ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3080 ਭਾਰਤ ਨੇ ਬਣਾਇਆ ਵਿਸ਼ਵ ਰਿਕਾਰਡ, 24 ਘੰਟਿਆਂ ