ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਵਿਸ਼ਵ ਨਾਚ ਦਿਵਸ ਮੌਕੇ ਸੱਭਿਆਚਾਰਕ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 27 ਅਪ੍ਰੈਲ 2025 : ਐਚਈਐਮਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਮਿਲੇਨੀਅਮ ਸਕੂਲ ਦੇ ਸਹਿਯੋਗ ਨਾਲ ਵਿਸ਼ਵ ਨਾਚ ਦਿਵਸ ਮੌਕੇ ਬਠਿੰਡਾ ਦੇ ਬਲਵੰਤ ਗਰਗੀ ਆਡੀਟੋਰੀਅਮ ਵਿਖੇ ‘ਕਥਕ ਏ ਟਾਈਮਲੈੱਸ ਟੇਲ’’ ਨਾਮਕ ਸੱਭਿਆਚਾਰਕ ਸਮਾਗਮ ਕਰਵਾਇਆ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ , ਵਿਸ਼ੇਸ਼ ਮਹਿਮਾਨ ਐਮ.ਬੀ. ਗੋਹਿਲ, ਸੀਓਓ, ਗੁਰੂ ਗੋਬਿੰਦ ਸਿੰਘ ਰਿਫਾਈਨਰੀ , ਸ੍ਰੀਮਤੀ ਪ੍ਰੇਰਣਾ ਵਾਲਿਵਾਡੇਕਰ ਅਤੇ ਵਿਸ਼ਵਾਸ ਵਾਲਿਵਾਡੇਕਰ ਨੇ ਸ਼ਮਾਂ ਰੌਸ਼ਨ ਕਰਕੇ ਕੀਤੀ। ਇਸ ਤੋਂ ਬਾਅਦ ਬੱਚਿਆਂ ਵੱਲੋਂ ਗਣੇਸ਼ ਵੰਦਨਾ ਪ੍ਰਸਤੁਤ ਕੀਤੀ ਗਈ, ਜਿਸਨੇ ਮਾਹੌਲ ਨੂੰ ਭਕਤੀਮਈ ਅਤੇ ਸੱਭਿਆਚਾਰਕ ਊਰਜਾ ਨਾਲ ਭਰ ਦਿੱਤਾ। ਇਸ ਦੌਰਾਨ ਕਲਾਕਾਰਾਂ ਨੇ ਕਥਕ ਰੂਪ ਰਾਹੀਂ ਕਲਾਸ ਰੂਪਕ ਤੇ ਆਧਾਰਿਤ ਵਿਸ਼ੇਸ਼ ਪੇਸ਼ਕਾਰੀ ਦਿੱਤੀ।
ਇਸ ਤੋਂ ਬਿਨਾਂ ਹੋਰ ਵੀ ਵੱਖ ਵੱਖ ਪੇਸ਼ਕਾਰੀਆਂ ਕੀਤੀਆਂ ਗਈਆਂ ਜਿੰਨ੍ਹਾਂ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਨਾਚ ਨਾਟਿਕਾ ‘ਘਨਸ਼ਿਆਮ’ ਖਿੱਚ ਦਾ ਕੇਂਦਰ ਰਿਹਾ, ਜਿਸ ਵਿੱਚ ਨੰਨੇ ਕਲਾਕਾਰਾਂ ਨੇ ਸ਼ੁੱਧ ਸ਼ਾਸਤਰੀ ਸ਼ੈਲੀ ਰਾਹੀਂ ਨਸ਼ਿਆਂ ਦੀ ਬੁਰਾਈ ‘ਤੇ ਆਧਾਰਿਤ ਇੱਕ ਗੰਭੀਰ ਤੇ ਭਾਵੁਕ ਕਹਾਣੀ ਨੂੰ ਨਾਚ ਅਤੇ ਅਭਿਨੇ ਦੁਆਰਾ ਜਾਗਰੂਕਤਾ ਫੈਲਾਈ। ਨਾਟਿਕਾ ਵਿੱਚ ਲਲਿਤਾ ਦੇ ਸੰਘਰਸ਼ ਨੂੰ ਦਰਸਾਇਆ ਗਿਆ ਜੋ ਆਪਣੇ ਪਤੀ ਘਨਸ਼ਿਆਮ ਨੂੰ ਨਸ਼ਿਆਂ ਦੇ ਚੰਗਲ ਤੋਂ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਸਾਰੀ ਕੋਸ਼ਿਸ਼ਾਂ ਦੇ ਬਾਵਜੂਦ, ਘਨਸ਼ਿਆਮ ਆਪਣੀ ਲਤ ਕਾਰਨ ਆਪਣੀ ਜ਼ਿੰਦਗੀ ਗਵਾ ਬੈਠਦਾ ਹੈ। ਇਸ ਘਟਨਾ ਤੋਂ ਦੁਖੀ ਹੋ ਕੇ ਲਲਿਤਾ ਵੀ ਆਪਣੇ ਪ੍ਰਾਣ ਤਿਆਗ ਦਿੰਦੀ ਹੈ। ਮੁੱਖ ਮਹਿਮਾਨ ਡੀ.