"ਸੀ.ਐੱਮ.ਦੀ ਯੋਗਸ਼ਾਲਾ" ਦੇ ਦੋ ਸਾਲ ਪੂਰੇ ਹੋਣ ‘ਤੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਦਿੱਤੀਆਂ ਵਧਾਈਆਂ
ਅਸ਼ੋਕ ਵਰਮਾ
ਬਠਿੰਡਾ, 27 ਅਪ੍ਰੈਲ 2025 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿਹਤਮੰਦ ਪੰਜਾਬ ਤਹਿਤ ਸ਼ੁਰੂ ਕੀਤੀ "ਸੀ.ਐੱਮ. ਦੀ ਯੋਗਸ਼ਾਲਾ" ਸ਼ਲਾਘਾਯੋਗ ਕੰਮ ਕਰਨ ਦੇ ਨਾਲ-ਨਾਲ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ’ਚੋ ਕੱਢਣ ਵਿੱਚ ਆਪਣੀ ਭੂਮਿਕਾ ਨਿਭਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ "ਸੀ.ਐਮ.ਦੀ ਯੋਗਸ਼ਾਲਾ" ਦੇ ਦੋ ਸਾਲ ਪੂਰੇ ਹੋਣ ‘ਤੇ ਜ਼ਿਲ੍ਹਾ ਵਾਸੀਆਂ ਅਤੇ ਯੋਗ ਪ੍ਰੇਮੀਆਂ ਨੂੰ ਵਧਾਈ ਦਿੰਦਿਆਂ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਿਛਲੇ ਸਾਲ ਤੋਂ "ਸੀ.ਐਮ.ਦੀ ਯੋਗਸ਼ਾਲਾ" ਤਹਿਤ 24 ਤਜ਼ਰਬੇਕਾਰ ਯੋਗ ਟ੍ਰੇਨਰਾਂ ਵਲੋਂ ਰੋਜ਼ਾਨਾ 132 ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਸ ਵਿੱਚ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀਆਂ ਦੁਆਰਾ ਭਰਪੂਰ ਲਾਹਾ ਲਿਆ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਰੋਜ਼ਾਨਾ ਦੇ ਤੌਰ ‘ਤੇ ਲੱਗ ਰਹੀਆਂ ਕਲਾਸਾਂ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਆਪਣੀ ਅਤੇ ਆਪਣੇ ਸਮਾਜ ਦੀ ਤੰਦਰੁਸਤੀ ਲਈ ਪੰਜਾਬ ਸਰਕਾਰ ਵਲੋਂ ਚਲਾਏ ਇਸ ਅਭਿਆਨ ਨੂੰ ਸਫਲ ਬਨਾਉਣ ਦੀ ਪੁਰਜ਼ੋਰ ਅਪੀਲ ਕੀਤੀ।
"ਸੀ.ਐਮ.ਦੀ ਯੋਗਸ਼ਾਲਾ" ਦੇ ਜ਼ਿਲ੍ਹਾ ਕੋਆਡੀਇਟਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਯੋਗ ਕਿਸੇ ਵੀ ਉਮਰ ਜਾਂ ਕਿਸੇ ਵੀ ਵਰਗ ਦਾ ਕੋਈ ਵੀ ਵਿਅਕਤੀ ਆਪਣੀ ਸਰੀਰਿਕ ਸ਼ਕਤੀ ਅਨੁਸਾਰ ਅਤੇ ਆਪਣੀ ਸਹੂਲਤ ਅਨੁਸਾਰ 30 ਤੋਂ 60 ਮਿੰਟ ਤੱਕ ਸਾਂਤ ਵਾਤਾਵਰਣ ਵਿੱਚ ਹਲਕੇ ਕੱਪੜੇ ਪਾ ਕੇ ਕਿਸੇ ਦਰੀ ਜਾਂ ਮੈਟ ਵਿਛਾ ਕੇ ਸਵੇਰੇ ਜਾਂ ਫਿਰ ਸ਼ਾਮ ਨੂੰ ਖਾਲੀ ਪੇਟ ਕੋਈ ਵੀ ਯੋਗ ਆਸਨ ਕਰ ਸਕਦਾ ਹੈ, ਸਿਰਫ਼ ਬਿਮਾਰੀ ਦੀ ਹਾਲਤ ਵਿੱਚ ਯੋਗ ਨਹੀਂ ਕਰਨਾ ਚਾਹੀਦਾ। ਯੋਗ ਕਰਨ ਨਾਲ ਕਈ ਤਰ੍ਹਾਂ ਦੀਆਂ ਆਉਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਜੋ ਅੱਜ ਕੱਲ੍ਹ ਸਾਡੇ ਆਹਾਰ-ਵਿਹਾਰ ਨਾਲ ਬਿਮਾਰੀਆਂ ਆ ਰਹੀਆਂ ਹਨ, ਉਹਨਾਂ ਨੂੰ ਵੀ ਰੋਕਿਆ ਜਾ ਸਕਦਾ ਹੈ। ਯੋਗ ਕਰਨ ਨਾਲ ਮਾਸਪੇਸ਼ੀਆਂ, ਨਸਾਂ, ਹਾਈ ਬਲੱਡ ਪ੍ਰੈਸਰ, ਸ਼ੂਗਰ, ਗਠੀਆ, ਮੋਟਾਪਾ, ਤਨਾਵ, ਥਾਇਰਾਇਡ, ਮਹਾਂਵਾਰੀ ਸਬੰਧਿਤ ਦਿੱਕਤਾਂ, ਸਾਹ ਪ੍ਰਣਾਲੀ ਸਬੰਧਿਤ ਬਿਮਾਰੀਆਂ ਨੂੰ ਕਾਫੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ।
ਉਹਨਾਂ ਅੱਗੇ ਦੱਸਿਆ ਕਿ ਹੁਣ ਤੱਕ ਯੋਗਾ ਕਲਾਸਾਂ ਨਾਲ ਜ਼ਿਲ੍ਹੇ ਦੇ 5260 ਮੈਂਬਰ ਜੁੜ ਚੁੱਕੇ ਹਨ। ਇਨ੍ਹਾਂ ਯੋਗਾ ਕਲਾਸਾਂ ਨਾਲ ਜੁੜਨ ਲਈ ਟੋਲ ਫ਼ਰੀ ਮੋਬਾਇਲ ਨੰਬਰ 76694-00500 ਜਾਂ ਵੈਬ ਸਾਈਟ https://cmdiyogshala.punjab.gov.in ’ਤੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।