Babushahi Special: ਇਕੱਲੀਆਂ ਚਪੇੜਾਂ ਹੀ ਨਹੀਂ, ਠੁਮਕੇ ਵੀ ਲਾਉਂਦੀ ਏ ਬਠਿੰਡਾ ਪੁਲਿਸ
ਸਖ਼ਤੀ ਦੇ ਨਾਲ-ਨਾਲ ਮਨੋਰੰਜਨ ਵੀ... ਠੁਮਕੇ ਤੇ ਠੁਮਕਾ
ਅਸ਼ੋਕ ਵਰਮਾ
ਬਠਿੰਡਾ, 22 ਫਰਵਰੀ 2025: ਬਠਿੰਡਾ ਦੇ ਪੁਲਿਸ ਅਫਸਰਾਂ ਨੇ ਅੱਜ ਬਿਨਾਂ ਭੇਦ ਭਾਵ ਠੁਮਕੇ ਲਾਏ ਜਿਸ ਨਾਲ ਪੁਲਿਸ ਦੀ ਇੱਕ ਨਿਵੇਕਲਾ ਰੰਗ ਸਾਹਮਣੇ ਆਇਆ ਹੈ। ਸੰਘਰਸ਼ੀ ਲੋਕਾਂ ਤੇ ਡਾਂਗ ਫੇਰਨ ਜਾਂ ਕਰੜੇ ਹੱਥੀਂ ਨਜਿੱਠਣ ਕਾਰਨ ਅਕਸਰ ਚਰਚਾ ਦਾ ਵਿਸ਼ਾ ਬਣਨ ਵਾਲੀ ਪੰਜਾਬ ਪੁਲਿਸ ਦੇ ਰੰਗਾਂ ਦਾ ਇਹ ਵੀ ਇੱਕ ਨਮੂਨਾ ਹੈ ਜੋ ਆਮ ਤੌਰ ’ਤੇ ਪਰਦੇ ਓਹਲੇ ਛੁਪਿਆ ਰਹਿੰਦਾ ਹੈ । ਇਹ ਮੌਕਾ ਸੀ ਬਠਿੰਡਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਨਸ਼ਿਆਂ ਖਿਲਾਫ ਮੈਰਾਥਨ ਦੌੜ ਕਰਵਾਉਣ ਦਾ ਜਿਸ ਨੂੰ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਹਾਜ਼ਰੀ ’ਚ ਹਰੀ ਝੰਡੀ ਦਿਖਾਉਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਤੇ ਮੁਲਾਜਮਾਂ ਨੇ ਡੀਜੇ ਤੇ ਵੱਜਦੇ ਪੰਜਾਬੀ ਗਾਣਿਆਂ ਤੇ ਜੰਮਕੇ ਮਸਤੀ ਕੀਤੀ ।
ਹਾਲਾਂਕਿ ਜਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਆਪਣੀ ਵੱਖਰੀ ਕਾਰਜਸ਼ੈਲੀ ਅਤੇ ਕਾਨੂੂੰਨ ਦੀ ਪਾਲਣਾ ਕਰਨ ਦੇ ਮਾਮਲੇ ’ਚ ਇੱਕ ਕੜਕ ਮਿਜਾਜ ਅਫਸਰ ਦੇ ਤੌਰ ਤੇ ਜਾਣੇ ਜਾਂਦੇ ਹਨ ਪਰ ਬਠਿੰਡਾ ’ਚ ਆਪਣੀ ਦੂਸਰੀ ਤਾਇਨਾਤੀ ਦੌਰਾਨ ਉਨ੍ਹਾਂ ਨੇ ਇਸ ਵਿਲੱਖਣ ਪ੍ਰੋਗਰਾਮ ਕਰਵਾਉਣ ਦੀ ਪਹਿਲਕਦਮੀ ਕਰ ਦਿਖਾਈ ਹੈ। ਆਪਣੇਪਣ ਦੀ ਇੱਕ ਹੋਰ ਮਿਸਾਲ ਕਾਇਮ ਕਰਦਿਆਂ ਇਸ ਮੌਕੇ ਐਸਐਸਪੀ ਨੇ ਆਪਣੇ ਮਾਤਾਹਿਤ ਮੁਲਾਜਮਾਂ ਨੂੰ ਇਹ ਜਾਹਰ ਨਹੀਂ ਹੋਣ ਦਿੱਤਾ ਕਿ ਉਨ੍ਹਾਂ ਨਾਲ ਉਨ੍ਹਾਂ ਦਾ ਕੋਈ ਵੱਡਾ ਅਧਿਕਾਰੀ ਵੀ ਹਾਜ਼ਰ ਹੈ। ਸੂਤਰ ਦੱਸਦੇ ਹਨ ਕਿ ਅੱਜ ਦੇ ਸਮਾਗਮ ਦੀ ਨੀਂਹ ਇੱਥੋਂ ਟਿਕੀ ਜਦੋਂ ਐਸਐਸਪੀ ਅਮਨੀਤ ਕੌਂਡਲ ਨੇ ਮਹਿਸੂਸ ਕੀਤਾ ਕਿ ਲਗਾਤਾਰ ਡਿਊਟੀ ਦੌਰਾਨ ਪੁਲਿਸ ਨੂੰ ਨਿੱਤ ਦਿਨ ਨਵੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਅਫਸਰ ਅਤੇ ਜਵਾਨ ਤੌਰ ਤੇ ਥਕਾਵਟ ਮਹਿਸੂਸ ਕਰ ਰਹੇ ਹਨ।

ਇਸ ਕਾਰਨ ਜਿਲ੍ਹਾ ਪੁਲਿਸ ਮੁਖੀ ਨੇ ਪੁਲਿਸ ਮੁਲਾਜਮਾਂ ਨਾਲ ਖੁਸ਼ੀ ਸਾਂਝੀ ਕਰਨ ਲਈ ਇੱਕ ਅਜਿਾਹਾ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਲਿਆ ਜਿੱਥੇ ਹਰ ਰੈਂਕ ਦੇ ਅਫਸਰ ਅਤੇ ਹੋਰ ਪੁਲਿਸ ਮੁਲਾਜਮ ਆਪਣੇ ਫਰਕ ਮਿਟਾਕੇ ਇਕੱਠੇ ਮਨੋਰੰਜਨ ਤੇ ਖੁਸ਼ੀਆਂ ਸਾਂਝੀਆਂ ਕਰ ਸਕਣਗੇ। ਇਸ ਮੌਕੇ ਡੀਜੇ ਸਿਸਟਮ ਵੀ ਲਾਇਆ ਗਿਆ ਜਿਸ ਤੇ ਗੀਤਾਂ ਦੀ ਬਰਸਾਤ ਸ਼ੁਰੂ ਹੁੰਦਿਆਂ ਐਸਐਸਪੀ ਅਮਨੀਤ ਕੌਂਡਲ ਮਹਿਲਾ ਪੁਲਿਸ ਅਫਸਰਾਂ ਅਤੇ ਮੁਲਾਜਮਾਂ ਨਾਲ ਖੂਬ ਥਿਰਕਦੇ ਨਜ਼ਰ ਆਏ। ਇਸ ਮੌਕੇ ਬਠਿੰਡਾ ਜਿਲ੍ਹੇ ਦੀ ਐਸਐਸਪੀ ਦਾ ਹਰ ਅੰਦਾਜ਼ ਆਮ ਪੇਂਡੂ ਪੰਜਾਬੀ ਕੁੜੀਆਂ ਵਰਗਾ ਨਜ਼ਰ ਆਇਆ। ਇਸ ਮੌਕੇ ਡੀਜੇ ਤੇ ਵੱਜ਼ਦੇ ਗੀਤਾਂ ਤੇ ਨੱਚਦੇ ਐਸਪੀ ਸਿਟੀ ਨਰਿੰਦਰ ਸਿੰਘ ਦਾ ਫਿਲਮੀ ਹੀਰੋਆਂ ਵਰਗਾ ਹਰ ਅੰਦਾਜ਼ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੰਭੀਰ ਮੂਡ ’ਚ ਗੱਲਬਾਤ ਕਰਨ ਅਤੇ ਅਪਰਾਧੀਆਂ ਖਿਲਾਫ ਕਾਫੀ ਸਖਤ ਮਿਜਾਜ ਐਸਪੀ ਸਿਟੀ ਨਰਿੰਦਰ ਸਿੰਘ ਨੇ ਦਿਖਾ ਦਿੱਤਾ ਕਿ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਵੀ ਕਿਸੇ ਤੋਂ ਘੱਟ ਨਹੀਂ ਹੈ। ਇਸ ਮੌਕੇ ਡੀਐਸਪੀ ਸਿਟੀ ਹਰਬੰਸ ਸਿੰਘ ਧਾਲੀਵਾਲ ਦੀ ਹਰ ਅਦਾ ਵੀ ਦੇਖਣ ਵਾਲੀ ਸੀ ਜਿੰਨ੍ਹਾਂ ਪੁਲਿਸ ਦਾ ਇੱਕ ਵੱਖਰਾ ਰੰਗ ਦਿਖਾਇਆ। ਐਸਪੀ ਸਿਟੀ ਨਰਿੰਦਰ ਸਿੰਘ ਅਤੇ ਡੀਐਸਪੀ ਹਰਬੰਸ ਸਿੰਘ ਧਾਲੀਵਾਲ ਨੂੰ ਨੱਚਦਿਆਂ ਦੇਖ ਤਾਂ ਇੰਜ ਜਾਪਦਾ ਸੀ ਜਿਵੇਂ ਕੋਈ ਪੁਲਿਸ ਅਫਸਰ ਨਹੀਂ ਬਲਕਿ ਪ੍ਰੋਫੈਸ਼ਨਲ ਤੌਰ ਤੇ ਭੰਗੜਾ ਪਾਉਣ ਵਾਲੇ ਗੱਭਰੂ ਨੱਚ ਰਹੇ ਹੋਣ। ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਇਸ ਮੌਕੇ ਐਸਐਸਪੀ ਬਠਿੰਡਾ ਦੇ ਦਫਤਰ ਵਿੱਚ ਤਾਇਨਾਤ ਪੁਲਿਸ ਇੰਸਪੈਕਟਰ ਗੁਰਪ੍ਰੀਤ ਸਿੰਘ ਤਾਂ ਇਸ ਤਰਾਂ ਨੱਚੇ ਜਿਸ ਨੇ ਹਾਜ਼ਰ ਲੋਕਾਂ ਨੂੰ ਉੱਗਲਾਂ ਟੁੱਕਣ ਲਾ ਦਿੱਤਾ।
.jpg)
ਇਹ ਉਹੀ ਪੁਲਿਸ ਅਧਿਕਾਰੀ ਗੁਰਪ੍ਰੀਤ ਸਿੰਘ ਹੈ ਜੋ ਥਾਣਿਆਂ ਵਿੱਚ ਤਾਇਨਾਤੀ ਦੌਰਾਨ ਰਾਤਾਂ ਨੂੰ ਆਪਣੀ ਗੱਡੀ ਦਾ ਹੂਟਰ ਵਜਾਉਂਦਾ ਹੋਇਆ ਬੇਖੌਫ ਘੁੰਮਦਾ ਨਜ਼ਤ ਆਉਂਦਾ ਸੀ ਅਤੇ ਮਾੜੇ ਅਨਸਰਾਂ ਨੂੰ ਇਹ ਸੰਦੇਸ਼ ਦੇਣ ਲਈ ਚਰਚਿਤ ਸੀ ਕਿ ਪੰਜਾਬ ਪੁਲਿਸ ਜਾਗ ਰਹੀ ਹੈ। ਡੀਐਸਪੀ ਕਰਮਜੀਤ ਸਿੰਘ ਸੰਧਾਵਾਲੀਆ ਅਤੇ ਹਰਵਿੰਦਰ ਸਿੰਘ ਸਰਾਂ ਨੇ ਵੀ ਇਸ ਮੌਕੇ ਭਰਵੀਂ ਹਾਜ਼ਰੀ ਲਵਾਈ ਤਾਂ ਹੋਰ ਵੀ ਕਈ ਪੁਲਿਸ ਅਧਿਕਾਰੀਆਂ ਨੇ ਠੁਮਕਿਆਂ ਦੀ ਬਰਸਾਤ ਦੌਰਾਨ ਆਪਣਾ ਨੱਚਣ ਵਾਲਾ ਚਾਅ ਪੂਰਾ ਕੀਤਾ। ਕੁੱਝ ਪੁਲਿਸ ਮੁਲਾਜਮਾਂ ਦਾ ਕਹਿਣਾ ਸੀ ਕਿ ਗੀਤ ਸੰਗੀਤ ਦੀ ਚਰਮ ਸੀਮਾ ਮੌਕੇ ਜਦੋਂ ਐਸਐਸਪੀ ਖੁਦ ਮੈਦਾਨ ’ਚ ਨਿੱਤਰੇ ਤਾਂ ਇਹ ਲੱਗਦਾ ਹੀ ਨਹੀਂ ਸੀ ਕਿ ਇਹ ਪੁਲਿਸ ਦਾ ਸਮਾਗਮ ਹੈ।