ਸੀ. ਸ਼ੌਕਤ ਅਹਿਮਦ ਪਰੇ ਨੇ ਕਥਕ ਦੀ ਸ਼ੁੱਧ ਸ਼ਾਸਤਰੀ ਸ਼ੈਲੀ ਵਿੱਚ ਨੰਨੇ ਕਲਾਕਾਰਾਂ ਦੀ ਭਾਵਨਾਵਾਂ ਅਤੇ ਕਲਾ ਪ੍ਰਤੀ ਸਮਰਪਣ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਸ੍ਰੀਮਤੀ ਪ੍ਰੇਰਣਾ ਵਾਲਿਵਾਡੇਕਰ ਨੂੰ ਮੁਬਾਰਕਬਾਦ ਦਿੱਤੀ।
ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਲੋਕ ਤਕਨੀਕ ਦੀ ਦੌੜ ਵਿੱਚ ਜੀਵਨ ਮੁੱਲ ਭੁੱਲ ਰਹੇ ਹਨ, ਉੱਥੇ ਕਲਾ ਰਾਹੀਂ ਬੱਚਿਆਂ ਨੂੰ ਕਦਰਾਂ ਕੀਮਤਾਂ ਨਾਲ ਜੋੜਣਾ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਇੱਕ ਵਿਲੱਖਣ ਕਦਮ ਹੈ, ਜੋ ਭਵਿੱਖ ਵਿੱਚ ਉਨ੍ਹਾਂ ਦੀ ਮਜ਼ਬੂਤ ਨੀਂਹ ਰਖੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੇ ਵਿਸ਼ੇਸ਼ ਸਮਾਗਮਾਂ ਵਿੱਚ ਸਰਕਾਰੀ ਸਕੂਲਾਂ ਅਤੇ ਹੋਰ ਬੱਚਿਆਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ, ਤਾਂ ਜੋ ਉਹ ਵੀ ਪ੍ਰੇਰਨਾ ਲੈ ਕੇ ਕਲਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਸਕਣ। ਸ੍ਰੀ ਪਰੇ ਨੇ ਭਵਿੱਖ ਵਿੱਚ ਅਜਿਹੀਆਂ ਕੋਸ਼ਿਸ਼ਾਂ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਸ੍ਰੀਮਤੀ ਪ੍ਰੇਰਣਾ ਵਾਲਿਵਾਡੇਕਰ ਨੇ ਆਖਿਆ ਕਿ ਨਾਚ ਹਮੇਸ਼ਾ ਹੱਦਾਂ ਤੋਂ ਉਪਰ ਚਲ ਕੇ ਲੋਕਾਂ ਨੂੰ ਜੋੜਦਾ ਹੈ ਅਤੇ ਰਚਨਾਤਮਕਤਾ ਅਤੇ ਪਰੰਪਰਾਵਾਂ ਦਾ ਸੁੰਦਰ ਮੇਲ ਪੇਸ਼ ਕਰਦਾ ਹੈ। ਅੰਤ ਵਿੱਚ ਡੀ.ਸੀ. ਸ਼ੌਕਤ ਅਹਿਮਦ ਪਰੇ ਅਤੇ ਸ੍ਰੀ ਐਮ.ਬੀ. ਗੋਹਿਲ ਨੇ ਸਮਾਗਮ ਵਿੱਚ ਭਾਗ ਲੈਦ ਵਾਲਿਆਂ ਨੂੰ ਸਨਮਾਨਿਤ ਕੀਤਾ।