ਸਰਕਾਰੀ ਹਾਈ ਸਕੂਲ ਫਤਿਹਪੁਰ ਭਗਵਾਨ ਵਿਖੇ ਕਰਵਾਇਆ ਸਕੂਲ ਸੇਫ਼ਟੀ ਪ੍ਰੋਗਰਾਮ
- ਐਨ.ਡੀ.ਆਰ.ਐਫ. ਦੀ ਟੀਮ ਨੇ ਵਿਦਿਆਰਥੀਆਂ ਨੂੰ ਹੰਗਾਮੀ ਹਾਲਾਤ ’ਚ ਬਚਾਅ ਕਾਰਜਾਂ ਤੇ ਸੁਰੱਖਿਆ ਉਪਾਵਾਂ ਬਾਰੇ ਦਿੱਤੀ ਜਾਣਕਾਰੀ
ਜਲੰਧਰ, 22 ਫਰਵਰੀ 2025: ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਸਰਕਾਰੀ ਹਾਈ ਸਕੂਲ ਫਤਿਹਪੁਰ ਭਗਵਾਨ ਬਲਾਕ ਲੋਹੀਆਂ ਖਾਸ ਵਿਖੇ ਸਕੂਲ ਸੇਫ਼ਟੀ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਭੂਚਾਲ, ਅੱਗ ਲੱਗਣ ਆਦਿ ਵਰਗੇ ਹੰਗਾਮੀ ਹਾਲਾਤ ਵਿੱਚ ਆਪਣਾ ਬਚਾਅ ਅਤੇ ਦੂਜਿਆਂ ਦੀ ਸਹਾਇਤਾ ਕਰਨ ਸਬੰਧੀ ਸਿਖ਼ਲਾਈ ਦਿੱਤੀ ਗਈ।
ਸਕੂਲ ਸੇਫ਼ਟੀ ਪ੍ਰੋਗਰਾਮ ਦੀ 9 ਮੈਂਬਰੀ ਟੀਮ ਵੱਲੋਂ ਵੱਖ-ਵੱਖ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਤੇ ਸਕੂਲ ਸਟਾਫ਼ ਨੂੰ ਆਫ਼ਤ ਦੌਰਾਨ ਅਤੇ ਬਾਅਦ ਵਿੱਚ ਕੀਤੀ ਜਾਣ ਵਾਲੀ ਕਾਰਵਾਈ, ਭੁਚਾਲ ਦੌਰਾਨ ਸੁਰੱਖਿਆ ਦੇ ਉਪਾਵਾਂ, ਸੱਟ ਲੱਗਣ ’ਤੇ ਮੁੱਢਲੀ ਸਹਾਇਤਾ, ਖੂਨ ਵਹਿਣ ਨੂੰ ਕੰਟਰੋਲ ਕਰਨਾ, ਸਪਿਲੰਟਿੰਗ, ਸੀ.ਪੀ.ਆਰ.,ਐਫ.ਬੀ.ਏ.ਓ., ਪੀੜਤਾਂ ਨੂੰ ਚੁੱਕਣ ਤੇ ਸੁਰੱਖਿਅਤ ਥਾਂ ਲਿਜਾਣ, ਇੰਪਰੋਵਾਈਜ਼ਡ ਸਟਰੈਚਰ ਬਣਾਉਣ, ਇੰਪਰੋਵਾਈਜ਼ਡ ਫਲੋਟਿੰਗ ਡਿਵਾਈਸ ਬਣਾਉਣ, ਅੱਗ ਲੱਗਣ ਦੇ ਹਾਲਾਤ ਵਿੱਚ ਸੁਰੱਖਿਆ ਉਪਾਅ ਅਤੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਪ੍ਰੋਗਰਾਮ ਦੌਰਾਨ 134 ਵਿਦਿਆਰਥੀਆਂ ਤੋਂ ਇਲਾਵਾ ਸਕੂਲ ਸਟਾਫ਼ ਨੇ ਵੀ ਭਾਗ ਲਿਆ।