ਇਸ ਪ੍ਰੋਗਰਾਮ ਦੌਰਾਨ ਜਦੋਂ ‘ਹੱਥ ਜੋੜ ਮਾਫੀਆਂ ਮੰਗਦਾ ਇਹ ਰੁਤਬੇ ਨੇ ਸਰਕਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ, ‘ਮਿੱਤਰਾਂ ਦੇ ਚਾਦਰੇ ਤੇ ਪਾਦੇ ਮੋਰਨੀ, ਭੰਗੜਾ ਪਊਗਾ ਹੈਵੀਵੇਟ ਬੱਲੀਏ ਨੀ ਹੱਥ ਮਾਰਕੇ ਪੱਟਾਂ ਤੇ ,ਜੈਜੀ ਬੀ ਦਾ ਗੀਤ ਸਾਡੀ ਰੀਸ ਕੌਣ ਕਰ ਲਊ ਅਸੀ ਆਪਣੇ ਦਿਲਾਂ ਦੇ ਸ਼ਹਿਜਾਦੇ ਅਤੇ ਢੋਲ ਜੰਗੀਰੋ ਦਾ ਚੱਲਿਆ ਤਾਂ ਇੱਕ ਵਾਰ ਬਠਿੰਡਾ ਪੁਲਿਸ ਦਾ ਖੁਮਾਰ ਇੱਕ ਵਾਰ ਸ਼ਿਖਰਾਂ ਤੇ ਪੁੱਜਿਆ ਨਜ਼ਰ ਆਇਆ । ਅੱਜ ਦੇ ਸਮਾਗਮ ਦੌਰਾਨ ਗੀਤ ‘ਸਾਡੀ ਰੇਲ ਗੱਡੀ ਆਈ ਰਾਹੀਂ ਮਹਿਲਾ ਡੀਐਸਪੀ ਹਿਨਾ ਗੁਪਤਾ ,ਇੰਸਪੈਕਟਰ ਜਸਵਿੰਦਰ ਕੌਰ ਸੰਧੂ ਅਤੇ ਹੋਰ ਮਹਿਲਾ ਪੁਲਿਸ ਅਧਿਕਾਰੀਆਂ ਨੇ ਵੀ ਪੰਜਾਬ ਦਾਂ ਵਾਂਗ ਆਪੋ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਕਈ ਹੋਰ ਵੀ ਛੁਪੇ ਰੁਸਤਮ ਅਧਿਕਾਰੀ ਹਾਜ਼ਰ ਸਨ ਜਿੰਨਾਂ ਨੇ ਪੁਲਿਸ ਦੇ ਪ੍ਰੋਗਰਾਮ ਨੂੰ ਚਾਰ ਚੰਦ ਲਾਉਣ ’ਚ ਕੋਈ ਕਸਰ ਬਾਕੀ ਨਾਂ ਛੱਡੀ।
ਤਣਾਅ ਦੂਰ ਕਰਦੇ ਪ੍ਰੋਗਰਾਮ
ਸਾਹਿਤਕ ਆਗੂ ਤੇ ਲੇਖਕ ਅਮਨ ਦਾਤੇਵਾਸੀਆ ਦਾ ਕਹਿਣਾ ਸੀ ਕਿ ਅਜਿਹੇ ਪ੍ਰੋਗਰਾਮ ਪੁਲਿਸ ਮੁਲਾਜਮਾਂ ਦਾ ਤਣਾਅ ਦੂਰ ਕਰਨ ਵਾਲੇ ਸਾਬਤ ਹੁੰਦੇ ਹਨ ਜੋ ਲਗਾਤਾਰ ਕਰਵਾੳਂੁਦੇ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ’ਚ ਇਹ ਧਾਰਨਾ ਹੈ ਕਿ ਪੁਲਿਸ ਆਮ ਲੋਕਾਂ ਨੂੰ ਉੱਗਲਾਂ ਤੇ ਨਚਾਉਂਦੀ ਹੈ ਪਰ ਅੱਜ ਅਫਸਰਾਂ ਤੇ ਮੁਲਾਜਮਾਂ ਨੇ ਦਿਖਾ ਦਿੱਤਾ ਹੈ ਕਿ ਉਹ ਹੋਰ ਕੰਮਾਂ ਦੇ ਨਾਲ ਨਾਲ ਮੌਕਾ ਮਿਲੇ ਤਾਂ ਨੱਚ ਵੀ ਸਕਦੇ ਹਨ।