ਰਾਏਕੋਟ : ਪ੍ਰੇਮ ਨਗਰ ਦੇ ਗੁਰਦੁਆਰਾ ਸੁਖਮਨੀ ਸਾਹਿਬ 'ਚ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ
-ਭਾਈ ਸੁਖਦੇਵ ਸਿੰਘ ਖਾਲਸਾ ਤੇ ਭਾਈ ਤਰਸੇਮ ਸਿੰਘ ਖਾਲਸਾ(ਫੱਲੇਵਾਲ ਵਾਲੇ) ਦੇ ਪ੍ਰਸਿੱਧ ਰਾਗੀ ਜੱਥੇ ਨੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ
-ਸ਼ਬਦ ਗੁਰੂ ਗੁਰਮਤਿ ਅਕੈਡਮੀ, ਰਾਏਕੋਟ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਰਾਏਕੋਟ ਨੇ ਵੀ ਕੀਰਤਨੀ ਜੱਥੇ ਦਾ ਸਾਥ ਦਿੱਤਾ
-ਪ੍ਰਬੰਧਕਾਂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਪ੍ਰਕਾਸ਼ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ
-ਗੁਰੂ ਕਾ ਲੰਗਰ ਤਿਆਰ ਕਰਨ ਤੇ ਵਰਤਾਉਣ 'ਚ ਭੈਣਾਂ/ਭਾਈਆਂ ਨੇ ਵੱਧ-ਚੜ੍ਹ ਕੇ ਸੇਵਾ ਕੀਤੀ
-ਗੁਰਮਤਿ ਸਮਾਗਮ ਦੇ ਤਿੰਨੇ ਹੀ ਦਿਨ ਸਮੂਹ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ
-ਸ੍ਰੀ ਆਖੰਡ ਪਾਠ ਸਾਹਿਬ ਦੀ ਸੰਪੂਰਨਤਾ/ਸਮਾਪਤੀ ਉਪਰੰਤ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 22 ਫਰਵਰੀ 2025 - ਸਤਿਗੁਰੂ ਰਵਿਦਾਸ ਭਗਤ ਜੀ ਦਾ 648ਵਾਂ ਪ੍ਰਕਾਸ਼ ਪੁਰਬ ਰਾਏਕੋਟ ਦੇ ਮੁਹੱਲਾ ਪ੍ਰੇਮ ਨਗਰ(ਨੇੜੇ: ਦਾਣਾ ਮੰਡੀ) ਵਿਖੇ ਇਥੋਂ ਦੇ ਗੁਰਦੁਆਰਾ ਸ਼੍ਰੀ ਸੁਖਮਨੀ ਸਾਹਿਬ 'ਚ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ।
ਅੱਜ ਸਵੇਰ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ/ਸਮਾਪਤੀ ਦੇ ਭੋਗ ਪਾਏ ਗਏ। ਭਾਈ ਸੁਖਦੇਵ ਸਿੰਘ ਖਾਲਸਾ ਤੇ ਭਾਈ ਤਰਸੇਮ ਸਿੰਘ ਖਾਲਸਾ ਫੱਲੇਵਾਲ ਵਾਲਿਆਂ ਦੇ ਪ੍ਰਸਿੱਧ ਰਾਗੀ ਜੱਥੇ ਵੱਲੋਂ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਰਵਿਦਾਸ ਮਹਾਰਾਜ ਜੀ ਦੇ ਜੀਵਨ 'ਤੇ ਚਾਨਣਾ ਪਾਇਆ ਗਿਆ।ਕੀਰਤਨ ਮੌਕੇ ਸ਼ਬਦ ਗੁਰੂ ਗੁਰਮਤਿ ਅਕੈਡਮੀ, ਰਾਏਕੋਟ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਰਾਏਕੋਟ ਨੇ ਵੀ ਰਾਗੀ ਜੱਥੇ ਨਾਲ ਮਿਲ ਕੇ ਕੀਰਤਨ ਕੀਤਾ।
