ਮੌਸਮ ਦਾ ਕਹਿਰ; ਭਾਰੀ ਮੀਂਹ ਕਾਰਨ ਗ਼ਰੀਬ ਪਰਿਵਾਰ ਦੇ ਕੋਠੇ ਦੀ ਡਿੱਗੀ ਛੱਤ, 5 ਜਣੇ ਜ਼ਖ਼ਮੀ
ਰੋਹਿਤ ਗੁਪਤਾ
ਗੁਰਦਾਸਪੁਰ/ਬਟਾਲਾ, 22 ਫਰਵਰੀ 2025- ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਪਿੰਡ ਪਿੰਡੀ ਵਿਖੇ ਇੱਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਪੰਜ ਮੈਂਬਰ ਜਖਮੀ ਹੋ ਗਏ ਹਨ। ਇਸ ਦੁਖਦਾਈ ਘਟਨਾ ਵਿੱਚ ਇੱਕ ਔਰਤ, ਉਸ ਦੇ ਤਿੰਨ ਬੱਚੇ ਅਤੇ ਇੱਕ ਦੋਹਤੀ ਮਲਬੇ ਹੇਠਾਂ ਦਬ ਗਏ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਬਾਹਰ ਕੱਢਿਆ ਅਤੇ ਫਤਿਹਗੜ ਚੂੜੀਆਂ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਵੱਲੋਂ ਜਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।
ਪਰਿਵਾਰ ਦਾ ਮੁਖੀ ਰਿੰਕੂ ਮਸੀਹ, ਜੋ ਕਿ ਰਿਕਸ਼ਾ ਚਲਾਉਂਦਾ ਹੈ, ਨੇ ਦੱਸਿਆ ਕਿ ਪਰਿਵਾਰ ਕੋਲ ਇਲਾਜ ਲਈ ਪੈਸੇ ਨਹੀਂ ਹਨ। ਉਸ ਨੇ ਰੋਂਦੇ ਹੋਏ ਦੱਸਿਆ ਕਿ ਬੀਤੇ ਕੱਲ ਹੋਈ ਭਾਰੀ ਬਾਰਸ਼ ਕਾਰਨ ਉਹ ਆਪਣੇ ਕਮਰੇ ਵਿੱਚ ਨਹੀਂ ਜਾ ਰਹੇ ਸਨ, ਕਿਉਂਕਿ ਕਮਰੇ ਦੀ ਹਾਲਤ ਪਹਿਲਾਂ ਹੀ ਖਸਤਾ ਸੀ। ਕੁਝ ਸਮਾਨ ਲੈਣ ਲਈ ਉਸ ਦੀ ਪਤਨੀ ਸੰਦੀਪ ਕੌਰ ਅਤੇ ਚਾਰ ਬੱਚੇ ਕਮਰੇ ਵਿੱਚ ਗਏ ਹੀ ਸਨ ਕਿ ਅਚਾਨਕ ਛੱਤ ਡਿੱਗ ਪਈ। ਇਸ ਨਾਲ ਸਾਰੇ ਮਲਬੇ ਹੇਠਾਂ ਦਬ ਗਏ। ਪਿੰਡ ਵਾਸੀਆਂ ਨੇ ਮਿਲ ਕੇ ਜਖਮੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ।
ਜਖਮੀਆਂ ਵਿੱਚ ਸੰਦੀਪ ਕੌਰ (ਪਤਨੀ), ਸੁਨੀਤ ਕੌਰ (7 ਸਾਲ), ਜੈਸਮਾਨ (5 ਸਾਲ), ਅਰਮਾਨ (3 ਸਾਲ) ਅਤੇ ਦੋਹਤੀ ਆਲੀਆ (2 ਸਾਲ) ਸ਼ਾਮਿਲ ਹਨ। ਪਰਿਵਾਰ ਨੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ, ਕਿਉਂਕਿ ਉਨ੍ਹਾਂ ਦਾ ਰਹਿਣ ਲਈ ਇੱਕੋ ਇੱਕ ਕਮਰਾ ਵੀ ਡਿੱਗ ਗਿਆ ਹੈ ਅਤੇ ਸਾਰਾ ਪਰਿਵਾਰ ਜਖਮੀ ਹਾਲਤ ਵਿੱਚ ਤੜਫ ਰਿਹਾ ਹੈ।
ਇਸ ਘਟਨਾ ਨੇ ਪਿੰਡ ਵਿੱਚ ਸਦਮਾ ਪਸਰਾ ਦਿੱਤਾ ਹੈ। ਸਥਾਨਕ ਲੋਕਾਂ ਨੇ ਪਰਿਵਾਰ ਦੀ ਮਦਦ ਲਈ ਅਗਵਾਈ ਕਰਨ ਦੀ ਅਪੀਲ ਕੀਤੀ ਹੈ। ਪਰਿਵਾਰ ਨੂੰ ਤੁਰੰਤ ਮਦਦ ਦੀ ਲੋੜ ਹੈ ਤਾਂ ਜੋ ਉਹ ਇਸ ਮੁਸੀਬਤ ਦਾ ਸਾਹਮਣਾ ਕਰ ਸਕਣ।