਸਿੰਘ ਬਾਠ ਤੇ ਪਾਲ ਸਹੋਤਾ ਵੱਲੋਂ ਪ੍ਰਿੰਸੀਪਲ ਸਰਵਣ ਸਿੰਘ ਨੂੰ ਉਨ੍ਹਾਂ ਦੀਆਂ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਸਨਮਾਨਿਆ ਗਿਆ।
ਇਸ ਮੌਕੇ ਗੁਰਚਰਨ ਸਿੰਘ ਸ਼ੇਰਗਿੱਲ, ਪ੍ਰਸਿੱਧ ਖੇਡ ਕੁਮੈਂਟੇਰਰ ਪ੍ਰੋ ਮੱਖਣ ਸਿੰਘ ਹਕੀਮਪੁਰ, ਕਾਲਜ ਦੇ ਪ੍ਰਿੰਸੀਪਲ ਸ਼ਮਸ਼ਾਦ ਅਲੀ, ਗੁਰਬਖਸ਼ ਸਿੰਘ ਸੰਘੇੜਾ ਕੈਨੇਡਾ, ਮਨਜੀਤ ਸਿੰਘ ਗਿੱਲ ਇੰਗਲੈਂਡ, ਅਮਰਜੀਤ ਸਿੰਘ ਟੁੱਟ, ਰਾਣਾ ਟੁੱਟ, ਕਬੱਡੀ ਕੋਚ ਹਰਪ੍ਰੀਤ ਸਿੰਘ, ਗੋਸਲ ਭਰਾ, ਕੁਲਤਾਰ ਸਿੰਘ, ਮਾਸਟਰ ਜੋਗਾ ਸਿੰਘ, ਰਾਜੀਵ ਸ਼ਰਮਾ, ਅਵਤਾਰ ਸਿੰਘ ਪੁਰੇਵਾਲ, ਲਹਿੰਬਰ ਸਿੰਘ ਪੁਰੇਵਾਲ, ਕੁਲਦੀਪ ਸਿੰਘ ਪੁਰੇਵਾਲ, ਨਛੱਤਰ ਸਿੰਘ ਬੈਂਸ, ਹਰਅਵਤਾਰ ਸਿੰਘ, ਹਰਮੇਸ਼ ਸਿੰਘ ਸੰਗਰ, ਰਵਿੰਦਰ ਸਿੰਘ ਚਹਿਲ, ਕਮਲ ਆਦਿ ਹਾਜ਼ਰ ਸਨ।
ਸਵ. ਹਰਬੰਸ ਸਿੰਘ ਪੁਰੇਵਾਲ ਤੇ ਸਵ. ਮਲਕੀਤ ਸਿੰਘ ਪੁਰੇਵਾਲ ਦੀ ਯਾਦ ਵਿੱਚ ਕਰਵਾਈਆਂ ਜਾਂਦੀਆਂ ਪੁਰੇਵਾਲ ਖੇਡਾਂ ਇਸ ਵਾਰ ਸਵ. ਹਰਨੰਦਨ ਸਿੰਘ ਕਾਨੂ ਸਹੋਤਾ, ਸਵ. ਮੱਖਣ ਸਿੰਘ ਟਿਮਾਣਾ, ਸਵ. ਲਾਲੀ ਢੇਸੀ ਤੇ ਸਵ. ਰਵੀ ਸੋਢੀ ਨੂੰ ਸਮਰਪਿਤ ਹਨ। ਮੀਂਹ ਕਾਰਨ ਕਬੱਡੀ ਓਪਨ ਦੇ ਮੁਕਾਬਲੇ ਮੁਲਤਵੀ ਕੀਤੇ ਗਏ।