ਵੱਖ-ਵੱਖ ਪਿੰਡਾਂ ਦੀ ਜ਼ਮੀਨ ਪ੍ਰਾਪਤੀ ਲਈ ਜਨ-ਸੁਣਵਾਈ ਅੱਜ ਪਿੰਡ ਰਸੂਲਪੁਰ ਅਤੇ ਸਰਾੜੀ ਵਿਖੇ
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਦੀ ਟੀਮ ਕਰੇਗੀ ਸੁਣਵਾਈ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 4 ਅਪ੍ਰੈਲ 2025 : ਪੰਜਾਬ ਸਰਕਾਰ ਵੱਲੋਂ ਕੰਢੀ ਖੇਤਰ ਦੇ ਵੱਖ ਵੱਖ ਪਿੰਡਾਂ ਨੂੰ ਖੇਤੀਬਾੜੀ ਲਈ ਨਹਿਰੀ ਪਾਣੀ ਦੀ ਸਪਲਾਈ ਲਈ ਪ੍ਰਸਤਾਵਿਤ ਦਸਮੇਸ਼ ਨਹਿਰ ਦੀ ਉਸਾਰੀ ਲਈ ਰੂਪਨਗਰ ਬਲਾਕ ਦੇ ਪਿੰਡਾਂ ਦੀ ਜ਼ਮੀਨ ਪ੍ਰਾਪਤੀ ਲਈ ਅੱਜ 4 ਅਪ੍ਰੈਲ ਨੂੰ ਪਿੰਡ ਰਸੂਲਪੁਰ ਅਤੇ ਸਰਾੜੀ ਵਿਖੇ ਸਥਾਨਕ ਲੋਕਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਸੁਝਾਅ ਅਤੇ ਇਤਰਾਜ਼ ਸਬੰਧੀ ਜਨ ਸੁਣਵਾਈ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਦੀ ਟੀਮ ਇਸ ਨਹਿਰ ਦੀ ਉਸਾਰੀ ਨਾਲ ਸਥਾਨਕ ਪਿੰਡਾਂ ਤੇ ਪੈਣ ਵਾਲੇ ਪ੍ਰਭਾਵ, ਇਤਰਾਜ਼ ਅਤੇ ਸੁਝਾਅ ਸਬੰਧੀ ਸੁਣਵਾਈ ਕਰੇਗੀ ।
ਇਸ ਸਬੰਧੀ ਬਲਾਕ ਪੰਚਾਇਤ ਅਫ਼ਸਰ ਰੂਪਨਗਰ ਵੱਲੋਂ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਕਮ ਭੋਂ ਪ੍ਰਾਪਤੀ ਕੁਲੈਕਟਰ ਰੂਪਨਗਰ ਦੇ ਪੱਤਰ ਦਾ ਹਵਾਲਾ ਦਿੰਦਿਆਂ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਜਾਰੀ ਪੱਤਰ ਅਨੁਸਾਰ ਅੱਜ 4 ਅਪ੍ਰੈਲ ਨੂੰ ਸਵੇਰੇ 11 ਵਜੇ ਪਿੰਡ ਸਰਾੜੀ ਵਿਖੇ ਅਤੇ 12.30 ਵਜੇ ਪਿੰਡ ਰਸੂਲਪੁਰ ਵਿਖੇ ਪਿੰਡ ਬੜੀ ਰੈਲੋ,ਛੋਟੀ ਰੈਲੋ, ਰਸੂਲਪੁਰ,ਗੁਰੂਪੁਰਾ,ਪਪਰਾਲਾ, ਭਿਉਰਾ, ਸਿੰਬਲ ਝੱਲੀਆਂ, ਫੂਲਪੁਰ ਗਰੇਵਾਲ,ਮੰਗਰੋੜ,ਸੈਫਲਪੁਰ, ਬਾਗਵਾਲੀ,ਸਰਾੜੀ,ਕਾਲੂਵਾਲ,ਭੋਲੋ ਆਦਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਥਾਨਕ ਲੋਕਾਂ ਨੂੰ ਇਸ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਸੱਦਿਆ ਗਿਆ ਹੈ। ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਰਹਿੰਦ ਨਹਿਰ ਤੋਂ ਪਿੰਡ ਰਸੂਲਪੁਰ ਲਾਗਿਓਂ ਵੱਡੀ ਪਾਈਪ ਲਾਈਨ ਰਾਹੀਂ ਕੰਡੀ ਖੇਤਰ ਦੇ ਵੱਖ ਪਿੰਡਾਂ ਨੂੰ ਖੇਤੀਬਾੜੀ ਲਈ ਨਹਿਰੀ ਪਾਣੀ ਮੁੱਹਈਆ ਕਰਵਾਉਣ ਲਈ ਵੱਡਾ ਪ੍ਰੋਜੈਕਟ ਉਲੀਕਿਆ ਗਿਆ ਹੈ। 90 ਦੇ ਦਹਾਕੇ ਵਿੱਚ ਪਿਛਲੀ ਅਕਾਲੀ ਸਰਕਾਰ ਵੇਲੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਵੱਲੋਂ ਕੰਢੀ ਖੇਤਰ ਨੂੰ ਖੁਸ਼ਹਾਲ ਕਰਨ ਲਈ ਦਸਮੇਸ਼ ਨਹਿਰ ਦੀ ਉਸਾਰੀ ਕਰਨ ਦਾ ਡ੍ਰੀਮ ਪ੍ਰੋਜੈਕਟ ਉਲੀਕਿਆ ਸੀ ਜੋ ਕਿ ਪੁਰਖਾਲੀ, ਖਿਜਰਾਬਾਦ,ਖਰੜ ਤੋਂ ਅੱਗੇ ਬਨੂੰੜ ਖੇਤਰ ਤੱਕ ਇਸ ਨਹਿਰ ਰਾਹੀਂ ਬੰਜਰ ਜ਼ਮੀਨਾਂ ਨੂੰ ਸਿੰਜਾਈ ਵਾਲਾ ਪਾਣੀ ਮੁੱਹਈਆ ਕਰਵਾਉਣ ਲਈ ਵਰਦਾਨ ਸਾਬਿਤ ਹੋਣਾ ਸੀ। ਉਸ ਸਮੇਂ ਇਸ ਨਹਿਰ ਲਈ ਕਈ ਖੇਤਰਾਂ ਵਿੱਚ ਜ਼ਮੀਨ ਐਕਵਾਇਰ ਵੁਹ ਕੀਤੀ ਗਈ ਸੀ ਪ੍ਰੰਤੂ ਕਈ ਕਾਰਨਾਂ ਕਰਕੇ ਇਹ ਪ੍ਰੋਜੈਕਟ ਨੇਪਰੇ ਨਹੀਂ ਸੀ ਚੜ ਸਕਿਆ। ਇਸ ਸਮੇਂ ਹਲਕਾ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਦੀਆਂ ਕੋਸ਼ਿਸ਼ਾਂ ਸਦਕਾ ਇਹ ਪ੍ਰੋਜੈਕਟ ਨੇਪਰੇ ਚੜਦਾ ਨਜ਼ਰ ਆ ਰਿਹਾ ਹੈ।