ਬਾਗੀ ਅਕਾਲੀ ਹੋਏ ਖ਼ਫ਼ਾ ਰਘੂਜੀਤ ਵਿਰਕ ਦੇ ਬਿਆਨ 'ਤੇ, ਕਿਹਾ ਅਕਾਲੀ ਦਲ ਨੂੰ ਚੁਕਾਉਣੀ ਪਵੇਗੀ ਕੀਮਤ
- ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਹਦੂਦ ਸੀਮਤ ਕਰਨ ਦੀ ਸਾਜ਼ਿਸ਼ ਦੀ ਕੀਮਤ ਅਕਾਲੀ ਦਲ ਨੂੰ ਚੁਕਾਉਣੀ ਪਵੇਗੀ
- ਸਿੰਘ ਸਾਹਿਬਾਨ ਤੋਂ ਮਿਲੀ ਇਜਾਜ਼ਤ ਤੋ ਬਾਅਦ ਭਰਤੀ ਸ਼ੁਰੂ ਕਰੇ ਭਰਤੀ ਕਮੇਟੀ
- ਤਖ਼ਤ ਦੀ ਪ੍ਰਭੂਸੱਤਾ, ਸਨਮਾਨ, ਸਰਵਉਚਤਾ ਅਤੇ ਸੰਕਪਲ ਨੂੰ ਢਾਅ ਲਗਾਉਣ ਵਾਲੇ ਬਿਆਨ ਤੇ ਮੁਆਫੀ ਮੰਗਣ ਰਘੂਜੀਤ ਵਿਰਕ
ਚੰਡੀਗੜ੍ਹ, 22 ਫਰਵਰੀ 2025 - ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਸਰਦਾਰ ਸੁਰਜੀਤ ਸਿੰਘ ਰੱਖੜਾ, ਪ੍ਰਮਿੰਦਰ ਸਿੰਘ ਢੀਂਡਸਾ, ਬੀਬੀ ਪਰਮਜੀਤ ਕੌਰ ਗੁਲਸ਼ਨ, ਚਰਨਜੀਤ ਸਿੰਘ ਬਰਾੜ ਅਤੇ ਬੀਬੀ ਪਰਮਜੀਤ ਕੌਰ ਲਾਂਡਰਾਂ ਵਲੋ ਜਾਰੀ ਬਿਆਨ ਵਿੱਚ ਪੰਥ ਦੀਆਂ ਮੌਜੂਦਾ ਪ੍ਰਸਥਿਤੀਆਂ ਅਤੇ ਚਣੌਤੀਆਂ ਤੇ ਗਹਿਰੀ ਚਿੰਤਾ ਜਾਹਿਰ ਕੀਤੀ ਹੈ।
ਸਾਂਝੇ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਅਧਿਕਾਰ ਖੇਤਰ ਨੂੰ ਕਾਨੂੰਨੀ ਨੁਕਤਿਆਂ ਜਰੀਏ ਡਰ ਦਿਖਾ ਕੇ ਸੀਮਤ ਕਰਨ ਦੀ ਸਾਜ਼ਿਸ਼ ਮੰਦਭਾਗੀ ਹੈ।
ਇਸ ਸਾਜਿਸ਼ ਦੀ ਕੀਮਤ ਚੱਕਰਵਿਉ ਰਚਣ ਵਾਲੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਚੁਕਾਉਣੀ ਪਵੇਗੀ, ਜੇਕਰ ਖਾਲਸਾ ਪੰਥ ਹੁਣ ਵੀ ਨਾ ਜਾਗਿਆ ਅਤੇ ਅਜਿਹੇ ਸਾਜਿਸ਼ ਕਰਨ ਵਾਲੇ ਲੋਕਾਂ ਖ਼ਿਲਾਫ਼ ਨਾ ਖੜਾ ਹੋਇਆ ਤਾਂ ਇਸ ਦੇ ਨਤੀਜੇ ਬਹੁੱਤ ਗੰਭੀਰ ਹੋ ਸਕਦੇ ਹਨ। ਆਗੂਆਂ ਨੇ ਕਿਹਾ ਕਿ ਪੰਥ ਨੂੰ ਢਾਅ ਲਗਾਉਣ ਵਾਲੀਆਂ ਏਜੰਸੀਆਂ ਦੇ ਹੱਥਾਂ ਵਿੱਚ ਖੇਡਣ ਵਾਲੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਲੈਣ ਕਿ ਕੌਮ ਨੇ ਹਮੇਸ਼ਾ ਸਿਰ ਦੇਕੇ ਸੰਕਲਪ ਦੀ ਰਾਖੀ ਕੀਤੀ ਹੈ, ਅਜਿਹੇ ਸਾਜਿਸ਼ਕਰਤਾਵਾਂ ਨੂੰ ਕਿਸੇ ਵੀ ਸਿਆਸੀ ਅਤੇ ਨਿੱਜੀ ਮਨਸ਼ਾ ਨੂੰ ਪੂਰਾ ਕਰਨ ਦੇ ਲਈ ਤਖ਼ਤ ਸ੍ਰੀ ਅਕਾਲ ਸਾਹਿਬ ਦੇ ਖਿਲਾਫ ਕੀਤੀ ਕਿਸੇ ਵੀ ਸਾਜਸ਼ ਨੂੰ ਰਚਣ ਤੋਂ ਪਹਿਲਾਂ ਕੁਰਬਾਨੀਆਂ ਸ਼ਹੀਦੀਆਂ ਨੂੰ ਆਪਣੇ ਧਿਆਨ ਵਿਚ ਰੱਖ ਲੈਣ।
ਐਸਜੀਪੀਸੀ ਮੈਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਬੀਤੇ ਕੱਲ ਐਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਵਲੋ ਦਿੱਤੇ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ । ਓਹਨਾ ਜਿੱਥੇ ਰਘੂਜੀਤ ਵਿਰਕ ਨੂੰ ਬਿਆਨ ਵਾਪਿਸ ਲੈਣ ਦੀ ਮੰਗ ਕੀਤੀ ਹੈ ਉਥੇ ਹੀ ਇਸ ਬਿਆਨ ਲਈ ਸਮੁੱਚੇ ਪੰਥ ਅਤੇ ਕੌਮ ਤੋ ਮੁਆਫੀ ਮੰਗਣ ਦੀ ਮੰਗ ਚੁੱਕੀ ਹੈ।
ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ ਇਸ ਵੇਲੇ ਸਭ ਦੀ ਨਜਰ ਪੰਥ ਅਤੇ ਕੌਮ ਦੀ ਨੁਮਾਇਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਤੇ ਲੱਗੀ ਹੋਈ ਹੈ, ਇਸ ਕਰਕੇ ਦੋ ਦਸੰਬਰ ਨੂੰ ਫ਼ਸੀਲ ਤੋਂ ਭਰਤੀ ਕਮੇਟੀ ਗਠਿਨ ਕੀਤੀ ਗਈ ਸੀ। ਅੱਜ ਸਿੰਘ ਸਾਹਿਬਾਨ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਜੀ ਵਲੋ ਮੁੜ ਹੁਕਮ ਕੀਤੇ ਗਏ ਹਨ ਕਿ ਭਰਤੀ ਕਮੇਟੀ ਬਿਨਾ ਕਿਸੇ ਦੇਰੀ ਦੇ ਭਰਤੀ ਦਾ ਕੰਮ ਕਰੇ। ਆਗੂਆਂ ਨੇ ਸਮੁੱਚੀ ਕਮੇਟੀ ਮੈਬਰਾਂ ਨੂੰ ਮੁੜ ਅਪੀਲ ਕੀਤੀ ਕਿ ਵਰਕਰਾਂ ਦੀ ਭਾਵਨਾਵਾਂ ਤੇ ਪਹਿਰਾ ਦਿੰਦੇ ਹੋਏ, ਜਲਦੀ ਭਰਤੀ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਪੰਥ ਦੀ ਨੁਮਾਇੰਦਾ ਜਮਾਤ ਨੂੰ ਪੰਥਕ ਸੋਚ ਵਾਲਾ ਅਡੋਲ ਪ੍ਰਧਾਨ ਮਿਲ ਸਕੇ।