ਯੂਨੀਵਰਸਿਟੀ ਕਾਲਜ ਬੇਨੜਾ ਦੀ ਇੱਕ ਰੋਜ਼ਾ ਐਥਲੈਟਿਕ ਮੀਟ ਸੰਪੰਨ
ਦਲਜੀਤ ਕੌਰ
ਧੂਰੀ, 01 ਮਾਰਚ, 2025: ਯੂਨੀਵਰਸਿਟੀ ਕਾਲਜ ਬੇਨੜਾ ਵਿਖੇ 8ਵੀਂ ਸਲਾਨਾ ਐਥਲੈਟਿਕ ਮੀਟ ਕਾਲਜ ਪ੍ਰਿੰਸੀਪਲ ਡਾ. ਹਰਵਿੰਦਰ ਸਿੰਘ ਮੰਡ ਦੀ ਸਰਪ੍ਰਸਤੀ ਵਿੱਚ ਕਰਵਾਈ ਗਈ। ਇਸ ਮੀਟ ਦੇ ਉਦਘਾਟਨੀ ਸਮਾਰੋਹ ਸਮੇਂ ਮੁੱਖ ਮੰਤਰੀ ਪੰਜਾਬ ਦੇ ਓ.ਐੱਸ.ਡੀ. ਦਲਬੀਰ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸਰਕਾਰ ਦਾ ਮੁੱਖ ਮਨੋਰਥ ਹੈ। ਕਾਲਜ ਦੀ ਹਰ ਮੰਗ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਆਪਣੇ ਮੰਤਵ ਨੂੰ ਮੁੱਖ ਰੱਖ ਕੇ ਮਿਹਨਤ ਕਰਨ ਨਾਲ ਫ਼ਲ ਜ਼ਰੂਰ ਮਿਲਦਾ ਹੈ।
ਸਰੀਰਿਕ ਸਿੱਖਿਆ ਵਿਭਾਗ ਦੇ ਐਸੋਸੀਏਟ ਪ੍ਰੋਫ਼ੈਸਰ ਤੇ ਐਥਲੈਟਿਕ ਮੀਟ ਦੇ ਪ੍ਰਬੰਧਕੀ ਸਕੱਤਰ ਡਾ. ਸੰਜੀਵ ਦੱਤਾ ਨੇ ਕਿਹਾ ਕਿ ਲੜਕੇ ਤੇ ਲੜਕੀਆਂ ਨੇ ਰੇਸ, ਰਿਲੇਅ, ਲੰਮੀ ਛਾਲ, ਡਿਸਕਸ, ਗੋਲਾ ਸੁੱਟਣਾ, ਰੱਸਾਕਸ਼ੀ ਅਤੇ ਤਿੰਨ ਟੰਗੀ ਦੌੜ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਖੇਡ ਸਮਾਰੋਹ ਵਿੱਚ ਸਰਵੋਤਮ ਹਾਊਸ ਸ਼ਹੀਦ ਭਗਤ ਸਿੰਘ, ਲੜਕਿਆਂ ਵਿੱਚੋਂ ਸਰਵੋਤਮ ਅਥਲੀਟ ਗੁਰਪ੍ਰੀਤ ਸਿੰਘ ਅਤੇ ਲੜਕੀਆਂ ਵਿੱਚੋਂ ਸਰਵੋਤਮ ਅਥਲੀਟ ਰਜਨੀ ਗਰਗ ਨੂੰ ਐਲਾਨ ਕੀਤਾ ਗਿਆ।
ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਲੱਖਾ ਨੇ ਖਿਡਾਰੀਆਂ ਲਈ ਮੈਡਲ ਅਤੇ ਟਰਾਫ਼ੀਆਂ ਦਾ ਪ੍ਰਬੰਧ ਕਰਨ ਲਈ ਪੰਦਰਾਂ ਹਜ਼ਾਰ ਰੁਪਏ ਦਿੱਤੇ। ਕਾਲਜ ਤੋਂ ਪਾਸ ਹੋਏ ਵਿਦਿਆਰਥੀ ਦਿਲਪ੍ਰੀਤ ਸਿੰਘ ਨੇ ਖਿਡਾਰੀਆਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ। ਇਸੇ ਤਰ੍ਹਾਂ ਗੁਰਦੁਆਰਾ ਸ਼ਹੀਦਸਰ ਢੱਕੀ ਸਾਹਿਬ ਦੇ ਬਾਬਾ ਸਤਿਗੁਰ ਸਿੰਘ ਨੇ ਵਿਦਿਆਰਥੀਆਂ ਤੇ ਸਟਾਫ਼ ਲਈ ਪਕੌੜਿਆਂ ਦਾ ਪ੍ਰਬੰਧ ਕੀਤਾ। ਕਾਲਜ ਦੇ ਪ੍ਰੋ. ਗੁਰਦੀਪ ਸਿੰਘ ਤੇ ਪ੍ਰੋ. ਅਮਰਪ੍ਰੀਤ ਕੌਰ ਨੇ ਵੀ ਰਿਫਰੈਸ਼ਮੈਂਟ ਲਈ ਵਿੱਤੀ ਯੋਗਦਾਨ ਪਾਇਆ। ਵਿਦਿਆਰਥੀਆਂ ਦੇ ਰੱਸਾਕਸ਼ੀ ਦੇ ਅਭਿਆਸ ਲਈ ਕੈਨੇਡਾ ਵਾਸੀ ਸੁਖਵੀਰ ਸਿੰਘ ਧੂਰਾ ਨੇ ਕਾਲਜ ਨੂੰ ਰੱਸਾ ਭੇਂਟ ਕੀਤਾ ਅਤੇ ਰਾਹੁਲ ਕੁਮਾਰ ਨੇ ਐਥਲੈਟਿਕ ਮੀਟ ਦੀ ਮੁਫ਼ਤ ਫ਼ੋਟੋਗ੍ਰਾਫੀ ਕੀਤੀ।
ਕਾਲਜ ਪ੍ਰਿੰਸੀਪਲ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕਰਨ ਦੇ ਨਾਲ ਉਨ੍ਹਾਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਪ੍ਰਿੰਸੀਪਲ ਨੇ ਖੇਡ ਸਮਾਰੋਹ ਨੂੰ ਸਫ਼ਲ ਬਣਾਉਣ ਲਈ ਦਾਨੀ ਸ਼ਖ਼ਸੀਅਤਾਂ ਤੇ ਸਮੂਹ ਸਟਾਫ਼ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਇਸ ਮੌਕੇ ਸਰੀਰਿਕ ਸਿੱਖਿਆ ਵਿਭਾਗ ਦੇ ਪ੍ਰੋ: ਦੀਪਕ ਸਿੰਘ ਤੇ ਪ੍ਰੋ: ਵੀਰਪਾਲ ਕੌਰ ਤੋਂ ਇਲਾਵਾ ਪ੍ਰਿੰਸੀਪਲ ਡਾ. ਅਮਰਜੀਤ ਸਿੰਘ, ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ, ਬੇਨੜਾ ਪਿੰਡ ਦੇ ਸਰਪੰਚ ਗੁਪਾਲ ਕ੍ਰਿਸ਼ਨ, ਰੋਟਰੀ ਕਲੱਬ ਧੂਰੀ ਦੇ ਪ੍ਰਧਾਨ ਰੋਟੇਰੀਅਨ ਬਲਜੀਤ ਸਿੰਘ ਸਿੱਧੂ, ਰੋਟੇਰੀਅਨ ਮੱਖਣ ਲਾਲ ਗਰਗ ਤੇ ਉਨ੍ਹਾਂ ਦੀ ਧਰਮ ਪਤਨੀ ਆਸ਼ਾ ਗਰਗ, ਰੋਟੇਰੀਅਨ ਮਦਨ ਲਾਲ ਸ਼ਰਮਾ, ਰੋਟੇਰੀਅਨ ਸੀ.ਐੱਸ. ਮੁਸਾਫਿਰ, ਰੋਟੇਰੀਅਨ ਸੁਮਿਤ ਕੁਮਾਰ, ਡਾ. ਸਤਪਾਲ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਜਸਵੀਰ ਸਿੰਘ, ਪੰਜਾਬ ਸਰਕਾਰ ਦੇ ਵਿੱਤ ਵਿਭਾਗ ਤੋਂ ਸੰਦੀਪ ਸਿੰਘ ਵੀ ਹਾਜ਼ਰ ਸਨ।