ਹਰਫ ਕਾਲਜ ਦੀ ਵਿਦਿਆਰਥਣ ਜਗਰੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਪਾਵਰ-ਲਿਫਟਿੰਗ(ਮਹਿਲਾ) ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਿਆ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ: 22 ਫ਼ਰਵਰੀ.2025 - ਹਰਫ ਕਾਲਜ ਦੀ ਬੀ.ਏ. ਭਾਗ-ਪਹਿਲਾ ਦੀ ਵਿਦਿਆਰਥਨ ਜਗਰੀਤ ਕੌਰ ਪੁੱਤਰੀ ਲੇਟ ਸ਼੍ਰੀ ਹਰਵਿੰਦਰ ਸਿੰਘ/ਸ੍ਰੀਮਤੀ ਰਣਵੀਰ ਕੌਰ (ਸ਼ੇਰਗੜ੍ਹ ਚੀਮਾ) ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰ-ਕਾਲਜ ਪਾਵਰ-ਲਿਫਟਿੰਗ ਮਹਿਲਾ ਮੁਕਾਬਲਿਆਂ ਵਿੱਚ ਆਪਣੇ ਭਾਰ ਵਾਲੇ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਮਗਾ ਹਾਸਲ ਕੀਤਾ। ਇਹ ਮੁਕਾਬਲੇ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਵਿਖੇ ਮਿਤੀ 18 ਅਤੇ 19 ਫਰਵਰੀ 2025 ਨੂੰ ਆਯੋਜਿਤ ਕੀਤੇ ਗਏ। ਜਿਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਕਈ ਕਾਲਜਾਂ ਦੇ ਵਿਦਿਆਰਥੀ ਖਿਡਾਰੀਆਂ ਨੇ ਭਾਗ ਲਿਆ। ਹਰਫ ਕਾਲਜ ਦੀ ਵਿਦਿਆਰਥਨ ਜਗਰੀਤ ਕੌਰ ਨੇ ਪਾਵਰ-ਲਿਫਟਿੰਗ (ਮਹਿਲਾ) ਮੁਕਾਬਲਿਆਂ ਵਿੱਚ ਪਹਿਲਾਂ ਵੀ ਕਈ ਉੱਚ ਪ੍ਰਾਪਤੀਆਂ ਜਿਵੇਂ ਕਿ ‘ਖੇਡਾਂ ਵਤਨ ਪੰਜਾਬ ਦੀਆਂ-2024’ ਵਿੱਚ ਪਾਵਰ-ਲਿਫਟਿੰਗ ਵਿੱਚ ਗੋਲਡ ਮੈਡਲ, ਨਾਰਥ ਇੰਡੀਅਨ ਪਾਵਰ-ਲਿਫਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ, ਪੰਜਾਬ ਸਟਰਾਂਗ ਵੂਮਨ, ਅਹਿਮਦਗੜ ਵਿਖੇ ਗੋਲਡ ਮੈਡਲ ਹਾਸਲ ਕੀਤਾ।
ਹਰਫ ਕਾਲਜ ਦੇ ਚੇਅਰਮੈਨ ਸ੍ਰੀ ਅਮਜਦ ਅਲੀ ਨੇ ਵਿਦਿਆਰਥਨ ਦੀ ਇਸ ਪ੍ਰਾਪਤੀ ਲਈ ਸ਼ਲਾਘਾ ਕੀਤੀ ਅਤੇ ‘ਹਰਫ ਕਾਲਜ ਸਪੋਰਟਸ ਸਟਾਰ’ ਦਾ ਖਿਤਾਬ ਦੇ ਕੇ ਨਿਵਾਜਿਆ ਅਤੇ ਗਿਆਰਾਂ ਹਜਾਰ ਰੁਪਏ ਨਗਦ ਸਪੋਰਟਸ ਸਕਾਲਰਸ਼ਿਪ ਰਾਸ਼ੀ ਵੀ ਦਿੱਤੀ ਅਤੇ ਕਿਹਾ ਕਿ ਕਾਲਜ ਵੱਲੋਂ ਅਜਿਹੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਉਤਸਾਹਿਤ ਕੀਤਾ ਜਾਵੇਗਾ। ਉਹਨਾਂ ਵਿਦਿਆਰਥਨ, ਮਾਪਿਆਂ, ਸਮੂਹ ਅਧਿਆਪਕਾਂ ਅਤੇ ਵਿਸ਼ੇਸ਼ ਤੌਰ ਤੇ ਇਸ ਵਿਦਿਆਰਥਨ ਦੇ ਪਾਵਰ-ਲਿਫਟਿੰਗ ਵਿੱਚ ਕੋਚ ਸ੍ਰੀ ਅਮਜਦ ਖਾਨ ਦੀ ਮਿਹਨਤ ਦੀ ਪੁਰਜੋਰ ਪ੍ਰਸ਼ੰਸ਼ਾ ਕੀਤੀ।
ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਅਮਰਜੀਤ ਸਿੰਘ ਨੇ ਵਿਦਿਆਰਥਨ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਇਸ ਕਾਲਜ ਦੀ ਵਿਦਿਆਰਥਨ ਜਗਰੀਤ ਕੌਰ ਤੋਂ ਇਲਾਵਾ ਨਵਲੀਨ ਸੋਹਲ ਪੁੱਤਰੀ ਸੇਵਕ ਰਾਮ/ਰਵਨੀਤ ਕੌਰ (ਮਲੇਰਕੋਟਲਾ) ਬੀ.ਏ. ਭਾਗ-ਪਹਿਲਾ ਦੀ ਵਿਦਿਆਰਥਨ ਨੇ ਵੀ ਪਾਵਰ-ਲਿਫਟਿੰਗ (ਮਹਿਲਾ) ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਆਪਣੇ ਭਾਰ ਵਾਲੇ ਵਰਗ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ। ਉਹਨਾਂ ਭਵਿੱਖ ਵਿੱਚ ਵੀ ਇਹਨਾਂ ਵਿਦਿਆਰਥਣਾਂ ਤੋਂ ਹੋਰ ਉੱਚ ਪ੍ਰਾਪਤੀਆਂ ਦੀ ਆਸ ਜਤਾਈ।