Babushahi Special: ਕਣਕ ਦੀ ਖਰੀਦ: ਬਠਿੰਡਾ ਦੀਆਂ ਮੰਡੀਆਂ ਹਾਲ ਦੀ ਘੜੀ ਠੰਢੀਆਂ
ਅਸ਼ੋਕ ਵਰਮਾ
ਬਠਿੰਡਾ,3ਅਪਰੈਲ2025: ਪੰਜਾਬ ਵਿੱਚ ਰਸਮੀ ਤੌਰ ਤੇ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪਰੈਲ ਤੋਂ ਸ਼ੁਰੂ ਹੋ ਗਈ ਹੈ ਪਰ ਬਠਿੰਡਾ ਦੀਆਂ ਮੰਡੀਆਂ ਕਣਕ ਦੀ ਆਮਦ ਦੇ ਪੱਖ ਤੋਂ ਪੂਰੀ ਤਰਾਂ ਠੰਢੀਆਂ ਪਈਆਂ ਹਨ। ਬਠਿੰਡਾ ਦੇ ਮੁੱਖ ਖਰੀਦ ਕੇਂਦਰ ’ਚ ਸਰਕਾਰ ਦੀਆਂ ਹਦਾਇਤਾਂ ਤੇ ਨਮੀ ਮਾਪਣ ਵਾਲਾ ਸਟਾਫ ਤਾਂ ਤਾਇਨਾਤ ਕਰ ਦਿੱਤਾ ਹੈ ਪਰ ਮੰਡੀ ਪੂਰੀ ਤਰਾਂ ਸੁੰਨੀ ਪਈ ਹੈ। ਇੱਥੋਂ ਤੱਕ ਕਿ ਅੱਜ ਤਾਂ ਲੇਬਰ ਵੀ ਕਿਧਰੇ ਨਜ਼ਰ ਨਾਂ ਆਈ ਜੋ ਅਕਸਰ ਮਾਰਚ ਦੇ ਅੰਤਲੇ ਹਫਤੇ ਸਾਫ ਸਫਾਈ ਲਈ ਪੁੱਜ ਜਾਂਦੀ ਹੈ। ਜਾਣਕਾਰੀ ਅਨੁਸਾਰ ਜਿਲ੍ਹੇ ’ਚ ਤਾਂ ਅਜੇ ਤੱਕ ਕਣਕ ਦੀ ਫਸਲ ਪੂਰੀ ਤਰਾਂ ਪੱਕਕੇ ਤਿਆਰ ਵੀ ਨਹੀਂ ਹੋਈ ਹੈ ਜਿਸ ਕਰਕੇ ਅਜੇ ਕਿਸਾਨਾਂ ਦਾ ਧਿਆਨ ਖੇਤਾਂ ਵਿੱਚ ਹੀ ਅਟਕਿਆ ਹੋਇਆ ਹੈ। ਮੌਸਮ ਦੀ ਸਥਿਤੀ ਅਨੁਸਾਰ ਕਣਕ ਦੀ ਆਮਦ ਵਿਸਾਖੀ ਤੋਂ ਬਾਅਦ ਹੀ ਸ਼ੁਰੂ ਹੋਣ ਦੇ ਅਨੁਮਾਨ ਹਨ।
ਵੇਰਵਿਆਂ ਅਨੁਸਾਰ ਮੰਡੀ ਬੋਰਡ ਵੱਲੋਂ ਬਠਿੰਡਾ ਜ਼ਿਲ੍ਹੇ ਵਿੱਚ 189 ਖਰੀਦ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 9 ਮੁੱਖ ਯਾਰਡ, 23 ਸਬ ਯਾਰਡ ਅਤੇ ਬਾਕੀ ਸਧਾਰਨ ਤੋਂ ਇਲਾਵਾ ਕੁੱਝ ਕੱਚੇ ਖਰੀਦ ਕੇਂਦਰ ਵੀ ਹਨ। ਐਤਕੀਂ ਕੁੱਝ ਆਰਜੀ ਮੰਡੀਆਂ ਨੂੰ ਵੀ ਤਿਆਰ ਰੱਖਿਆ ਗਿਆ ਹੈ ਤਾਂ ਜੋ ਲੋੜ ਪੈਣ ਤੇ ਵਰਤਿਆ ਜਾ ਸਕੇ। ਕਿਸਾਨਾਂ ਦੀ ਪਹਿਲ ਹਮੇਸ਼ਾ ਹੀ ਪੱਕੇ ਫੜ੍ਹ ਵਾਲੇ ਖਰੀਦ ਕੇਂਦਰ ਰਹੇ ਹਨ ਜਿਸ ਕਰਕੇ ਕੱਚੇ ਫੜ੍ਹਾਂ ਤੇ ਕਣਕ ਦੇਰੀ ਨਾਲ ਆਉਂਦੀ ਹੈ। ਬਠਿੰਡਾ ਜ਼ਿਲ੍ਹੇ ਵਿਚ ਕਰੀਬ 2.50 ਲੱਖ ਹੈਕਟੇਅਰ ਰਕਬਾ ਕਣਕ ਹੇਠ ਹੈ । ਕੇਂਦਰ ਸਰਕਾਰ ਨੇ ਇਸ ਵਾਰ ਕਣਕ ਦਾ ਭਾਅ 2425 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ ਅਤੇ ਨਮੀ ਦੀ ਵੱਧ ਤੋਂ ਵੱਧ ਮਾਤਰਾ 12 ਫੀਸਦੀ ਰੱਖੀ ਗਈ ਹੈ। ਇਸ ਵਾਰ ਮੰਡੀਆਂ ਵਿੱਚ 9ਲੱਖ 10 ਹਜ਼ਾਰ 967 ਮੀਟਰਿਕ ਟਨ ਕਣਕ ਆਉਣ ਦੀ ਉਮੀਦ ਜਤਾਈ ਗਈ ਹੈ।
ਕਈ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਐਤਕੀਂ ਠੰਢ ਵਾਲਾ ਮੌਸਮ ਜਿਆਦਾ ਦੇਰ ਰਿਹਾ ਹੈ ਜਿਸ ਕਰਕੇ ਅਗੇਤੀ ਕਣਕ ਵੀ ਹਾਲੇ ਪੂਰੀ ਤਰਾਂ ਪੱਕੀ ਨਹੀਂ ਹੈ ਜਦੋਂ ਕਿ ਪਛੇਤੀਆਂ ਫਸਲਾਂ ਤਾਂ ਅਜੇ ਵੀ ਹਰੀ ਭਾਅ ਮਾਰ ਰਹੀਆਂ ਹਨ। ਇਸ ਠੰਢ ਨੇ ਕੇਵਲ ਕਣਕ ਦੀ ਕਟਾਈ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਬਲਕਿ ਕਣਕ ਤੋਂ ਪਹਿਲਾਂ ਆਉਣ ਵਾਲੀ ਸਰ੍ਹੋਂ ਆਦਿ ਦੀ ਫ਼ਸਲ ਦੀ ਵਾਢੀ ਨੂੰ ਪਛਾੜਿਆ ਹੈ। ਦੱਸਿਆ ਜਾਂਦਾ ਹੈ ਕਿ ਬਠਿੰਡਾ ਜ਼ਿਲ੍ਹੇ ਵਿੱਚ ਪਹਿਲਾਂ ਮਾਰਚ ਦੇ ਅਖ਼ੀਰਲੇ ਹਫ਼ਤੇ ਸਰ੍ਹੋਂ ਵਿਕਣ ਲਈ ਆਉਣੀ ਸ਼ੁਰੂ ਹੋ ਜਾਂਦੀ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ ਹੈ। ਬਠਿੰਡਾ ਮੰਡੀ ’ਚ ਅੱਜ ਸਿਰਫ ਇੱਕ ਹੀ ਢੇਰੀ ਸਰ੍ਹੋਂ ਦੀ ਪਈ ਸੀ। ਮਾਈਸਰਖਾਨਾ ਦੇ ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਦੇਰੀ ਕਾਰਨ ਤਾਂ ਕਈ ਪਿੰਡਾਂ ’ਚ ਇਸ ਵਾਰ ਕੰਬਾਈਨਾਂ ਵਾਲਿਆਂ ਨੇ ਵੀ ਗੇੜਾ ਨਹੀਂ ਮਾਰਿਆ ਹੈ।
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਤਾਪਮਾਨ 29 ਡਿਗਰੀ ਤੋਂ ਉੱਪਰ ਚਲਾ ਜਾਂਦਾ ਹੈ ਤਾਂ ਕਣਕਾਂ ਦੇ ਪੱਕਣ ਦੀ ਸ਼ੁਰੂਆਤ ਹੋ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਨਵੀਂ ਕਣਕ ਦਾ ਮੰਡੀਆਂ ਵਿੱਚ ਵਿਕਣ ਲਈ ਆਉਣਾ ਮੁਸ਼ਕਲ ਹੈ ਅਤੇ ਤਾਜਾ ਸਥਿਤੀ ਮੁਤਾਬਕ ਵਿਸਾਖੀ ਤੱਕ ਫਸਲ ਦੀ ਕਟਾਈ ਸ਼ੁਰੂ ਹੋਣ ਦੀ ਸੰਭਾਵਨਾ ਦਿਖਾਈ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇੰਨ੍ਹਾਂ ਦਿਨਾਂ ਦੌਰਾਨ ਕਈ ਥਾਵਾਂ ਤੇ ਹੱਥੀਂ ਵਾਢੀ ਸ਼ੁਰੂ ਹੋ ਗਈ ਸੀ ਪਰ ਇਸ ਵਾਰ ਅਜਿਹਾ ਨਹੀਂ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਸਮ ਦਾ ਮਿਜਾਜ਼ ਠੰਢਾ ਰਿਹਾ ਹੈ ਜਿਸ ਕਰਕੇ ਐਤਕੀਂ ਕਣਕ ਦੀ ਕਟਾਈ ਪਛੜ ਕੇ ਸ਼ੁਰੂ ਹੋਵੇਗੀ । ਉਨ੍ਹਾਂ ਦੱਸਿਆ ਕਿ ਇਸ ਦਾ ਮਾੜਾ ਪੱਖ ਇਹ ਵੀ ਹੈ ਕਿ ਇਕਦਮ ਕਣਕ ਆਉਣ ਕਾਰਨ ਮੰਡੀਆਂ ’ਚ ਫਸਲ ਦੇ ਅੰਬਾਰ ਲੱਗ ਜਾਂਦੇ ਹਨ ਜੋ ਕਿਸਾਨਾਂ ਲਈ ਦਿੱਕਤ ਵਾਲੀ ਗੱਲ ਹੈ।
ਮੌਸਮੀ ਵਰਤਾਰੇ ਤੇ ਨਿਰਭਰ
ਮੰਨਿਆ ਜਾ ਰਿਹਾ ਹੈ ਕਿ ਜਿਸ ਤਰਾਂ ਗਰਮੀ ਦਾ ਮੌਸਮ ਬਣਨ ਲੱਗਾ ਹੈ ਉਸ ਨੂੰ ਦੇਖਦਿਆਂ ਕਣਕਾਂ ਦੇ ਰੰਗ ਬਦਲਣ ਨੂੰ ਦੇਰ ਨਹੀਂ ਲੱਗਣੀ ਹੈ। ਬਠਿੰਡਾ ਜਿਲ੍ਹੇ ’ਚ ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 35ਡਿਗਰੀ ਸੈਲਸ਼ੀਅਸ ਰਿਕਾਰਡ ਕੀਤਾ ਗਿਆ ਹੈ। ਜਦੋਂਕਿ ਬੁੱਧਵਾਰ ਨੂੰ ਇਹੋ ਤਾਪਮਾਨ ਰਿਹਾ ਹੈ। ਮੌਸਮ ਵਿਭਾਗ ਦੇ ਵਿਗਿਆਨੀ ਡਾ.