ਕਿਸਾਨ ਝੋਨੇ ਦੇ ਅਣਅਧਿਕਾਰਤ ਅਤੇ ਹਾਈਬ੍ਰਿਡ ਬੀਜਾਂ ਦੀਆਂ ਕਿਸਮਾਂ ਤੋਂ ਗੁਰੇਜ਼ ਕਰਨ: ਮੁੱਖ ਖੇਤੀਬਾੜੀ ਅਫ਼ਸਰ
ਪਟਿਆਲਾ, 3 ਅਪ੍ਰੈਲ:
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਉਣੀ ਸੀਜ਼ਨ ਦੌਰਾਨ ਕਿਸਾਨ ਝੋਨੇ ਦੀਆਂ ਅਣਅਧਿਕਾਰਤ ਅਤੇ ਹਾਈਬ੍ਰਿਡ ਕਿਸਮਾਂ ਦੇ ਬੀਜ ਦੀ ਵਰਤੋਂ ਨਾ ਕਰਨ ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਹਿਤ ਵਿਚ ਸਿਰਫ਼ ਪ੍ਰਮਾਣਿਤ ਕਿਸਮਾਂ ਦੇ ਬੀਜਾਂ ਦੀ ਬਿਜਾਈ ਲਈ ਕਿਸਾਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਕੈਂਪਾਂ ਰਾਹੀਂ ਜਾਗਰੂਕ ਕੀਤਾ ਜਾਂਦਾ ਹੈ ਅਤੇ ਪ੍ਰਮਾਣਿਤ ਕਿਸਮਾਂ ਦੇ ਬੀਜਾਂ ਦੇ ਮੰਡੀਕਰਨ ਵਿਚ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਂਦੀ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਵਿਭਾਗ ਵੱਲੋਂ ਮਹੀਨਾ ਅਪ੍ਰੈਲ ਵਿਚ ਲਗਾਏ ਜਾਣ ਵਾਲੇ ਵੱਖ-ਵੱਖ ਕੈਂਪਾਂ ਰਾਹੀਂ ਪ੍ਰਮਾਣਿਤ ਕਿਸਮਾਂ ਦੇ ਬੀਜਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਅਣਅਧਿਕਾਰਤ ਕਿਸਮਾਂ ਦੇ ਬੀਜਾਂ ਦੀ ਸੇਲ ਨੂੰ ਰੋਕਣ ਸਬੰਧੀ ਬਲਾਕ ਪੱਧਰ ਤੇ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਬੀਜ ਡੀਲਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸੀਡ ਐਕਟ 1966 ਅਧੀਨ ਕੋਈ ਵੀ ਬੀਜ ਪ੍ਰਾਪਤ ਹੋਣ ਤੇ ਸਬੰਧਿਤ ਬੀਜ ਇੰਸਪੈਕਟਰ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਜੇਕਰ ਕਿਸੇ ਵੀ ਬੀਜ ਡੀਲਰ ਵੱਲੋਂ ਕਿਸਾਨਾਂ ਨੂੰ ਵੱਧ ਰੇਟ ਤੇ ਜਾਂ ਕਾਲਾ ਬਾਜ਼ਾਰੀ ਰਾਹੀਂ ਬੀਜ ਦਿੱਤਾ ਗਿਆ ਤਾਂ ਉਸ ਵਿਰੁੱਧ ਸੀਡ ਐਕਟ 1966 ਅਧੀਨ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਬਿਜਾਈ ਪੰਜਾਬ ਸਰਕਾਰ ਵੱਲੋਂ ਤਹਿ ਕੀਤੇ ਗਏ ਸਮੇਂ ਵਿਚ ਹੀ ਕੀਤੀ ਜਾਵੇ ਤਾਂ ਜੋ ਝੋਨੇ ਦੀ ਖ਼ਰੀਦ ਸਮੇਂ ਸਿਰ ਅਤੇ ਸੁਚੱਜੇ ਢੰਗ ਨਾਲ ਮੁਕੰਮਲ ਕੀਤੀ ਜਾ ਸਕੇ। ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਨੇ ਦੱਸਿਆ ਕਿ ਬੀਜਾਂ ਦੀ ਕਾਲਾ ਬਾਜ਼ਾਰੀ ਜਾਂ ਕਿਸੇ ਹੋਰ ਪ੍ਰਕਾਰ ਦੀ ਸਮੱਸਿਆ ਦੇ ਹੱਲ ਲਈ ਬਲਾਕ ਪਟਿਆਲਾ ਦੇ ਕਿਸਾਨ ਡਾ. ਗੁਰਮੀਤ ਸਿੰਘ (97791-60950), ਬਲਾਕ ਨਾਭਾ ਦੇ ਕਿਸਾਨ ਡਾ. ਜੁਪਿੰਦਰ ਸਿੰਘ ਗਿੱਲ (97805-60004), ਬਲਾਕ ਭੂਨਰਹੇੜੀ ਦੇ ਕਿਸਾਨ ਡਾ. ਅਵਨਿੰਦਰ ਸਿੰਘ ਮਾਨ (80547-04171), ਬਲਾਕ ਸਮਾਣਾ ਦੇ ਕਿਸਾਨ ਡਾ. ਸਤੀਸ਼ ਕੁਮਾਰ (97589-00047), ਬਲਾਕ ਰਾਜਪੁਰਾ ਦੇ ਕਿਸਾਨ ਡਾ. ਜੁਪਿੰਦਰ ਸਿੰਘ ਪੰਨੂ (73070-59201) ਅਤੇ ਬਲਾਕ ਘਨੌਰ ਦੇ ਕਿਸਾਨ ਡਾ. ਰਣਜੋਧ ਸਿੰਘ (99883-12299) ਨਾਲ ਸੰਪਰਕ ਕਰ ਸਕਦੇ ਹਨ।