← ਪਿਛੇ ਪਰਤੋ
Babushahi Special: ਵਿਜੀਲੈਂਸ ਨੇ ਫਰੋਲੀ ਕੁੰਡਲੀ ਜੁਗਾੜੀ ਐਕਸੀਅਨ ਕੱਲਾ ਨੀਂ ਜੁੰਡਲੀ
ਅਸ਼ੋਕ ਵਰਮਾ
ਬਠਿੰਡਾ,28ਫਰਵਰੀ2025 : ਆਮਦਨ ਤੋਂ ਵੱਧ ਜਾਇਦਾਦ ਬਨਾਉਣ ਦੇ ਮਾਮਲੇ ਸਬੰਧੀ ਵਿਜੀਲੈਂਸ ਵੱਲੋਂ ਨਗਰ ਨਿਗਮ ਬਠਿੰਡਾ ਦੇ ਮਿਊਂਸਿਪਲ ਟਾਊਨ ਪਲਾਨਰ (ਐਮ.ਟੀ.ਪੀ.) ਵਜੋਂ ਤਾਇਨਾਤ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਖਿਲਾਫ ਮੁੱਕਦਮਾ ਦਰਜ ਕਰਨ ਉਪਰੰਤ ਕੀਤੀ ਪੜਤਾਲ ਦੌਰਾਨ ਹੋਏ ਖੁਲਾਸਿਆਂ ਨੇ ਅਧਿਕਾਰੀਆਂ ਨੂੰ ਉੱਗਲਾਂ ਟੁੱਕਣ ਲਾ ਦਿੱਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਐਕਸੀਅਨ ਬੁੱਟਰ ਨੇ ਕਥਿਤ ਭ੍ਰਿਸ਼ਟਾਚਾਰ ਰਾਹੀਂ ਬਣਾਈ ਮਾਇਆ ਆਪਣੇ ਪ੍ਰੀਵਾਰਕ ਮੈਂਬਰਾਂ ਅਤੇ ਜਾਣਕਾਰਾਂ ਦੇ ਖਾਤਿਆਂ ’ਚ ਜਮ੍ਹਾਂ ਕਰਵਾਈ ਹੈ। ਇਸ ਤੋਂ ਇਲਾਵਾ ਬੁੱਟਰ ਨੇ ਡਾਕਖਾਨੇ ਤੇ ਬੈਂਕਾਂ ’ਚ ਐਫਡੀ ਦੇ ਨਾਲ ਨਾਲ ਜਾਇਦਾਦ ਖਰੀਦਣ ਲਈ ਪੈਸਾ ਲਾਇਆ ਹੈ। ਵਿਜੀਲੈਂਸ ਵਿਚਲੇ ਸੂਤਰਾਂ ਦੀ ਮੰਨੀਏ ਤਾਂ ਜਾਂਚ ਅਧਿਕਾਰੀਆਂ ਨੇ ਗੁਰਪ੍ਰੀਤ ਬੁੱਟਰ ਦੀ 1ਅਪਰੈਲ 2014 ਤੋਂ 31 ਮਾਰਚ 2023 ਤੱਕ ਦੀ ਆਮਦਨ ਅਤੇ ਖਰਚਿਆਂ ਦੇ ਦਸਤਾਵੇਜਾਂ ਨੂੰ ਖੰਘਾਲਿਆ ਹੈ। ਇਸ ਤੋਂ ਸਾਹਮਣੇ ਆਇਆ ਕਿ ਗੁਰਪ੍ਰੀਤ ਬੁੱਟਰ ਨੂੰ ਆਪਣੀ ਤਨਖਾਹ ਅਤੇ ਹੋਰ ਸਾਧਨਾਂ ਤੋਂ 2 ਕਰੋੜ 1 ਲੱਖ 46 ਹਜਾਰ ਰੁਪਏ ਦੀ ਆਮਦਨ ਹੋਈ ਹੈ ਜਦੋਂਕਿ ਇਸ ਅਰਸੇ ਦੌਰਾਨ ਬੁੱਟਰ ਵੱਲੋਂ3 ਕਰੋੜ 87 ਲੱਖ 10 ਹਜ਼ਾਰ 236 ਰੁਪਏ ਖਰਚ ਕੀਤੇ ਹਨ। ਇਸ ਤੋਂ ਸਪਸ਼ਟ ਹੋਇਆ ਹੈ ਕਿ ਬੁੱਟਰ ਨੇ ਆਮਦਨ ਤੋਂ 1 ਕਰੋੜ 85 ਲੱਖ 64 ਹਜ਼ਾਰ 235 ਰੁਪਏ ਜਿਆਦਾ ਖਰਚਾ ਕੀਤਾ ਹੈ। ਸੂਤਰਾਂ ਮੁਤਾਬਕ ਇਹ ਸੰਪਤੀ ਐਕਸੀਅਨ ਨੇ ਆਪਣੇ ਪ੍ਰੀਵਾਰ ਮੈਂਬਰਾਂ ਦੇ ਨਾਮ ਤੇ ਖਰੀਦੀ ਹੈ । ਜਦੋਂ ਵਿਜੀਲੈਂਸ ਨੇ ਐਕਸੀਅਨ ਬੁੱਟਰ ਦੇ ਖਾਤਿਆਂ ਨੂੰ ਖੰਘਾਲਿਆ ਤਾਂ ਇਹ ਤੱਥ ਸਾਹਮਣੇ ਆਏ ਸਨ ਕਿ ਪ੍ਰੀਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ ਵੱਖ ਵੱਖ ਸਮੇਂ ਤੇ ਮੋਟੀ ਰਾਸ਼ੀ ਟਰਾਂਸਫਰ ਕੀਤੀ ਗਈ ਹੈ। ਇਸੇ ਤਰਾਂ ਹੀ ਵਿਜੀਲੈਂਸ ਨੂੰ ਬੈਂਕਾਂ ਤੇ ਡਾਕਖਾਨਿਆਂ ’ਚ ਫਿਕਸ ਡਿਪਾਜ਼ਿਟ ਅਤੇ ਕਈ ਜਗ੍ਹਾ ਪੈਸਾ ਲਾਉਣ ਦੇ ਸਬੂਤ ਮਿਲੇ ਹਨ। ਗੌਰਤਲਬ ਹੈ ਕਿ ਜਰਨਲ ਹਾਊਸ ਦੀ ਮੀਟਿੰਗ ਦੌਰਾਨ ਕੌਂਸਲਰਾਂ ਨੇ ਦੋਸ਼ ਲਾਏ ਸਨ ਕਿ ਬਿਲਡਿੰਗ ਬਰਾਂਚ ਦੇ ਕੁੱਝ ਕਰਮਚਾਰੀ ਨਜਾਇਜ ਇਮਾਰਤਾਂ ਦੇ ਨਾਮ ਹੇਠ ਵਸੂਲੀ ਕਰ ਰਹੇ ਹਨ ਜਿਸ ਕਾਰਨ ਨਿਗਮ ਨੂੰ ਰਗੜਾ ਲੱਗ ਰਿਹਾ ਹੈ। ਹੁਣ ਤੱਕ ਦੀ ਪੜਤਾਲ ਦੇ ਅਧਾਰ ਤੇ ਵਿਜੀਲੈਂਸ ਨੇ ਹੁਣ ਕਈ ਹੋਰ ਲੋਕਾਂ ਨੂੰ ਸ਼ੱਕ ਦੇ ਘੇਰੇ ’ਚ ਲਿਆ ਹੈ ਜਿੰਨ੍ਹਾਂ ਤੋਂ ਆਉਂਦੇ ਦਿਨੀਂ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਦੀ ਸੋਚ ਹੈ ਕਿ ਕੋਈ ਵੀ ਇਕੱਲਾ ਅਫਸਰ ਇਸ ਤਰਾਂ ਚੱਕ ਥੱਲ ਨਹੀਂ ਕਰ ਸਕਦਾ ਬਲਕਿ ਇਸ ਕੰਮ ’ਚ ਉਸ ਨਾਲ ਹੋਰਨਾਂ ਅਧਿਕਾਰੀਆਂ ਜਾਂ ਮੁਲਾਜਮਾਂ ਦੀ ਵੱਡੀ ਮਿਲੀ ਭੁਗਤ ਹੋ ਸਕਦੀ ਹੈ। ਇੰਨ੍ਹਾਂ ਤੱਥਾਂ ਨੂੰ ਦੇਖਦਿਆਂ ਵਿਜੀਲੈਂਸ ਦੀ ਜਾਂਚ ਟੀਮ ਨੇ ਨਗਰ ਨਿਗਮ ’ਚ ਤਾਇਨਾਤ ਤਿੰਨ ਅਧਿਕਾਰੀਆਂ ਨੂੰ ਨਿਸ਼ਾਨੇ ਤੇ ਲੈ ਲਿਆ ਹੈ ਜਿੰਨ੍ਹਾਂ ’ਚ ਇੱਕ ਮਹਿਲਾ ਅਧਿਕਾਰੀ ਵੀ ਸ਼ਾਮਲ ਹੈ। ਮਹੱਤਵਪੂਰਨ ਇਹ ਵੀ ਹੈ ਕਿ ਇਹ ਤਿੰਨੋਂ ਐਕਸੀਅਨ ਬੁੱਟਰ ਨਾਲ ਕੰਮ ਕਰਦੇ ਸਨ ਅਤੇ ਇੰਨ੍ਹਾਂ ਖਿਲਾਫ ਪਹਿਲਾਂ ਵੀ ਸ਼ਕਾਇਤਾਂ ਦਰਜ ਹਨ ਜੋ ਪਹਿਲਾਂ ਹੀ ਜਾਂਚ ਅਧੀਨ ਹਨ । ਮਾਮਲਾ ਇੱਥੇ ਹੀ ਬੱਸ ਨਹੀਂ ਬਲਕਿ ਵਿਜੀਲੈਂਸ ਦੋ ਤਿੰਨ ਸਫੈਦਪੋਸ਼ਾਂ ਤੇ ਵੀ ਨਿਗਾਹ ਰੱਖ ਰਹੀ ਹੈ ਜਿੰਨ੍ਹਾਂ ਬਾਰੇ ਇਹ ਸ਼ੱਕ ਹੈ ਕਿ ਉਨ੍ਹਾਂ ਦੇ ਥਾਪੜੇ ਨਾਲ ਬੁੱਟਰ ਦੀ ਤੂਤੀ ਬੋਲਦੀ ਰਹੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਹੁਣ ਵਿਜੀਲੈਂਸ ਵੱਲੋਂ ਇੰਨ੍ਹਾਂ ਅਧਿਕਾਰੀਆਂ ਅਤੇ ਸਫੇਦਪੋਸ਼ਾਂ ਦੀ ਭੂਮਿਕਾ ਸਬੰਧੀ ਜਾਂਚ ਕੀਤੀ ਜਾਣੀ ਹੈ। ਜੇਕਰ ਇੰਨ੍ਹਾਂ ਦਾ ਕੋਈ ਹੱਥ ਸਾਹਮਣੇ ਆਇਆ ਤਾਂ ਉਨ੍ਹਾਂ ਨੂੰ ਵੀ ਨਾਮਜਦ ਕੀਤਾ ਜਾਏਗਾ। ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਦਿਖਾਈ ਜਾ ਰਹੀ ਸਖਤੀ ਕਾਰਨ ਵਿਜੀਲੈਂਸ ਇਸ ਮਾਮਲੇ ’ਚ ਹਰ ਕਦਮ ਫੂਕ ਫੂਕ ਕੇ ਰੱਖ ਰਹੀ ਹੈ। ਵੱਡਾ ਹੋ ਸਕਦਾ ਹੈ ਦਾ ਦਾਇਰਾ ਵਿਜੀਲੈਂਸ ਨੂੰ ਉਮੀਦ ਹੈ ਕਿ ਜਾਂਚ ਮੁਕੰਮਲ ਹੋਣ ਤੱਕ ਇਹ 1.85 ਕਰੋੜ ਰੁਪਏ ਦਾ ਅੰਕੜਾ ਹੋਰ ਵੀ ਕਾਫੀ ਵੱਡਾ ਹੋ ਸਕਦਾ ਹੈ। ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੇ ਕਰਤਾ ਧਰਤਾ ਰਹੇ ਗੁਰਪ੍ਰੀਤ ਬੁੱਟਰ ਦੇ ਕਾਰਜਕਾਲ ਦੌਰਾਨ ਨਜਾਇਜ਼ ਕਲੋਨੀਆਂ ਅਤੇ ਉਸਾਰੀਆਂ ਤੇ ਉਂਗਲਾਂ ਉਠਦੀਆਂ ਰਹੀਆਂ ਹਨ। ਸ਼ਹਿਰ ਦੇ ਇੱਕ ਪਤਵੰਤੇ ਨੇ ਸੋਸ਼ਲ ਮੀਡੀਆ ਤੇ ਪਾਈ ਪੋਸਟ ਰਾਹੀਂ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਸੂਰਤ ’ਚ ਇਹ ਰਾਸ਼ੀ 100 ਕਰੋੜ ਤੱਕ ਪੁੱਜ ਸਕਦੀ ਹੈ। ਜਦੋਂ ਵੀ ਬਦਲਿਆ ਤਾਂ ਬਠਿੰਡਾ ਮੁੜਿਆ ਐਕਸੀਅਨ ਗੁਰਪ੍ਰੀਤ ਸਿੰਘ ਬੁੱਟਰ ਦਾ ਨਗਰ ਨਿਗਮ ਬਠਿੰਡਾ ਨਾਲ ਮੋਹ ਹੀ ਐਨਾ ਜਿਆਦਾ ਸੀ ਕਿ ਸਰਕਾਰ ਉਸ ਦੀ ਕਿਤੇ ਵੀ ਬਦਲੀ ਕਰ ਦਿੰਦੀ ਉਹ ਵਾਪਿਸ ਬਠਿੰਡਾ ਦਾ ਤਬਾਦਲਾ ਕਰਵਾ ਲੈਂਦਾ ਸੀ। ਨਗਰ ਨਿਗਮ ਦੇ ਮੁਲਾਜਮਾਂ ਨੇ ਦੱਸਿਆ ਕਿ ਬੁੱਟਰ ਦੀ ਹਰ ਸਰਕਾਰ ਦੇ ਰਾਜ ਭਾਗ ਵਿੱਚ ਹਰੇਕ ਮੰਤਰੀ ਅਤੇ ਹਰ ਵਿਧਾਇਕ ਨਾਲ ਵਧੀਆ ਕਥਿਤ ਸੈਟਿੰਗ ਸੀ ਜਿਸ ਦੇ ਦਮ ਤੇ ਉਹ ਸਾਰੇ ਫੈਸਲੇ ਲੈਂਦਾ ਸੀ। ਮੁਲਾਜਮਾਂ ਨੇ ਦੱਸਿਆ ਕਿ ਐਕਸੀਅਨ ਬੁੱਟਰ ਵੱਲੋਂ ਕੀਤਾ ਗਿਆ ਫੈਸਲਾ ਹੀ ਆਖਰੀ ਹੁੰਦਾ ਅਤੇ ਉਸ ਖਿਲਾਫ ਕਿਸੇ ਦੀ ਕੁਸਕਣ ਦੀ ਹਿੰਮਤ ਵੀ ਨਹੀਂ ਪੈਂਦੀ ਸੀ। ਅਗਾਊਂ ਜਮਾਨਤ ਕਰਵਾਉਣ ਦੀ ਚਰਚਾ ਸ਼ਹਿਰ ’ਚ ਚੁੰਝ ਚਰਚਾ ਹੈ ਕਿ ਗ੍ਰਿਫਤਾਰੀ ਤੋਂ ਬਚਣ ਲਈ ਐਕਸੀਅਨ ਗੁਰਪ੍ਰੀਤ ਸਿੰਘ ਅਗਾਊਂ ਜਮਾਨਤ ਕਰਵਾ ਸਕਦਾ ਹੈ। ਵਿਜੀਲੈਂਸ ਦੀਆਂ ਕਈ ਟੀਮਾਂ ਬੱਟ ਦੀ ਭਾਲ ’ਚ ਖਾਕ ਛਾਣਦੀਆਂ ਫਿਰ ਰਹੀਆਂ ਹਨ ਪਬ ਹਾਲੇ ਤੱਕ ਉਹ ਹੱਥ ਨਹੀਂ ਲੱਗ ਸਕਿਆ ਹੈ। ਵਿਜੀਲੈਂਸ ਵੱਲੋਂ ਉਸ ਦੇ ਫੋਨ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ। ਵਿਜੀਲੈਂਸ ਉਨ੍ਹਾਂ ਥਾਵਾਂ ਤੇ ਵੀ ਨਜ਼ਰ ਰੱਖ ਰਹੀ ਹੈ ਜਿੱਥੇ ਬੁੱਟਰ ਦੇ ਲੁਕੇ ਹੋਣ ਦੀ ਆਸ਼ੰਕਾ ਹੋ ਸਕਦੀ ਹੈ।
Total Responses : 920