ਵਿਧਾਨ ਸਭਾ ਸੈਸ਼ਨ ਵਿੱਚੋਂ ਪਰਤੇ MLA ਜਗਦੀਪ ਕੰਬੋਜ ਗੋਲਡੀ ਦਾ ਇਲਾਕਾ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ
- ਜਲਾਲਾਬਾਦ ਬਾਈਪਾਸ, ਅਰਨੀ ਵਾਲਾ ਦਾਣਾ ਮੰਡੀ ਪ੍ਰਵਾਨ ਕਰਵਾਉਣ ਲਈ ਇਲਾਕਾ ਵਾਸੀਆਂ ਨੇ ਵਿਧਾਇਕ ਦਾ ਕੀਤਾ ਧੰਨਵਾਦ
ਜਲਾਲਾਬਾਦ 29 ਮਾਰਚ 2025 - ਵਿਧਾਨ ਸਭਾ ਦੇ ਸੈਸ਼ਨ ਦੌਰਾਨ ਹਲਕੇ ਦੀਆਂ ਮੰਗਾਂ ਨੂੰ ਜ਼ੋਰਦਾਰ ਤਰੀਕੇ ਨਾਲ ਉਠਾ ਕੇ ਉਹਨਾਂ ਦੇ ਹੱਲ ਕਰਵਾਉਣ ਤੋਂ ਬਾਅਦ ਆਪਣੇ ਹਲਕੇ ਵਿੱਚ ਪਰਤੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦਾ ਇਲਾਕੇ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਜੋਰਦਾਰ ਸਵਾਗਤ ਕੀਤਾ ਗਿਆ। ਇੱਥੋਂ ਦੇ ਸ਼ਹੀਦ ਉਧਮ ਸਿੰਘ ਚੌਂਕ ਵਿਖੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਵੱਡੀ ਭੀੜ ਦੀ ਹਾਜ਼ਰੀ ਵਿੱਚ ਵਿਧਾਇਕ ਦਾ ਧੰਨਵਾਦ ਕੀਤਾ, ਜਿਨਾਂ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਹਲਕੇ ਦੇ ਕਈ ਮਹੱਤਵਪੂਰਨ ਮੁੱਦੇ ਨਾ ਕੇਵਲ ਉਠਾਏ ਬਲਕਿ ਉਹਨਾਂ ਦੀ ਸਰਕਾਰ ਤੋਂ ਪ੍ਰਵਾਨਗੀ ਵੀ ਲਈ।
ਜਿਕਰ ਯੋਗ ਹੈ ਕਿ ਇਸ ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਨਾਲ ਜਲਾਲਾਬਾਦ ਬਾਈਪਾਸ ਬਣਾਏ ਜਾਣ ਦਾ ਐਲਾਨ ਹੋਇਆ ਹੈ। ਇਹ ਬਾਈਪਾਸ ਫਾਜ਼ਿਲਕਾ ਫਿਰੋਜ਼ਪੁਰ ਰੋਡ ਨੂੰ ਸ਼ਹਿਰ ਦੇ ਬਾਹਰ ਦੀ ਜੋੜੇਗੀ। ਇਸ ਦੇ ਬਣਨ ਨਾਲ ਸ਼ਹਿਰ ਵਿੱਚ ਜਿੱਥੇ ਟਰੈਫਿਕ ਵਿਵਸਥਾ ਵਿੱਚ ਵੱਡਾ ਸੁਧਾਰ ਹੋਵੇਗਾ ਉੱਥੇ ਹੀ ਇਸ ਨਾਲ ਫਾਜ਼ਿਲਕਾ ਤੋਂ ਫਿਰੋਜ਼ਪੁਰ ਜਾਣ ਵਾਲਿਆਂ ਨੂੰ ਵੀ ਘੱਟ ਸਮਾਂ ਲੱਗੇਗਾ। ਇਸੇ ਤਰ੍ਹਾਂ ਵਿਧਾਇਕ ਦੇ ਯਤਨਾਂ ਨਾਲ ਅਰਨੀਵਾਲਾ ਵਿਖੇ ਨਵੀਂ ਅਨਾਜ ਮੰਡੀ ਬਣਾਉਣੀ ਸਰਕਾਰ ਨੇ ਪ੍ਰਵਾਨ ਕੀਤੀ ਹੈ। ਇਸ ਮੰਡੀ ਵਿੱਚ ਆਮ ਜਿਣਸਾਂ ਦੇ ਨਾਲ ਨਾਲ ਨਰਮਾ ਜਾਮੁਨ ਅਤੇ ਝਿੰਗੇ ਦੇ ਮੰਡੀਕਰਨ ਲਈ ਵੀ ਸ਼ੈਡ ਬਣਾਏ ਜਾਣਗੇ। ਇਸ ਤੋਂ ਬਿਨਾਂ ਵਿਧਾਇਕ ਵੱਲੋਂ ਇਸ ਪਿਛਲੇ ਸੈਸ਼ਨ ਦੌਰਾਨ ਜਲਾਲਾਬਾਦ ਦੇ ਹਸਪਤਾਲ ਦਾ ਮੁੱਦਾ ਅਤੇ ਸੜਕਾਂ ਦਾ ਮੁੱਦਾ ਵੀ ਪ੍ਰਭਾਵੀ ਤਰੀਕੇ ਨਾਲ ਵਿਧਾਨ ਸਭਾ ਵਿੱਚ ਰੱਖਿਆ ਗਿਆ ਸੀ।
ਲੋਕਾਂ ਵੱਲੋਂ ਕੀਤੇ ਸਵਾਗਤ ਲਈ ਧੰਨਵਾਦ ਕਰਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਇਹ ਤਾਕਤ ਲੋਕਾਂ ਨੇ ਦਿੱਤੀ ਹੈ ਅਤੇ ਉਹ ਇਸੇ ਤਰ੍ਹਾਂ ਮਜਬੂਤੀ ਨਾਲ ਆਪਣੇ ਹਲਕੇ ਦੇ ਲੋਕਾਂ ਦਾ ਪੱਖ ਸਰਕਾਰ ਅਤੇ ਵਿਧਾਨ ਸਭਾ ਵਿੱਚ ਰੱਖਦੇ ਰਹਿਣਗੇ । ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਲਾਕੇ ਦੇ ਸਰਬਪੱਖੀ ਵਿਕਾਸ ਲਈ ਪ੍ਰਤੀਬੱਧ ਹੈ ਅਤੇ ਇਲਾਕੇ ਦੀ ਹਰ ਮੰਗ ਨੂੰ ਪੂਰਾ ਕੀਤਾ ਜਾਵੇਗਾ।
2 | 8 | 3 | 0 | 8 | 0 | 7 | 4 |