MLA ਫਾਜ਼ਿਲਕਾ ਨੇ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕਰਕੇ ਜਾਣਿਆ ਮਰੀਜ਼ਾਂ ਦਾ ਹਾਲ
- ਕਿਹਾ, ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ 27 ਡਾਕਟਰ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਹਨ ਮੌਜੂਦ
ਫਾਜ਼ਿਲਕਾ 22 ਫਰਵਰੀ 2025... ਵਿਧਾਇਕ ਫਾਜ਼ਿਲਕਾ ਨਰਿੰਦਰਪਾਲ ਸਿੰਘ ਸਵਨਾ ਨੇ ਸਿਵਲ ਹਸਪਤਾਲ ਫਾਜ਼ਿਲਕਾ ਦਾ ਅਚਨਚੇਤ ਦੌਰਾ ਕਰਕੇ ਹਸਪਤਾਲ ਵਿੱਚ ਭਰਤੀ ਹੋਏ ਮਰੀਜ਼ਾਂ ਤੇ ਇਲਾਜ ਕਰਵਾਉਣ ਆਏ ਲੋਕਾਂ ਦਾ ਹਾਲ ਚਾਲ ਪੁੱਛਿਆ। ਇਸ ਮੌਕੇ ਉਨ੍ਹਾਂ ਹਸਪਤਾਲ ਵਿੱਚ ਮੌਜੂਦ ਸਰਕਾਰੀ ਸੁਵਿਧਾਵਾਂ ਦਾ ਜਾਇਜ਼ਾ ਲਿਆ ਅਤੇ ਹਾਜ਼ਰ ਡਾਕਟਰਾਂ ਤੋਂ ਹਸਪਤਾਲ ਵਿੱਚ ਸਰਕਾਰ ਵੱਲੋਂ ਮਰੀਜ਼ਾਂ ਦੇ ਇਲਾਜ ਲਈ ਕੀਤੇ ਪ੍ਰਬੰਧਾਂ ਬਾਰੇ ਵੀ ਜਾਣਿਆ।
ਇਸ ਤੋਂ ਬਾਅਦ ਉਨ੍ਹਾਂ ਹਸਪਤਾਲ ਦੇ ਪ੍ਰਬੰਧਾਂ ਤੋਂ ਸੰਤੁਸਟੀ ਜਤਾਉਂਦਿਆ ਕਿਹਾ ਕਿ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ 27 ਡਾਕਟਰ ਮੌਜੂਦ ਹਨ। ਇਨ੍ਹਾਂ ਵਿੱਚੋਂ 2 ਆਪ੍ਰੇਸ਼ਨ ਮਾਹਰ, 2 ਹੱਡੀਆਂ ਦੇ ਮਾਹਰ, 2 ਬੱਚਿਆਂ ਦੇ ਮਾਹਿਰ, 2 ਬੇਹੋਸ਼ੀ ਵਾਲੇ, 1 ਦਿਮਾਗੀ ਰੋਗਾਂ ਦੇ ਮਾਹਰ, 1 ਨੱਕ, ਕੰਨ, ਗਲੇ ਤੇ ਇੱਕ ਲੇਡੀਜ਼ ਡਾਕਟਰ, ਬਲੱਡ ਬੈਂਕ 1, ਦੰਦਾਂ ਦਾ 1 ਡਾਕਟਰ, ਅਲਟਰਾਸਾਊਂਡ ਦਾ 1, ਐਮਰਜੈਂਸੀ ਲਈ 7 ਡਾਕਟਰ, ਹੋਮਿਓਪੈਥਿਕ 1, ਟੀਬੀ ਤੇ ਛਾਤੀ ਰੋਗਾਂ ਦੇ ਮਾਹਿਰ 1 ਅਤੇ ਆਯੂਰਵੈਦ ਦੇ 2 ਅਤੇ ਮਾਇਕਰੋਬਾਇਓਲੋਜਿਸਟ 2 ਡਾਕਟਰ ਮੌਜੂਦ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਿਹਤ ਪੱਖੋਂ ਤੰਦਰੁਸਤ ਬਣਾਉਣ ਦੇ ਲਈ ਸਿਰਤੋੜ ਯਤਨ ਕਰ ਰਹੀ ਹੈ ਤੇ ਪਿਛਲੇ ਤਿੰਨ ਸਾਲਾਂ ਦੇ ਸਮੇਂ ਦੌਰਾਨ ਸਰਕਾਰੀ ਹਸਪਤਾਲਾਂ ਵਿੱਚ ਕਾਫੀ ਸੁਧਾਰ ਹੋਇਆ ਹੈ। ਮਰੀਜ਼ ਹੁਣ ਸਰਕਾਰੀ ਹਸਪਤਾਲਾਂ ਵਿੱਚ ਕਾਫੀ ਦੂਰ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਆਪਣਾ ਇਲਾਜ ਕਰਵਾਉਣ ਲਈ ਆ ਰਹੇ ਹਨ ਤੇ ਤਿੰਨ ਮਹੀਨਿਆਂ ਵਿੱਚ ਸਰਕਾਰੀ ਹਸਪਤਾਲ ਫਾਜ਼ਿਲਕਾ ਵਿੱਚ ਔਰਤਾਂ ਦੀਆਂ 437 ਡਿਲਵਰੀਆ ਹੋਈਆਂ ਹਨ। ਜਿਸ ਵਿੱਚੋਂ 219 ਸਿਜੇਰੀਅਨ (ਆਪ੍ਰੇਸ਼ਨ) ਰਹੀਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਬਾਹਰੋਂ ਸਿਜੇਰੀਅਨ ਕਰਵਾਉਣ ਤੇ 20 ਤੋਂ 25 ਹਜ਼ਾਰ ਖਰਚ ਆਉਂਦਾ ਹੈ ਤੇ ਇੱਥੇ ਸਰਕਾਰ ਵੱਲੋਂ ਲੋਕਾਂ ਨੂੰ ਮੁਫਤ ਸਹੂਲਤ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਫਾਜ਼ਿਲਕਾ ਦੇ ਡਾਕਟਰਾਂ ਵੱਲੋਂ 381 ਆਪ੍ਰੇਸ਼ਨ ਤਿੰਨ ਮਹੀਨਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਆਪ੍ਰੇਸ਼ਨ ਹੋ ਚੁੱਕੇ ਹਨ ਤੇ ਇੱਕ ਸਾਲ ਵਿੱਚ 9 ਹਜ਼ਾਰ ਸਿਟੀ ਸਕੈਨ ਹੋ ਚੁੱਕੇ ਹਨ ਬਾਹਰ ਦਾ ਹਿਸਾਬ ਲਗਾਇਆ ਜਾਵੇ ਤਾਂ 1500 ਰੁਪਏ ਦੇ ਹਿਸਾਬ ਨਾਲ 1 ਕਰੋੜ 35 ਲੱਖ ਲੋਕਾਂ ਦਾ ਬਚਿਆ ਹੈ। ਉਨ੍ਹਾਂ ਦੱਸਿਆ ਕਿ ਡਾਇਲਸਿਸ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 516 ਡਾਇਲਸਿਸ ਹੋ ਚੁੱਕੇ ਹਨ। ਫਾਜ਼ਿਲਕਾ ਸਿਵਲ ਹਸਪਤਾਲ ਵਿੱਚ ਮੁਫਤ ਬਜ਼ੁਰਗਾਂ ਦੇ 300 ਦੇ ਲਗਭਗ ਗੋਢੇ ਬਦਲੇ ਜਾ ਚੁੱਕੇ ਹਨ ਜੋ ਕਿ ਬਾਹਰੀ ਪ੍ਰਾਈਵੇਟ ਦੇ ਹਿਸਾਬ ਨਾਲ ਲੋਕਾਂ ਦਾ ਲਗਭਗ ਸਾਢੇ 4 ਕਰੋੜ ਰੁਪਇਆ ਬਣਦਾ ਹੈ।
ਉਨ੍ਹਾਂ ਦੱਸਿਆ ਫਾਜ਼ਿਲਕਾ ਹਸਪਤਾਲ ਵਿੱਚ ਲਗਭਗ 23 ਕਰੋੜ ਦੀ ਲਾਗਤ ਨਾਲ ਨਵਾਂ ਕਰੀਟੀਕਲ ਕੇਅਰ ਯੂਨਿਟ ਹਸਪਤਾਲ ਬਣ ਰਿਹਾ ਹੈ ਜਿਸ ਦੀ ਨਾਲ ਬਿਲਡਿੰਗ ਦਾ ਕੰਮ ਚੱਲ ਰਿਹਾ ਹੈ ਤੇ ਇਸ ਸਾਲ ਦੇ ਅਖੀਰ ਤੱਕ ਉਹ ਵੀ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਸਰ ਹਸਪਤਾਲ ਵਿੱਚ ਓ.ਪੀ.ਡੀ. ਬਾਹਰਲੇ ਜਰਮਨੀ ਵਰਗੇ ਦੇਸ਼ਾਂ ਤੋਂ ਆਉਣਗੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸਿਹਤ ਨਾਲ ਸਬੰਧਿਤ ਹਸਪਤਾਲਾਂ ਦੀਆਂ ਸਾਰੀਆਂ ਕਮੀਆਂ ਦੂਰ ਕਰਨ ਜਾ ਰਹੇ ਹਾਂ। ਉਨ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਦੀ ਰਹਿਨਮਾਈ ਹੇਠ ਸਿਹਤ ਪੱਖੋਂ ਲੋਕਾਂ ਨੂੰ ਤੰਦਰੁਸਤ ਬਣਾਉਣ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ।