ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਸਕੂਲ ਲੈਕਚਰਾਰ ਭਰਤੀ ਲਈ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ
ਦਲਜੀਤ ਕੌਰ
ਸੰਗਰੂਰ, 22 ਜਨਵਰੀ, 2025: ਇੱਥੇ ਰਣਬੀਰ ਕਾਲਜ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਦੌਰਾਨ ਬੇਰੁਜ਼ਗਾਰ ਲੈਕਚਰਾਰ ਯੂਨੀਅਨ ਦੀ ਮੀਟਿੰਗ ਉਹਨਾਂ ਦੇ ਪ੍ਰਿੰਸੀਪਲ ਸਕੱਤਰ ਵਰਜੀਤ ਵਾਲੀਆ ਨਾਲ ਹੋਈ। ਉਹਨਾਂ ਸਕੂਲ ਲੈਕਚਰਾਰ ਭਰਤੀ ਲਈ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਭਰਤੀ ਲਈ ਪੰਜਾਬ ਸਰਕਾਰ ਸੁਹਿਰਦ ਹੈ। ਜਲਦ ਹੀ ਲੋੜੀਂਦੀ ਪ੍ਰਕਿਰਿਆ ਪੂਰੀ ਕਰਕੇ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ 8 ਜਨਵਰੀ, 2022 ਨੂੰ ਪਿਛਲੀ ਸਰਕਾਰ ਵੱਲੋਂ 343 ਸਕੂਲ ਲੈਕਚਰਾਰ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਕੁੱਝ ਤਕਨੀਕੀ ਖਾਮੀਆਂ ਸਨ। ਬੇਰੁਜ਼ਗਾਰ ਅਧਿਆਪਕਾਂ ਦੀ ਮੰਗ 'ਤੇ 6 ਨਵੰਬਰ, 2022 ਨੂੰ ਇਹ ਭਰਤੀ ਰੱਦ ਕਰ ਦਿੱਤੀ ਸੀ। ਪ੍ਰੰਤੂ 3 ਸਾਲ ਬੀਤਣ ਦੇ ਬਾਵਜੂਦ ਵਾਅਦੇ ਮੁਤਾਬਿਕ ਇਸ ਭਰਤੀ ਲਈ ਤਕਨੀਕੀ ਖਾਮੀਆਂ ਦੂਰ ਕਰਕੇ ਅਤੇ ਪੋਸਟਾਂ 'ਚ ਵਾਧਾ ਕਰਕੇ ਇਸ਼ਤਿਹਾਰ ਜਾਰੀ ਨਹੀਂ ਹੋਇਆ। ਜਿਸ ਕਰਕੇ ਉਮੀਦਵਾਰਾਂ 'ਚ ਪੰਜਾਬ ਸਰਕਾਰ ਖਿਲਾਫ ਤਿੱਖਾ ਰੋਸ ਹੈ। ਜਥੇਬੰਦੀ ਦੀ ਸੂਬਾ ਮੀਤ ਪ੍ਰਧਾਨ ਗਗਨਦੀਪ ਕੌਰ ਨੇ ਕਿਹਾ ਕਿ ਜੇਕਰ ਵਾਅਦੇ ਮੁਤਾਬਿਕ ਇੱਕ ਮਹੀਨੇ ਤੱਕ ਇਸ਼ਤਿਹਾਰ ਜਾਰੀ ਨਾ ਹੋਇਆ, ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।