ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਗੁ: ਸ੍ਰੀ ਬੇਰ ਸਾਹਿਬ ਵਿਖੇ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 13 ਅਪ੍ਰੈਲ 2025 ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਖਾਲਸਾ ਸਾਜਣਾ ਦਿਵਸ ਮੌਕੇ ਹਰ ਸਾਲ ਦੀ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰ ਕੇ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਇਤਿਹਾਸਕ ਅਸਥਾਨ ਵਿਖੇ ਹਰ ਸੰਗਤ ਦਾ ਠਾਠਾਂ ਮਾਰਦਾ ਇਕੱਠ ਖਾਲਸਾਈ ਜਾਹੋ-ਜਲਾਲ ਦਾ ਪ੍ਰਗਟਾਵਾ ਕਰ ਰਿਹਾ ਸੀ।
ਇਸ ਮੌਕੇ ਤੇ ਸੰਗਤਾਂ ਨੇ ਗੁਰੂ ਘਰ ਦੇ ਦਰਬਾਰ ਮੱਥਾ ਟੇਕਿਆ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵੱਲੋਂ ਆਪਣੇ ਪਾਵਨ ਕਰ ਕਮਲਾਂ ਦੇ ਨਾਲ ਲਗਾਈ ਗਈ ਪਵਿੱਤਰ ਬੇਰੀ ਰੁੱਖ ਦੇ ਦਰਸ਼ਨ ਵੀ ਕੀਤੇ ਅਤੇ ਗੁਰੂ ਸਾਹਿਬ ਦੇ ਤਪ ਅਸਥਾਨ ਤੇ ਵੀ ਸੀਸ ਨਿਵਾਇਆ। ਜਿੱਥੇ ਗੁਰੂ ਸਾਹਿਬ ਜੀ ਵੱਲੋਂ 14 ਸਾਲ 9 ਮਹੀਨੇ 13 ਦਿਨ ਅਕਾਲ ਪੁਰਖ ਦੀ ਬੰਦਗੀ ਕੀਤੀ ਗਈ ਸੀ। ਇਸ ਦੌਰਾਨ ਸੰਗਤਾਂ ਵੱਲੋਂ ਸਰੋਵਰ ਵਿੱਚ ਇਸ਼ਨਾਨ ਵੀ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਗਏ ਧਾਰਮਿਕ ਦੀਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਅਤੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਗਿਆ।