ਸਰਕਾਰੀ ਕਾਲਜ ਗੁਰਦਾਸਪੁਰ ਦੀ ਸਲਾਨਾ ਕਾਨਵੋਕੇਸ਼ਨ ਹੋਈ
- ਕਾਲਜ ਦੇ 450 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ
ਰੋਹਿਤ ਗੁਪਤਾ
ਗੁਰਦਾਸਪੁਰ, 27 ਅਪ੍ਰੈਲ 2025 - ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਅੱਜ ਸੈਸ਼ਨ 2022-23, 2023-24 ਦੌਰਾਨ ਪਾਸ ਹੋਏ ਵਿਦਿਆਰਥੀਆਂ ਦਾ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਕਰਮਜੀਤ ਸਿੰਘ, ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਅਤਿ-ਵਿਸ਼ਿਸ਼ਟ ਮਹਿਮਾਨ ਵਜੋਂ ਸ਼੍ਰੀ ਰਮਨ ਬਹਿਲ, ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਨਿਰਮਲ ਜੌੜਾ, ਡਾਇਰੈਕਟਰ, ਯੁਵਕ ਭਲਾਈ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਸ਼ਿਰਕਤ ਕੀਤੀ।
ਸਭ ਤੋਂ ਪਹਿਲਾਂ ਆਏ ਹੋਏ ਮਹਿਮਾਨਾਂ ਦਾ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਵੱਲੋਂ ਗਾਰਡ ਆਫ ਆਨਰ ਦੇ ਕੇ ਸਨਮਾਨ ਕੀਤਾ ਗਿਆ।ਡਿਗਰੀ ਵੰਡ ਸਮਾਰੋਹ ਦੀ ਸ਼ੁਰੂਆਤ ਕਾਲਜ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਉਪਰੰਤ ਸ਼ਮਾ ਰੌਸ਼ਨ ਦੀ ਰਸਮ ਮੁੱਖ ਮਹਿਮਾਨ ਅਤੇ ਕਾਲਜ ਪ੍ਰਬੰਧਕਾਂ ਵੱਲੋਂ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ। ਕਾਲਜ ਦੇ ਪ੍ਰਿੰਸੀਪਲ ਨੇ ਮੁੱਖ ਮਹਿਮਾਨ ਪਾਸੋਂ ਡਿਗਰੀ ਵੰਡ ਸਮਾਰੋਹ ਦੀ ਰਸਮੀ ਸ਼ੁਰੂਆਤ ਕਰਨ ਦੀ ਪ੍ਰਵਾਨਗੀ ਲਈ ਅਤੇ ਕਾਲਜ ਦੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਰੋਲ ਆਫ ਆਨਰ ਦਿੱਤਾ ਗਿਆ।
ਕਾਲਜ ਦੇ ਐਮ.ਏ. (ਇਕਨਾਮਿਕਸ), ਪੀ.ਜੀ.ਡੀ.ਸੀ.ਏ. ਬੀ.ਐਸ.ਸੀ. (ਮੈਡੀਕਲ, ਨਾਨ ਮੈਡੀਕਲ, ਕੰਪਿਉਟਰ ਸਾਇੰਸ ਅਤੇ ਇਕਨਾਮਿਕਸ), ਬੀ.ਕਾਮ, ਬੀ.ਸੀ.ਏ. ਅਤੇ ਬੀ.ਏ. ਦੇ ਵੱਖ ਵੱਖ ਕੋਰਸਾਂ ਦੇ ਕੁੱਲ 450 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
ਇਸ ਮੌਕੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਆਪਣੇ ਭਾਸ਼ਣ ਵਿੱਚ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਸਮਾਜ ਵਿੱਚ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਾਲਜ ਨੂੰ ਨਵੇਂ ਕੋਰਸ ਦੇਣ ਦਾ ਐਲਾਨ ਕੀਤਾ।
ਇਸ ਦੌਰਾਨ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਵੀ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਸਿੱਖਿਆ ਦੇ ਨਾਲ ਉਚੇਰੀ ਸਿੱਖਿਆ ਵੱਲ ਵੀ ਵਿਸ਼ੇਸ਼ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ 55000 ਤੋਂ ਵੱਧ ਸਰਕਾਰੀ ਨੌਂਕਰੀਆਂ ਦਿੱਤੀਆਂ ਹਨ। ਉਨ੍ਹਾਂ ਨੌਜਵਾਨ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਖਤ ਮਿਹਨਤ ਕਰਨ ਸਫਲਤਾ ਉਨ੍ਹਾਂ ਦੇ ਕਦਮ ਜ਼ਰੂਰ ਚੁੰਮੇਗੀ।
ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਨਿਰਮਲ ਜੌੜਾ ਨੇ ਵਿਦਿਆਰਥੀਆਂ ਨੂੰ ਸ਼ੁੱਭ ਇਛਾਂਵਾਂ ਦੇ ਨਾਲ-ਨਾਲ ਨੈਤਿਕ ਸਿੱਖਿਆ `ਤੇ ਜ਼ੋਰ ਦੇਣ ਲਈ ਕਿਹਾ ਤਾਂ ਜੋ ਭਾਈਚਾਰਿਕ ਸਾਂਝ ਵਾਲਾ ਸਮਾਜ ਸਥਾਪਿਤ ਕੀਤਾ ਜਾ ਸਕੇ। ਡਾ. ਕਰਨਜੀਤ ਸ਼ਰਮਾ, ਰਜਿਸਟਰਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਾਲਾਨਾ ਕਨਵੋਕੇਸ਼ਨ ਦੀ ਸਮਾਪਤੀ ਦੀ ਪ੍ਰਵਾਨਗੀ ਲਈ। ਇਸ ਸਮੇਂ ਵੱਖ ਵੱਖ ਕਾਲਜਾਂ ਅਤੇ ਸਕੂਲਾਂ ਦੇ ਪ੍ਰਿੰਸੀਪਲ, ਸੇਵਾ ਮੁਕਤ ਪ੍ਰੋਫੈਸਰ ਅਤੇ ਹੋਰ ਪੱਤਵੰਤੇ ਮਹਿਮਾਨ ਹਾਜ਼ਰ ਸਨ। ਸਟੇਜ਼ ਸਕੱਤਰ ਦੀ ਜ੍ਹਿਮੇਵਾਰੀ ਡਾ. ਸੁਰਜੀਤ ਸਿੰਘ ਅਤੇ ਡਾ. ਪਵਨ ਕੁਮਾਰ ਨੇ ਬਾਖੁਬੀ ਨਿਭਾਈ।