1 ਮਈ ਨੂੰ ਪੰਜਾਬ ਦੇ ਐਨਪੀਐਸ ਕਰਮਚਾਰੀ ਕਰਨਗੇ ਦਿੱਲੀ ਕੂਚ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 27 ਅਪ੍ਰੈਲ ,2025 - ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਮਹਿੰਮ ਮੀਟਿੰਗ ਸ਼੍ਰੀ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਦੀ ਪ੍ਰਧਾਨਗੀ ਹੇਠ ਸਥਾਨਿਕ ਬਾਰਾਦਰੀ ਪਾਰਕ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਸ਼੍ਰੀ ਮਾਨ ਨੇ ਕਿਹਾ ਕਿ 1 ਮਈ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਨੈਸ਼ਨਲ ਮੂਵਮੈਂਟ ਓਲਡ ਪੈਨਸ਼ਨ ਐਸੋਸੀਏਸਨ(ਐਨ ਐਮ ਓ ਪੀ ਐਸ) ਵਲੋ ਜੰਤਰ-ਮੰਤਰ ਨਵੀਂ ਦਿੱਲੀ ਵਿਖੇ ਕੀਤੀ ਜਾ ਰਹੀ ਰਾਸ਼ਟਰ ਵਿਆਪੀ ਰੋਸ ਰੈਲੀ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਡੱਟਵਾ ਸਮਰਥਨ ਵੀ ਕਰੇਗੀ ਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਵੀ ਕਰੇਗੀ।
ਉਹਨਾਂ ਕਿਹਾ ਕਿ ਯੂ ਪੀ ਐਸ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਖੂਨ ਪਸੀਨੇ ਦੀ ਕਮਾਈ ਹੜੱਪਣ ਦੀ ਸਕੀਮ ਹੈ। ਇਸ ਸਕੀਮ ਨਾਲ ਮੁਲਾਜ਼ਮਾਂ ਦੀ ਸਮਾਜਿਕ ਸੁਰੱਖਿਆ ਯਕੀਨੀ ਨਹੀਂ ਹੁੰਦੀ ਸਗੋਂ ਉਸ ਦੇ ਪੈਸੇ ਰੱਖ ਕੇ ਉਸਦੀ ਜਮ੍ਹਾਂ ਰਕਮ ਤੇ ਹੀ ਵਿਆਜ ਨੂੰ ਪੈਨਸ਼ਨ ਦੇ ਰੂਪ ਵਿੱਚ ਪਰੋਸ ਰਹੀ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਇਹ ਸਕੀਮ ਬਹੁਤ ਵਧੀਆ ਹੈ ਤਾਂ ਵਿਧਾਇਕ ਅਤੇ ਸੰਸਦ ਮੈਂਬਰ ਇਸਨੂੰ ਆਪਣੇ ਤੇ ਕਿਉਂ ਨਹੀਂ ਲਾਗੂ ਕਰ ਰਹੇ ਇਹ ਸਿਰਫ ਸਰਕਾਰੀ ਕਰਮਚਾਰੀਆਂ ਲਈ ਹੀ ਕਿਉਂ…???
ਮਾਨ ਨੇ ਕਿਹਾ ਕਿ ਯੂਪੀਐਸ ਦੇ ਮਾਰੂ ਪ੍ਰਭਾਵਾਂ ਨੂੰ ਦੇਖਦਿਆਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਦੇਸ਼ ਦੇ ਸਾਰੇ ਰਾਜਾਂ ਦੀ ਐਨ ਐਮ ਓ ਪੀ ਐਸ ਦੇ ਬੈਨਰ ਹੇਠ ਹੋਣ ਵਾਲੀ ਰਾਸ਼ਟਰੀ ਪੱਧਰ ਦੀ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਤੇ ਡੱਟਵੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ। ਇਸ ਰੈਲੀ ਵਿੱਚ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਐਨਪੀਐਸ ਕਰਮਚਾਰੀ ਸ਼ਾਮਲ ਹੋ ਕੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਅਤੇ ਯੂਪੀਐਸ ਪੈਨਸ਼ਨ ਵਿਰੁੱਧ ਵਿਰੋਧ ਦਰਜ ਕਰਵਾਉਣਗੇ।ਕਿਉਂਕਿ ਪੁਰਾਣੀ ਪੈਨਸ਼ਨ ਸਕੀਮ ਦਾ ਕੋਈ ਵੀ ਪੈਨਸ਼ਨ ਪ੍ਰਣਾਲੀ ਬਦਲ ਨਹੀਂ ਬਣ ਸਕਦੀ ਅਤੇ ਨਾ ਹੀ ਸਮਾਜਿਕ ਸੁਰੱਖਿਆ ਯਕੀਨੀ ਬਣਾਉਂਦੀ ਹੈ।
ਇਸ ਮੌਕੇ ਰਮਨ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਸ਼੍ਰੀ ਗੁਰਦਿਆਲ ਮਾਨ ਦੀ ਅਗਵਾਈ ਹੇਠ ਘੱਟੋ ਘੱਟ 50 ਸਾਥੀਆਂ ਦਾ ਜੱਥਾ ਦਿੱਲੀ ਰੈਲੀ ਵਿੱਚ ਸ਼ਾਮਿਲ ਹੋਵੇਗਾ। ਜਿਸ ਲਈ ਜ਼ਿਲ੍ਹਾ ਬਾਡੀ ਵਲੋਂ ਰੈਲੀ ਵਿੱਚ ਸ਼ਾਮਿਲ ਹੋਣ ਦੇ ਪੁਖਤਾ ਪ੍ਰਬੰਧ ਅਤੇ ਰੂਪ ਰੇਖਾ ਤਿਆਰ ਕਰ ਲਈ ਗਈ ਹੈ। ਅੱਜ ਦੀ ਮੀਟਿੰਗ ਵਿੱਚ ਬਲਕਾਰ ਚੰਦ,ਰਾਮ ਲਾਲ ਚੂਹੜਪੁਰੀ,ਸੁਖਵਿੰਦਰ ਸਿੰਘ,ਸੁਖਦੇਵ ਸਿੰਘ,ਸੁਮਿਤ ਛਾਬੜਾ,ਤਜਿੰਦਰ ਕੌਰ,ਕਰਮਜੀਤ ਕੌਰ,ਆਸ਼ਾ ਰਾਣੀ,ਰਜਨੀ,ਕੁਲਦੀਪ ਕੌਰ ਮਾਨ ਅਤੇ ਸੁਖਵਿੰਦਰ ਕੌਰ ਆਦਿ ਹਾਜ਼ਰ ਸਨ ।