ਜ਼ਿਲ੍ਹਾ ਮੈਜਿਸਟ੍ਰੇਟ ਨਵਾਂਸ਼ਹਿਰ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਰਜਿੰਦਰ ਕੁਮਾਰ
ਨਵਾਂਸ਼ਹਿਰ, 28 ਅਪ੍ਰੈਲ 2025 :ਜ਼ਿਲ੍ਹਾ ਮੈਜਿਸਟ੍ਰੇਟ, ਸ਼ਹੀਦ ਭਗਤ ਸਿੰਘ ਨਗਰ ਅੰਕੁਰਜੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਤਹਿਤ ਇਕ ਹੁਕਮ ਰਾਹੀਂ ਉਨ੍ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਸੜਕਾਂ 'ਤੇ ਅਵਾਰਾ ਪਸ਼ੂਆਂ ਨੂੰ ਘੁੰਮਣ- ਫਿਰਨ ਅਤੇ ਸ਼ਹਿਰਾਂ/ਕਸਬਿਆਂ/ਸੜਕਾਂ ਕਿਨਾਰੇ ਚਰਾਉਣ ‘ਤੇ ਰੋਕ ਲਗਾ ਦਿੱਤੀ ਹੈ।
ਉਨ੍ਹਾਂ ਨੇ ਆਪਣੇ ਹੁਕਮ ਵਿਚ ਸਪੱਸ਼ਟ ਕੀਤਾ ਹੈ ਕਿ ਚਰਵਾਹੇ ਵੱਡੀ ਗਿਣਤੀ ਵਿਚ ਗਾਵਾਂ/ਮੱਝਾਂ ਆਦਿ ਲੈ ਕੇ ਉਨ੍ਹਾਂ ਦੇ ਚਾਰੇ ਦੀ ਖ਼ਾਤਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰਾਂ/ਕਸਬਿਆਂ ਅਤੇ ਪਿੰਡਾਂ ਵਿਚ ਘੁੰਮਦੇ-ਫਿਰਦੇ ਹਨ, ਜੋ ਕਿ ਲੋਕਾਂ ਦੀਆਂ ਫ਼ਸਲਾਂ ਅਤੇ ਸੜਕ ਕਿਨਾਰੇ ਲਗਾਏ ਗਏ ਬੂਟਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਕਿਸਾਨਾਂ ਅਤੇ ਦਰਵਾਹਿਆਂ ਦਾ ਆਪਸ ਵਿਚ ਤਕਰਾਰ ਹੋਣ ਦਾ ਖਦਸ਼ਾ ਬਣ ਜਾਂਦਾ ਹੈ। ਇਸ ਤੋਂ ਇਲਾਵਾ ਟ੍ਰੈਫਿਕ ਵਿਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਕਈ ਵਾਰ ਐਕਸੀਡੈਂਟ ਹੋਣ ਕਾਰਨ ਵਾਹਨਾਂ/ਪਸੂਆਂ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਸੜਕਾਂ 'ਤੇ ਅਵਾਰਾ ਪਸ਼ੂਆਂ ਦੇ ਘੁੰਮਣ-ਫਿਰਨ/ਚਰਾਉਣ ਅਤੇ ਪਸ਼ੂਆਂ ਵਿਚ ਮੂੰਹ-ਖੁਰ/ਲੰਪੀ ਸਕਿਨ ਦੀ ਬਿਮਾਰੀ ਫੈਲਣ ਤੋਂ ਰੋਕਣ ਦਾ ਉਪਰਾਲਾ ਕਰਨ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਉਕਤ ਹੁਕਮ ਜਾਰੀ ਕੀਤਾ ਗਿਆ ਹੈ।
ਇਸੇ ਤਰ੍ਹਾਂ ਇਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀਵਿਅਕਤੀ ਵੱਲੋਂ ਸਰਕਾਰੀ ਬਿਲਡਿੰਗਾਂ ਤੇ ਇਸ਼ਤਿਹਾਰ ਅਤੇ ਹੋਰਡਿੰਗ ਬੋਰਡ ਲਗਾਉਣ ਅਤੇ ਪ੍ਰਾਈਵੇਟ ਬਿਲਡਿੰਗਾਂ/ਨੈਸ਼ਨਲ ਹਾਈਵੇਅ/ ਲਿੰਕ ਸੜਕਾਂ/ਦਰੱਖਤਾਂ ਤੇ ਬਿਨਾਂ ਸਬੰਧਤ ਵਿਭਾਗਾਂ ਅਤੇ ਮਾਲਕਾਂ ਦੀ ਪ੍ਰਵਾਨਗੀ ਤੋਂ ਇਸ਼ਤਿਹਾਰ ਅਤੇ ਹੋਰਡਿੰਗ ਬੋਰਡ ਲਗਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਉਪਰੋਕਤ ਦੋਵੇਂ ਹੁਕਮ 23 ਜੂਨ, 2025 ਤੱਕ ਲਾਗੂ ਰਹਿਣਗੇ।