ਇਸ ਗੁਰਮਤਿ ਸਮਾਗਮ ਮੌਕੇ ਭਾਜਪਾ ਦੇ ਸੀਨੀਅਰ ਆਗੂ ਸ੍ਰ.ਲਖਵਿੰਦਰ ਸਿੰਘ ਸਪਰਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਪਣੇ ਰਹਿਬਰਾਂ ਦੇ ਦਿਹਾੜੇ ਮਨਾਉਣ ਨਾਲ ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਉਹ ਪ੍ਰੇਰਨਾ ਸਰੋਤ ਬਣਦੇ ਹਨ। ਗੁਰੂਆਂ ਦੇ ਦਿਹਾੜੇ ਮਨਾਉਣ ਦੇ ਨਾਲ ਸਾਨੂੰ ਉਨ੍ਹਾਂ ਵੱਲੋਂ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ,ਤਦ ਹੀ ਧਾਰਮਿਕ ਸਮਾਗਮ ਸਾਨੂੰ ਨੇਕ ਇਨਸਾਨ ਬਣਾ ਸਕਣਗੇ। ਰਵਿਦਾਸ ਮਹਾਰਾਜ ਜੀ ਨੇ ਦਸਾਂ ਨਹੁੰਆਂ ਦੀ ਕਿਰਤ ਕਰਦਿਆਂ ਡੰਕੇ ਦੀ ਚੋਟ 'ਤੇ ਉਸ ਇਨਕਲਾਬ ਤੇ ਬੇਗਮਪੁਰੇ ਦੀ ਗੱਲ ਕੀਤੀ ਜਿਸ 'ਚ ਰਹਿੰਦਿਆਂ ਹਰ ਇਨਸਾਨ ਨੂੰ ਹਰ ਸਹੂਲਤ ਮਿਲੇ/ਲੋੜ ਪੂਰੀ ਹੋਵੇ/ਸਭ ਲੋਕ ਰਲ-ਮਿਲ ਕੇ ਬਰਾਬਰਤਾ ਵਾਲਾ ਜੀਵਨ ਬਤੀਤ ਕਰ ਸਕਦੇ ਹੋਣ।ਸਾਰਾ ਸਮਾਜ ਕਿਸੇ ਕਿਸਮ ਦੀ ਜਾਤ-ਪਾਤ ਦੇ ਬੰਧਨ ਤੋ ਰਹਿਤ ਤੇ ਮੁਕਤ ਹੋਵੇ। ਆਜ਼ਾਦੀ ਨਾਲ ਆਪਣੀ ਗੱਲ ਬਿਨਾ ਕਿਸੇ ਡਰ-ਭੈਅ ਤੋਂ ਕਹਿਣ ਦਾ ਹੱਕ ਹੋਵੇ। ਜੀਵਨ ਬਤੀਤ ਕਰਦਿਆਂ ਸਾਡੇ 'ਚ ਹਰ ਗੱਲ ਕਹਿਣ ਦੀ ਜੁਰਅਤ ਹੋਣੀ ਚਾਹੀਦੀ ਹੈ। ਸੂਰਮਾ ਉਸ ਨੂੰ ਕਿਹਾ ਜਾਂਦਾ ਹੈ ਜੋ ਹੱਕ-ਸੱਚ ਲਈ ਲੜੇ, ਭਾਵੇਂ ਉਸ ਦਾ ਕੋਈ ਵੀ ਨੁਕਸਾਨ ਹੋਣ ਦਾ ਸੰਕੇਤ/ਖਦਸ਼ਾ ਹੋਵੇ ਤੇ ਉਹ ਸੱਚਾਈ ਦੇ ਮਾਰਗ ਤੋਂ ਨਾ ਥਿੜਕੇ।
ਪ੍ਰਬੰਧਕਾਂ ਨੇ ਇਸ ਧਾਰਮਿਕ ਸਮਾਗਮ ਮੌਕੇ ਤਨ-ਮਨ-ਧਨ ਨਾਲ ਸੇਵਾ ਕਰਨ ਦੇ ਮਾਮਲੇ 'ਚ ਸੰਗਤਾਂ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।
ਗੁਰੂ ਕਾ ਲੰਗਰ ਤਿਆਰ ਕਰਨ ਤੇ ਵਰਤਾਉਣ 'ਚ ਭੈਣਾਂ/ਭਾਈਆਂ ਨੇ ਵੱਧ-ਚੜ੍ਹ ਕੇ ਸੇਵਾ ਕੀਤੀ।ਗੁਰਮਤਿ ਸਮਾਗਮ ਦੇ ਤਿੰਨੇ ਹੀ ਦਿਨ ਸਮੂਹ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਖਾਲਸਾ, ਗੁਰਬਚਨ ਸਿੰਘ, ਗੁਰੂ ਘਰ ਦੇ ਵਜੀਰ ਬਾਬਾ ਭਜਨ ਸਿੰਘ(ਗ੍ਰੰਥੀ ਸਿੰਘ), ਦਰਸ਼ਨ ਸਿੰਘ ਪੇਂਟਰ, ਨਾਮਪ੍ਰੀਤ ਸਿੰਘ ,ਸਮਸ਼ੇਰ ਸਿੰਘ, ਜਸਵੰਤ ਸਿੰਘ, ਸ਼ਰੋਜ ਸਿੰਘ, ਨਿਰਮਲ ਸਿੰਘ, ਜਸਵੰਤ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ, ਜਗਰੂਪ ਸਿੰਘ, ਗੁਰਮੀਤ ਸਿੰਘ ਸ਼ਾਮਲ ਸਨ।