ਜਿਊਲੀ ਵਾਸੀਆਂ ਨੇ ਮੁੜ ਕੀਤਾ ਕੈਮੀਕਲ ਕੰਪਨੀ ਦਾ ਵਿਰੋਧ: ਕੰਪਨੀ ਦੀ ਉਸਾਰੀ ਦਾ ਕੰਮ ਰੋਕਣ ਦੀ ਮੰਗ
ਮਲਕੀਤ ਸਿੰਘ ਮਲਕਪੁਰ
ਲਾਲੜੂ 22 ਫ਼ਰਵਰੀ 2025: ਪਿਛਲੇ ਇੱਕ ਸਾਲ ਪਹਿਲਾਂ ਜਿਊਲੀ ਪਿੰਡ ਦੇ ਰਕਬੇ 'ਚ ਲੱਗਣ ਵਾਲੀ ਕੈਮੀਕਲ ਕੰਪਨੀ ਦੀ ਉਸਾਰੀ ਦਾ ਬੰਦ ਕੰਮ ਦੁਬਾਰਾ ਸ਼ੁਰੂ ਹੋਣ ਦਾ ਜਿਊਲੀ ਵਾਸੀਆਂ ਵੱਲੋਂ ਇੱਕ ਵਾਰ ਫਿਰ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ। ਇਸ ਵਿਰੋਧ ਦੀ ਅਗਵਾਈ ਪਿੰਡ ਜਿਊਲੀ ਦੇ ਸਰਪੰਚ ਸੁਮਿਤ ਰਾਣਾ ਵੱਲੋਂ ਕੀਤੀ ਗਈ। ਪਿੰਡ ਜਿਊਲੀ ਦੇ ਸਰਪੰਚ ਸੁਮਿਤ ਰਾਣਾ ਸਮੇਤ ਵੱਖ-ਵੱਖ ਨੇੜਲੇ ਪਿੰਡਾਂ ਦੇ ਸਰਪੰਚਾਂ ਦੇ ਦਸਤਖਤਾਂ ਵਾਲੀ ਅਰਜ਼ੀ ਐਸਡੀਐਮ ਨੂੰ ਵੀ ਭੇਜੀ ਗਈ ਹੈ । ਜਿਊਲੀ ਵਿਖੇ ਲੱਗਣ ਜਾ ਰਹੀ ਕੈਮੀਕਲ ਕੰਪਨੀ ਦਾ ਵਿਰੋਧ ਕਰਦਿਆਂ ਸੁਮਿਤ ਰਾਣਾ ਨੇ ਕਿਹਾ ਕਿ ਉਨ੍ਹਾਂ ਦੇ ਨੇੜੇ ਪਹਿਲਾਂ ਹੀ ਦਰਜਨਾਂ ਭੱਠੇ , ਬੁੱਚੜਖਾਨੇ ਅਤੇ ਪੋਲਟਰੀ ਫਾਰਮ ਲੱਗੇ ਹੋਏ ਹਨ, ਜਿਨ੍ਹਾਂ ਨੇ ਪਿੰਡਾਂ ਦੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਜਿਊਲੀ ਸਮੇਤ ਨੇੜਲੇ ਪਿੰਡਾਂ ਦੇ ਲੋਕ ਲੰਮੇ ਸਮੇਂ ਤੋਂ ਪ੍ਰਦੂਸ਼ਣ ਦੀ ਮਾਰ ਝੱਲ ਰਹੇ ਹਨ ਅਤੇ ਹੁਣ ਉਨ੍ਹਾਂ ਦੇ ਪਿੰਡ ਤੋਂ ਮਸਾਂ ਹੀ 800 ਮੀਟਰ ਦੀ ਦੂਰੀ ਉੱਤੇ ਕੈਮੀਕਲ ਕੰਪਨੀ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕਰੀਬ ਡੇਢ ਦਰਜਨ ਲੋਕ ਕੈਂਸਰ ਦੀ ਬਿਮਾਰੀ ਨਾਲ ਪੀੜਤ ਹਨ ਅਤੇ ਕਈ ਤਾਂ ਕੈਂਸਰ ਦੀ ਬਿਮਾਰੀ ਨਾਲ ਇਸ ਦੁਨੀਆ ਨੂੰ ਅਲਵਿਦਾ ਵੀ ਆਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਦੇ ਨੇੜੇ ਇਹ ਕੰਪਨੀ ਲੱਗਦੀ ਹੈ ਤਾਂ ਉਸ ਵੱਲੋਂ ਫੈਲਾਏ ਜਾਣ ਵਾਲੇ ਪ੍ਰਦੂਸ਼ਣ ਕਾਰਨ ਪਿੰਡ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਗੇ, ਜਿਸ ਨਾਲ ਪਿੰਡ ਸਮੇਤ ਹੋਰਨਾਂ ਪਿੰਡਾਂ ਵਿੱਚ ਰਹਿਣਾ ਲੋਕਾਂ ਨੂੰ ਔਖਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਕੈਮੀਕਲ ਕੰਪਨੀ ਲੱਗਣ ਨਾਲ ਇਲਾਕੇ ਦਾ ਆਬੋ- ਹਵਾ ਸਮੇਤ ਪਾਣੀ ਦੂਸ਼ਿਤ ਹੋ ਜਾਵੇਗਾ ਅਤੇ ਕੰਪਨੀ ਵੱਲੋਂ ਫੈਲਾਈ ਜਾਣ ਵਾਲੀ ਰਹਿੰਦ-ਖੂੰਹਦ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਦੇ ਲੋਕ ਇਸ ਦਾ ਸ਼ਿਕਾਰ ਹੋਣਗੇ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਕੰਮ ਨੂੰ ਬੰਦ ਕਰਵਾਉਣ ਸਬੰਧੀ ਉਹ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੋਂ ਇੱਕ ਲਿਖਤੀ ਪੱਤਰ ਮਾਰਕ ਕਰਵਾ ਕੇ ਏਡੀਸੀ ਮੋਹਾਲੀ, ਐਸਡੀਐਮ ਡੇਰਾਬੱਸੀ ਅਤੇ ਪ੍ਰਦੂਸ਼ਨ ਕੰਟਰੋਲ ਬੋਰਡ ਮੋਹਾਲੀ ਨੂੰ ਦੇ ਚੁੱਕੇ ਹਨ, ਜਿਸ ਦੇ ਚੱਲਦਿਆਂ ਦੋ ਮਹੀਨੇ ਪਹਿਲਾ ਕੰਮ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਮੁੜ ਤੋਂ ਕੰਪਨੀ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜਲਦ ਕੰਪਨੀ ਦੀ ਉਸਾਰੀ ਦਾ ਕੰਮ ਰੁਕਵਾ ਕੇ ਕੈਮੀਕਲ ਵਾਲੀ ਕੰਪਨੀ ਨੂੰ ਇਥੋਂ ਹੋਰ ਥਾਂ ਤਬਦੀਲ ਕੀਤਾ ਜਾਵੇ।
ਇਸ ਸਬੰਧੀ ਸੰਪਰਕ ਕਰਨ ਉਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਿਲ੍ਹ ਮੋਹਾਲੀ ਦੇ ਐਕਸੀਅਨ ਰਣਤੇਜ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਫਿਲਹਾਲ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਹੀ ਆਈ ਹੈ।