ਰਵੀਇੰਦਰ ਸਿੰਘ ਦੇ ਸਹਿਯੋਗ ਨਾਲ ਜਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਕਰਵਾਈ
ਮੋਰਿੰਡਾ ਵਿੱਚ ਭਰਤੀ ਨੂੰ ਲੈਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ
ਮੋਰਿੰਡਾ 31 ਮਾਰਚ 2025 : ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਬਣੀ ਭਰਤੀ ਕਮੇਟੀ ਰਾਹੀਂ ਜਾਰੀ ਭਰਤੀ ਮੁਹਿੰਮ ਨੂੰ ਪੂਰੇ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਲੜੀ ਦੇ ਤਹਿਤ ਮੋਰਿੰਡਾ ਵਿੱਚ ਸਰਦਾਰ ਰਵੀਇੰਦਰ ਸਿੰਘ ਦੇ ਸਹਿਯੋਗ ਨਾਲ ਹੋਏ ਵੱਡੇ ਇਕੱਠ ਸਮੇਂ ਜੱਥੇਦਾਰ ਸੰਤਾ ਸਿੰਘ ਉਮੈਦਪੁਰ ਦੀ ਹਾਜ਼ਰੀ ਵਿੱਚ ਭਰਤੀ ਦਾ ਆਗਾਜ਼ ਹੋਇਆ। ਸਰਦਾਰ ਰਵੀਇੰਦਰ ਸਿੰਘ ਜਿਨਾ ਨੇ ਆਪਣਾ ਦਲ ਅਕਾਲੀ ਦਲ 1920 ਨੂੰ ਪੰਜ ਮੈਂਬਰੀ ਭਰਤੀ ਕਮੇਟੀ ਵਿੱਚ ਮਰਜ ਕਰਕੇ ਭਰਤੀ ਲਈ ਮੁਹਿੰਮ ਨੂੰ ਤੇਜ ਕੀਤਾ ਹੋਇਆ ਹੈ, ਓਹਨਾ ਦੇ ਸਹਿਯੋਗ ਨਾਲ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਲਾਮਬੰਦ ਹੋ ਰਹੇ ਹਨ।
ਇਸ ਮੌਕੇ ਖਾਸ ਤੌਰ ਤੇ ਹਾਜ਼ਰ ਰਹੇ ਭਰਤੀ ਕਮੇਟੀ ਮੈਬਰ ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ, ਜਿਸ ਤਰ੍ਹਾ ਵਰਕਰਾਂ ਦੇ ਵਿੱਚ ਭਰਤੀ ਨੂੰ ਲੈਕੇ ਜੋਸ਼ ਨਜਰ ਆ ਰਿਹਾ ਹੈ ਉਹ ਸਾਬਿਤ ਕਰਦਾ ਹੈ ਕਿ, ਆਉਣ ਵਾਲੇ ਦਿਨਾਂ ਅੰਦਰ ਇਹ ਕਾਫਲਾ ਪੰਜਾਬ ਦੀ ਤਕਦੀਰ ਨੂੰ ਬਦਲਣ ਵਾਲੀ ਮੁਹਿੰਮ ਦੇ ਰੂਪ ਵਿੱਚ ਵਧੇਗਾ।
ਜੱਥੇਦਾਰ ਉਮੈਦਪੁਰੀ ਨੇ ਹਰ ਅਕਾਲੀ ਸੋਚ ਦੇ ਹਿਤੈਸ਼ੀ ਆਗੂ ਅਤੇ ਵਰਕਰ ਨੂੰ ਕਿਹਾ ਕਿ, ਆਓ ਅੱਗੇ ਆ ਕੇ ਵੱਧ ਤੋਂ ਵੱਧ ਭਰਤੀ ਮੁਹਿੰਮ ਨਾਲ ਜੁੜੀਏ ਤਾਂ ਜੋ ਪੰਥ ਦੀ ਨੁਮਾਇਦਾ ਅਤੇ ਪੰਜਾਬ ਦੀ ਮਾਂ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਸਕੇ।
ਸਰਦਾਰ ਰਵੀਇੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ, ਉਸੇ ਭਾਵਨਾ ਦੇ ਚਲਦੇ ਉਹਨਾਂ ਵਲੋ ਵੀ ਸਮਰਪਿਤ ਹੋਕੇ ਇਲਾਹੀ ਹੁਕਮਾਂ ਤੇ ਪਹਿਰਾ ਦਿੱਤਾ ਜਾ ਰਿਹਾ ਹੈ। ਸਰਦਾਰ ਰਵੀਇੰਦਰ ਸਿੰਘ ਨੇ ਕਿਹਾ ਕਿ ਅਕਾਲੀ ਸੋਚ ਹੀ ਪੰਜਾਬ, ਪੰਥ ਹਿਤੈਸ਼ੀ ਹੋ ਸਕਦੀ ਹੈ। ਪੰਜਾਬ ਨਾਲ ਵਿਤਕਰੇ ਦੀ ਗੱਲ ਸਿਰਫ ਤੇ ਸਿਰਫ ਅਕਾਲੀ ਸੋਚ ਦਾ ਹਿਤੈਸ਼ੀ ਵਰਕਰ ਹੀ ਕਰ ਸਕਦਾ ਹੈ। ਸਰਦਾਰ ਰਵੀਇੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਪੂਰੇ ਪੰਜਾਬ ਵਿੱਚ ਵੱਡੇ ਪ੍ਰੋਗਰਾਮਾਂ ਨੂੰ ਉਲੀਕਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਰਦਾਰ ਰਵੀਇੰਦਰ ਸਿੰਘ ਨੇ ਕਿਹਾ ਬੇਸ਼ਕ ਓਹ ਲੰਮੇ ਸਮੇਂ ਤੋਂ ਪੰਜਾਬ ਅਤੇ ਪੰਥਕ ਮੁੱਦਿਆਂ ਨੂੰ ਉਭਾਰਦੇ ਰਹੇ ਹਨ, ਖਾਸ ਤੌਰ ਤੇ ਐਸਜੀਪੀਸੀ ਦੇ ਪ੍ਰਬੰਧਾਂ ਵਿੱਚ ਆਏ ਨਿਘਾਰ ਦੀ ਅਵਾਜ ਉਠਾਉਂਦੇ ਰਹੇ ਹਾਂ, ਹੁਣ ਤੱਕ ਲੜਾਈ ਆਪਣੇ ਦਲ ਹੇਠ ਮਜ਼ਬੂਤੀ ਨਾਲ ਲੜੀ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਾਂ ਤੋਂ ਬਾਅਦ ਹਰ ਸਿੱਖ ਨੂੰ ਚਾਹੀਦਾ ਹੈ ਕਿ ਉਹ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਭਰਤੀ ਮੁਹਿੰਮ ਦਾ ਹਿੱਸਾ ਬਣਨ ਅਤੇ ਐਸਜੀਪੀਸੀ ਲਈ ਆ ਰਹੀ ਆਮ ਚੋਣ ਵਿੱਚ ਗੁਰੂ ਸਾਹਿਬ ਨੂੰ ਸਮਰਪਿਤ ਮੈਬਰਾਂ ਨੂੰ ਚੁਣ ਕੇ ਭੇਜਣ।