Babushahi Special: ਮਿਹਣੋ ਮਿਹਣੀ ਹੋਕੇ ਟੁੱਟਗੀ ਲੋਕੀਂ ਕਹਿੰਦੇ ਕਾਂਗਰਸੀਆਂ ਦੀ ਆੜੀ
ਅਸ਼ੋਕ ਵਰਮਾ
ਬਠਿੰਡਾ 1 ਮਾਰਚ 2025: ਆਮ ਆਦਮੀ ਪਾਰਟੀ ਦੇ ਕੌਂਸਲਰ ਪਦਮਜੀਤ ਸਿੰਘ ਮਹਿਤਾ ਨੂੰ ਵੋਟਾਂ ਪਾਉਣ ਕਾਰਨ ਕਾਂਗਰਸ ਵੱਲੋਂ ਪਾਰਟੀ ਚੋਂ ਬਰਖਾਸਤ ਕੀਤੀ ਕੌਂਸਲਰ ਅਨੀਤਾ ਗੋਇਲ ਦੇ ਪਤੀ ਸਾਬਕਾ ਕੌਂਸਲਰ ਪ੍ਰਦੀਪ ਗੋਇਲ ਨੇ ਇਸ ਮਾਮਲੇ ’ਚ ਸ਼ਹਿਰੀ ਜਿਲ੍ਹਾ ਪ੍ਰਧਾਨ ਰਾਜਨ ਗਰਗ ਨੂੰ ਹੀ ਕਟਹਿਰੇ ’ਚ ਖੜ੍ਹਾ ਕੀਤਾ ਹੈ ਅਤੇ ਬਿਨਾਂ ਨਾਮ ਲਏ ਨਗਰ ਨਿਗਮ ਵਿਚਲੇ ਅਹੁਦੇਦਾਰਾਂ ਤੇ ਉੱਗਲ ਚੁੱਕੀ ਹੈ। ਪ੍ਰਦੀਪ ਗੋਇਲ ਦੀ ਗੱਲ ਨੂੰ ਸੱਚ ਮੰਨੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਕਾਂਗਰਸੀਆਂ ਵਿਚਲੀ ਫੁੱਟ ਨੇ ਪਾਰਟੀ ਦੀਆਂ ਸੇਵੀਆਂ ਵਿੱਚ ਲੂਣ ਪਾਇਆ ਹੈ। ਹੁਣ ਤਾਂ ਸ਼ਹਿਰ ਦੇ ਲੋਕ ਵੀ ਆਖਣ ਲੱਗੇ ਹਨ ਕਿ ਮਿਹਣੋ ਮਿਹਣੀ ਹੋਕੇ ਟੁੱਟੀ ਬਠਿੰਡਾ ਕਾਂਗਰਸ ਕਾਰਨ ਹੀ ਪਦਮਜੀਤ ਮਹਿਤਾ ਦੇ ਮੇਅਰ ਬਣਨ ’ਚ ਸਫਲ ਹੋਇਆ ਹੈ ਨਹੀਂ ਤਾਂ 43 ਕੌਂਸਲਰਾਂ ਦੇ ਹੁੰਦਿਆਂ ਇਕਲੌਤਾ ਕੌਂਸਲਰ ਕਿੱਦਾਂ ਮੇਅਰ ਬਣ ਸਕਦਾ ਸੀ। ਇਹੋ ਹੀ ਨਹੀਂ ਫੁੱਟ ਕਾਰਨ ਡਿਪਟੀ ਮੇਅਰ ਦੀ ਕੁਰਸੀ ਵੀ ਗਵਾਉਣ ਪਈ ਹੈ।
ਪ੍ਰਦੀਪ ਗੋਇਲ ਨੇ ਕਿਹਾ ਕਿ ਸਾਲ 2021 ’ਚ ਰਮਨ ਗੋਇਲ ਨੂੰ ਮੇਅਰ ਬਣਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੰਜਾਬ ’ਚ ਸੱਤਾ ਬਦਲ ਗਈ ਅਤੇ ਮਨਪ੍ਰੀਤ ਬਾਦਲ ਭਾਜਪਾ ’ਚ ਸ਼ਾਮਲ ਹੋ ਗਏ। ਉਨ੍ਹਾਂ ਕਿਹਾ ਕਿ ਕੁੱਝ ਕਾਂਗਰਸੀ ਕੌਂਸਲਰ ਭਾਜਪਾ ਵਿੱਚਤਾਂ ਨਹੀਂ ਸ਼ਾਮਲ ਹੋਏ ਪਰ ਉਨ੍ਹਾਂ ਦੀ ਨੇੜਤਾ ਮਨਪ੍ਰੀਤ ਬਾਦਲ ਨਾਲ ਬਣੀ ਰਹੀ। ਇਸੇ ਦੌਰਾਨ ਕਾਂਗਰਸ ਵੱਲੋਂ ਮਨਪ੍ਰੀਤ ਬਾਦਲ ਹਮਾਇਤੀ ਰਮਨ ਗੋਇਲ ਨੂੰ ਹਟਾਉਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ਤਾਂ ਉਨ੍ਹਾਂ ਨੇ ਜਿਲ੍ਹਾ ਕਾਂਗਰਸ ਨੂੰ ਚਿਤਾਵਨੀ ਦਿੱਤੀ ਸੀ ਕਿ ਰਮਨ ਗੋਇਲ ਨੂੰ ਹਟਾਉਣਾ ਸੌਖਾ ਹੈ ਪਰ ਸਰਕਾਰ ਬਦਲਣ ਕਾਰਨ ਦੁਬਾਰਾ ਕਾਂਗਰਸੀ ਮੇਅਰ ਬਨਾਉਣਾ ਔਖਾ ਹੋ ਜਾਣਾ ਹੈ ਪਰ ਉਨ੍ਹਾਂ ਦੀ ਗੱਲ ਸੁਣੀ ਨਹੀਂ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਲਮ ਸੀ ਕਿ ਮਨਪ੍ਰੀਤ ਹਮਾਇਤੀ ਕੌਂਸਲਰ ਅਤੇ ਸਰਕਾਰ ਦੋਵਾਂ ਨੇ ਮਿਲਕੇ ਜੋਰ ਲਾਉਣਾ ਹੈ ਅਤੇ ਹੋਇਆ ਵੀ ਇਸ ਤਰਾਂ ਹੀ ਹੈ।
.jpg)
ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਰਮਨ ਗੋਇਲ ਨੂੰ ਹਟਾਉਣ ਦੀ ਹਾਮੀ ਭਰਨ ਕਾਰਨ ਨਵੇਂ ਬਣੇ ਸ਼ਹਿਰੀ ਜਿਲ੍ਹਾ ਪ੍ਰਧਾਨ ਰਾਜਨ ਗਰਗ ਰਮਨ ਗੋਇਲ ਨੂੰ ਹਟਾਕੇ ਆਪਣੀ ਪ੍ਰਧਾਨਗੀ ਦਿਖਾਉਣ ਦੀ ਕਾਹਲੀ ਵਿੱਚ ਸਨ ਜਿਸ ’ਚ ਉਹ ਸਫਲ ਵੀ ਹੋ ਗਏ ਪਰ ਇਸ ਨਾਲ ਕਾਂਗਰਸ ਪਾਰਟੀ ਦਾ ਵੱਡਾ ਨੁਕਸਾਨ ਹੋ ਗਿਆ। ਉਨ੍ਹਾਂ ਕਿਹਾ ਕਿ ਰਮਨ ਗੋਇਲ ਨੂੰ ਹਟਾਉਣ ਤੋਂ ਬਾਅਦ ਡੇਢ ਸਾਲ ਲੰਘ ਗਿਆ ਜਿਸ ਦੌਰਾਨ ਜਿਲ੍ਹਾ ਪ੍ਰਧਾਨ ਨੇ ਕਾਂਗਰਸ ਨੂੰ ਇੱਕਜੁਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਾਂ ਹੀ ਮੇਅਰ ਬਨਾਉਣ ਦੇ ਯਤਨ ਕੀਤੇ। ਉਨ੍ਹਾਂ ਕਿਹਾ ਕਿ ਇਸ ਅਰਸੇ ਦੌਰਾਨ ਜਿਹੜੇ ਲੋਕ ਕੁਰਸੀਆਂ ਤੇ ਬੈਠੇ ਸਨ ਉਨ੍ਹਾਂ ਨੇ ਵੀ ਕੌਂਸਲਰਾਂ ਦੇ ਮਸਲਿਆਂ ਵੱਲ ਕੋਈ ਧਿਆਨ ਨਾਂ ਦਿੱਤਾ ਜਿੰਨ੍ਹਾਂ ਨੂੰ ਇਹ ਲੱਗਦਾ ਸੀ ਕਿ ਆਪਣੀ ਕੁਰਸੀ ਸਲਾਮਤ ਹੈ ਆਪਾਂ ਕੀ ਲੈਣਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਦੌਰਾਨ ਉਨ੍ਹਾਂ ਨੇ ਕਈ ਵਾਰ ਮੁੱਦਾ ਚੁੱਕਿਆ ਪਰ ਮਾਮਲਾ ਅਦਾਲਤ ’ਚ ਹੋਣ ਦਾ ਕਹਿਕੇ ਗੱਲ ਟਾਲ ਦਿੱਤੀ ਜਾਂਦੀ ਰਹੀ। ਉਨ੍ਹਾਂ ਕਿਹਾ ਕਿ ਇੱਕ ਵਾਰ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਉਮੀਦਵਾਰ ਚੁਣਨ ਲਈ ਕਿਹਾ ਸੀ ਪਰ ਜਿਲ੍ਹਾ ਪ੍ਰਧਾਨ ਨੇ ਫਿਰ ਵੀ ਕੋਈ ਸੰਜੀਦਗੀ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 48 ਦੀ ਜਿਮਨੀ ਚੋਣ ਮੌਕੇ ਜਿਲ੍ਹਾ ਪ੍ਰਧਾਨ ਨੇ ਕੌਂਸਲਰਾਂ ਦੀ ਸਲਾਹ ਤੋਂ ਬਿਨਾਂ ਉਮੀਦਵਾਰ ਥੋਪ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਜਿਮਨੀ ਚੋਣ ਚੱਲ ਰਹੀ ਸੀ ਤਾਂ ਜਿਲ੍ਹਾ ਪ੍ਰਧਾਨ ਉਮੀਦਵਾਰ ਨੂੰ ਲਾਵਾਰਿਸ ਛੱਡਕੇ ਯੂਪੀ ਚਲੇ ਗਏ। ਉਨ੍ਹਾਂ ਕਿਹਾ ਕਿ ਜਿਮਨੀ ਚੋਣ ’ਚ ਕਾਂਗਰਸ ਨੂੰ ਸਿਰਫ 80 ਵੋਟਾਂ ਪਈਆਂ ਜਦੋਂਕਿ ਇਹ ਵਾਰਡ ਕਾਂਗਰਸ ਦਾ ਗੜ੍ਹ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਚੁੱਕਿਆ ਪਰ ਕਿਸੇ ਨੇ ਮੰਥਨ ਕਰਨਾ ਵੀ ਜਰੂਰੀ ਨਹੀਂ ਸਮਝਿਆ ਹੈ।
ਉਨ੍ਹਾਂ ਕਿਹਾ ਕਿ ਮੇਅਰ ਦੀ ਚੋਣ ਮੌਕੇ ਵੀ ਜਿਲ੍ਹਾ ਪ੍ਰਧਾਨ ਨੇ ਕੋਈ ਯਤਨ ਨਾਂ ਕੀਤਾ ਨਾਂ ਹੀ ਕੌਂਸਲਰਾਂ ਨੂੰ ਇਕੱਠੇ ਰੱਖ ਸਕੇ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਿਲ੍ਹਾ ਪ੍ਰਧਾਨ ਨੂੰ ਇਹ ਦੱਸ ਦਿੱਤਾ ਸੀ ਕਿ ਕੌਂਸਲਰ ਪਦਮਜੀਤ ਮਹਿਤਾ ਨੂੰ ਵੋਟ ਪਾਉਣਗੇ ਫਿਰ ਵੀ ਉਹ ਸੰਜੀਦਾ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕਾਂਗਰਸੀ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਨੂੰ ਨਹੀ ਪਦਮਜੀਤ ਮਹਿਤਾ ਨੂੰ ਵੋਟ ਪਾਈ ਹੈ ਕਿਉਂਕਿ ਉਹ ਸ਼ਹਿਰ ਦਾ ਰੁਕਿਆ ਵਿਕਾਸ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਧਾਨ ਜਿਸ ਆਮ ਆਦਮੀ ਪਾਰਟੀ ਦੇ ਗੱਲ ਕਰਦੇ ਹਨ ਉਸ ਦੇ ਵਿਧਾਇਕ ਅਤੇ ਕੌਂਸਲਰਾਂ ਨੇ ਤਾਂ ਕਾਂਗਰਸ ਨੂੰ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਦੋਸ਼ ਸਾਡੇ ਤੇ ਲਾਏ ਜਾ ਰਹੇ ਹਨ ਪਰ ਉਨ੍ਹਾਂ ਨੂੰ ਤਾਂ ਜਾਪਦਾ ਹੈ ਕਿ ਜਿਲ੍ਹਾ ਪ੍ਰਧਾਨ ਅੰਦਰੋ ਅੰਦਰੀ ਹਾਕਮ ਧਿਰ ਨਾਲ ਮਿਲੇ ਹੋਏ ਹਨ ਤਾਂ ਹੀ ਇਹ ਭਾਣਾ ਵਰਤਿਆ ਹੈ।
ਜੰਜ ਕੁਪੱਤੀ ਸੁਥਰਾ ਭਲਾਮਾਨਸ
ਜਿਲ੍ਹਾ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਜਿੱਥੋਂ ਤੱਕ ਜਿੰਮੇਵਾਰੀ ਦਾ ਸਵਾਲ ਹੈ ਉਹ ਤਾਂ ਉਨ੍ਹਾਂ ਨੇ ਪਹਿਲੇ ਦਿਨ ਹੀ ਲੈ ਲਈ ਸੀ ਕਿ ਸਾਡੀਆਂ ਕਮੀਆਂ ਕਾਰਨ ਕਾਂਗਰਸ ਦਾ ਮੇਅਰ ਨਹੀਂ ਬਣ ਸਕਿਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿੰਨ੍ਹਾਂ ਨੇ ਕਾਂਗਰਸ ਦੀ ਪਿੱਠ ’ਚ ਛੁਰਾ ਮਾਰਿਆ ਉਹ ਉਨ੍ਹਾਂ ਨੂੰ ਪਾਰਟੀ ਸਬੰਧੀ ਨਸੀਹਤਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਦੀਪ ਗੋਇਲ ਨੇ ਤਾਂ ਨੋਟਿਸ ਦਾ ਜਵਾਬ ਨਹੀਂ ਦਿੱਤਾ ਨੂੰ ਤਿਆਰ ਨਹੀਂ ਹੋਇਆ ਫਿਰ ਉਹ ਉਨ੍ਹਾਂ ਨੂੰ ਕਿਸ ਤਰਾਂ ਪਾਰਟੀ ਪ੍ਰਤੀ ਵਫਾਦਾਰੀ ਦਾ ਪਾਠ ਪੜ੍ਹਾ ਰਹੇ ਹਨ।