ਜਤਿੰਦਰ ਕੌਰ ਨੇ ਦੱਸਿਆ ਕਿ 4 ਅਪਰੈਲ ਨੂੰ ਵੱਧ ਤੋਂ ਵੱਧ ਤਾਪਮਾਨ 36 ਅਤੇ 5 ਅਪਰੈਲ ਨੂੰ 37 ਡਿਗਰੀ ਤੱਕ ਚਲੇ ਜਾਣ ਦੇ ਅਨੁਮਾਨ ਹਨ ਜਦੋਂਕਿ 6 ਅਪਰੈਲ ਨੂੰ ਇਹੋ ਤਾਪਮਾਨ 36 ਡਿਗਰੀ ਸੈਲਸ਼ੀਅਸ ਤੇ ਰਹਿ ਸਕਦਾ ਹੈ।
ਕਈ ਥਾਵਾਂ ਤੇ ਪ੍ਰਬੰਧਾਂ ਦੀ ਘਾਟ
ਬਠਿੰਡਾ ਜਿਲ੍ਹੇ ਦੇ ਕਈ ਖਰੀਦ ਕੇਂਦਰਾਂ ’ਚ ਪ੍ਰਬੰਧਾਂ ਦੀ ਘਾਟ ਸਾਹਮਣੇ ਆਈ ਹੈ। ਕਈਆਂ ’ਚ ਬਿਜਲੀ ਦੇ ਢੁੱਕਵੇਂ ਇੰਤਜਾਮ ਨਹੀਂ ਹਨ ਜਦੋਂਕਿ ਕਈ ਥਾਵਾਂ ਤੇ ਪੀਣ ਵਾਲੇ ਪਾਣੀ ਅਤੇ ਸਫਾਈ ਦੇ ਪ੍ਰਬੰਧ ਨਹੀਂ ਕੀਤੇ ਗਏ ਹਨ। ਸੰਪਰਕ ਕਰਨ ਤੇ ਜਿਲ੍ਹਾ ਮੰਡੀ ਅਫਸਰ ਬਠਿੰਡਾ ਗੌਰਵ ਗਰਗ ਨੇ ਮੀਟਿੰਗ ਕਾਰਨ ਮਗਰੋਂ ਗੱਲ ਕਰਨ ਬਾਰੇ ਕਿਹਾ ਪਰ ਬਾਅਦ ’ਚ ਉਨ੍ਹਾਂ ਫੋਨ ਨਹੀਂ ਚੁੱਕਿਆ।
ਪ੍ਰੇਸ਼ਾਨੀ ਦੀ ਸੂਰਤ ’ਚ ਸੜਕਾਂ: ਮਾਨ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਬੇਸ਼ੱਕ ਮੰਡੀਆਂ ’ਚ ਕਣਕ ਆਉਣ ’ਚ ਕੁਝ ਦਿਨ ਲੱਗ ਸਕਦੇ ਹਨ ਫਿਰ ਵੀ ਸਮੇਂ ਸਿਰ ਇੰਤਜਾਮ ਕਰਨੇ ਮੰਡੀ ਬੋਰਡ ਦੀ ਜ਼ਿਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇੱਕਦਮ ਕਣਕ ਆੳਣ ਨਾਲ ਦਿੱਕਤ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇ ਮੰਡੀਆਂ ’ਚ ਪ੍ਰੇਸ਼ਾਨੀ ਆਈ ਤਾਂ ਕਿਸਾਨ ਸੜਕਾਂ ਤੇ ੳੱੁਤਰਨਗੇ ।