ਜਮਹੂਰੀ ਅਧਿਕਾਰ ਸਭਾ ਵਲੋਂ ਪਹਲਗਾਮ ਕਾਂਡ ਦੀ ਉੱਚ ਪੱਧਰੀ ਨਿਆਂਇਕ ਜਾਂਚ ਦੀ ਮੰਗ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 27 ਅਪ੍ਰੈਲ ,2025
ਜਮਹੂਰੀ ਅਧਿਕਾਰ ਸਭਾ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਪਹਲਗਾਮ ਕਾਂਡ ਵਿਚ ਮਾਰੇ ਗਏ ਨਿਰਦੋਸ਼ਾਂ ਪ੍ਰਤੀ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਜੰਗੀ ਮਹੌਲ ਨਾ ਸਿਰਜਣ ਦੀ ਮੰਗ ਕੀਤੀ ਹੈ । ਸਭਾ ਦੇ ਜਿਲਾ ਪ੍ਰਧਾਨ ਅਸ਼ੋਕ ਕੁਮਾਰ ਅਤੇ ਜਿਲਾ ਸਕੱਤਰ ਜਸਬੀਰ ਦੀਪ ਨੇ ਕਿਹਾ ਹੈ ਕਿ ਇਸ ਹੌਲਨਾਕ ਘਟਨਾ ਦੀ ਉਚ ਪੱਧਰੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਇਸ ਕਾਂਡ ਦਾ ਅਸਲੀ ਸੱਚ ਦੇਸ਼ ਦੇ ਲੋਕਾਂ ਸਾਹਮਣੇ ਆ ਸਕੇ।
ਅਜਿਹੇ ਮਹੌਲ ਅੰਦਰ ਹਿੰਦੂ ਅਤੇ ਮੁਸਲਿਮਾਂ ਵਿਚਕਾਰ ਨਫਰਤ ਲਈ ਇਕ ਵਿਰਤਾਂਤ ਸਿਰਜਿਆ ਜਾ ਰਿਹਾ ਹੈ।ਇਸਦੇ ਪਰਦੇ ਪਿੱਛੇ ਬਹੁਤ ਕੁਝ ਲੋਕ ਵਿਰੋਧੀ ਕੀਤਾ ਜਾ ਰਿਹਾ ਹੈ।
ਪਹਿਲਗਾਮ ਕਾਂਡ ਦੇ ਦਿਨਾਂ ਅੰਦਰ ਅਮਰੀਕਾ ਦਾ ਉੱਪ ਰਾਸ਼ਟਰਪਤੀ ਕੇ ਡੀ ਵੈਂਸ ਆਇਆ ਹੋਇਆ ਸੀ।ਉਸ ਸਮੇਂ ਭਾਰਤ ਅਤੇ ਅਮਰੀਕਾ ਦਰਮਿਆਨ ਕੀ ਕੀ ਸਮਝੌਤੇ ਹੋਏ ਉਸਦੀ ਜਾਣਕਾਰੀ ਮੀਡੀਆ ਨੂੰ ਵੀ ਨਹੀਂ ਦਿੱਤੀ ਗਈ, ਉਸਨੂੰ ਜਨਤਕ ਕੀਤਾ ਜਾਵੇ।
ਕਈ ਮੀਡੀਆ ਚੈਨਲਾਂ ਵਲੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਯੁੱਧ ਦਾ ਮਹੌਲ ਘੜਿਆ ਜਾ ਰਿਹਾ ਹੈ ।ਦੋਵਾਂ ਦੇਸ਼ਾਂ ਦੀ ਫੌਜੀ ਤਾਕਤ ਦੀ ਤੁਲਨਾ ਕੀਤੀ ਜਾ ਰਹੀ ਹੈ।ਏ ਸੀ ਕਮਰਿਆਂ ਵਿਚ ਬੈਠਕੇ ਯੁੱਧ ਦੀਆਂ ਗੱਲਾਂ ਕਰਨਾ ਸੁਖਾਂਤਕ ਲੱਗ ਸਕਦਾ ਹੈ।ਯੁੱਧ ਕਿੰਨੀ ਤਬਾਹੀ ਕਰ ਸਕਦਾ ਹੈ ਇਸਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ।ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਪ੍ਰਮਾਣੂ ਸ਼ਕਤੀਆਂ ਹਨ।ਪ੍ਰਮਾਣੂ ਹਥਿਆਰਾਂ ਦਾ ਇਸਤੇਮਾਲ ਕਿੰਨੀ ਕੁ ਵਿਆਪਕ ਤਬਾਹੀ ਕਰ ਸਕਦਾ ਹੈ ਇਸਦੀ ਗਵਾਹੀ ਜਪਾਨੀ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਿਕੀ ਅੱਜ ਵੀ ਦੇ ਰਹੇ ਹਨ।ਇਸ ਲਈ ਯੁੱਧ ਦਾ ਵਿਰੋਧ ਸਾਡੀਆਂ ਮੌਜੂਦਾ ਅਤੇ ਭਵਿੱਖੀ ਤਰਜੀਹਾਂ ਵਿਚ ਸ਼ਾਮਲ ਹੋਣਾਂ ਚਾਹੀਦਾ ਹੈ।