ਸਿਵਲ ਹਸਪਤਾਲ ਦੇ ਡਾਕਟਰਾਂ ਦਾ ਨੇਕ ਉਪਰਾਲਾ, ਜਰੂਰਤਮੰਦ ਮਰੀਜ਼ ਦਾ ਕੀਤਾ ਮੁਫਤ ਆਪਰੇਸ਼ਨ ਤੇ ਇਲਾਜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 26 ਅਪ੍ਰੈਲ 2025
ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਡਾਕਟਰਾਂ ਨੇ ਸਾਂਝਾ ਉਪਰਾਲਾ ਕਰਦਿਆਂ ਹੋਇਆਂ ਇੱਕ ਚਿਹਰੇ ਤੇ ਮੁਸਕਾਨ ਲਿਆਂਦੀ ਹੈ। ਡਾਕਟਰਾਂ ਵੱਲੋਂ ਇੱਕ ਲੋੜਵੰਦ ਮਰੀਜ਼ ਦਾ ਮੁਫ਼ਤ ਇਲਾਜ ਤੇ ਆਪਰੇਸ਼ਨ ਕੀਤਾ ਗਿਆ। ਮਰੀਜ਼ ਤੇ ਉਸਦੇ ਪਰਿਵਾਰ ਵੱਲੋਂ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇਸ ਬਾਬਤ ਗੱਲਬਾਤ ਕਰਦਿਆਂ ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਐਸਐਮਓ ਡਾ. ਦਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਸਾਡੇ ਕੋਲ ਹਸਪਤਾਲ ਵਿਖੇ ਮੰਗਾ ਪੁੱਤਰ ਦੀਪਾ ਵਾਸੀ ਹੁਸੈਨਪੁਰ ਦੂਲੋਵਾਲ ਨਾਂ ਦਾ ਮਰੀਜ਼ ਆਪਣਾ ਇਲਾਜ ਕਰਾਉਣ ਆਇਆ। ਜਿਸ ਦੀ ਲੱਤ ਇੱਕ ਹਾਦਸੇ ਦੌਰਾਨ ਦੋ ਥਾਵਾਂ ਤੋਂ ਟੁੱਟ ਚੁੱਕੀ ਸੀ। ਉਸ ਦਾ ਤੁਰੰਤ ਅਪਰੇਸ਼ਨ ਜਰੂਰੀ ਸੀ ਕਿਉਕਿ ਉਸਦੀ ਲੱਤ ਵਿੱਚ ਸਟੀਲ ਦੀਆਂ ਰਾਡਾਂ ਪੈਣੀਆਂ ਸਨ। ਡਾ. ਡੀਪੀ ਸਿੰਘ ਨੇ ਦੱਸਿਆ ਕਿ ਆਰਥਿਕ ਹਾਲਾਤਾਂ ਕਾਰਨ ਮਰੀਜ਼ ਆਪਣਾ ਇਲਾਜ ਕਰਵਾਉਣ ਵਿੱਚ ਅਸਮਰੱਥ ਸੀ ਅਤੇ ਉਸ ਕੋਲ ਸਿਹਤ ਬੀਮਾ ਯੋਜਨਾ ਦੇ ਨਾਲ ਸੰਬੰਧਿਤ ਕੋਈ ਕਾਰਡ ਵੀ ਨਹੀਂ ਸੀ। ਜਿਸ ਨੂੰ ਵੇਖਦਿਆਂ ਹੋਇਆਂ ਸਾਡੇ ਸਟਾਫ ਮੈਂਬਰ ਡਾ. ਜਸਪ੍ਰੀਤ ਸਿੰਘ, ਡਾ. ਨਿਰਵੈਲ ਸਿੰਘ ਵੱਲੋਂ ਸਮੂਹ ਡਾਕਟਰਾਂ ਦੇ ਨਾਲ ਮਿਲ ਕੇ ਇੱਕ ਨਿਮਾਣੀ ਕੋਸ਼ਿਸ਼ ਕਰਦਿਆਂ ਹੋਇਆਂ ਉਕਤ ਮਰੀਜ਼ ਦਾ ਮੁਫਤ ਇਲਾਜ ਅਤੇ ਆਪਰੇਸ਼ਨ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਦੇ ਤਹਿਤ ਉਸ ਆਪਰੇਸ਼ਨ ਸਫਲਤਾ ਪੂਰਵਕ ਹੋ ਚੁੱਕਿਆ ਹੈ ਅਤੇ ਹੁਣ ਉਹ ਬਿਲਕੁਲ ਤੰਦਰੁਸਤ ਹੈ, ਕੁਝ ਸਮੇਂ ਬਾਅਦ ਉਹ ਤੁਰਨ ਫਿਰਣ ਵੀ ਲੱਗ ਪਏਗਾ। ਇਸ ਮੌਕੇ ਤੇ ਡਾਕਟਰ ਡੀਪੀ ਸਿੰਘ ਨੇ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੇ ਮਰੀਜ਼ਾਂ ਦੀ ਮਦਦ ਲਈ ਅੱਗੇ ਆਉਣ ਅਤੇ ਉਹਨਾਂ ਦਾ ਇਲਾਜ ਕਰਵਾਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਮਨੁੱਖਤਾ ਦੀ ਭਲਾਈ ਹੋ ਸਕੇ। ਉਧਰ ਦੂਜੇ ਪਾਸੇ ਮਰੀਜ਼ ਮੰਗਾਂ ਨੇ ਆਪਣੇ ਇਲਾਜ ਨੂੰ ਲੈ ਕੇ ਸੰਤੁਸ਼ਟੀ ਪ੍ਰਗਟਾਉਂਦਿਆਂ ਹੋਇਆਂ ਸਮੂਹ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਸਟਾਫ ਅਤੇ ਡਾਕਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਉਸਨੇ ਕਿਹਾ ਕਿ ਇਸ ਦਰਿਆ ਦਿਲੀ ਦੇ ਲਈ ਉਹ ਜੀਵਨ ਭਰ ਉਹਨਾਂ ਦਾ ਰਿਣੀ ਰਹੇਗਾ।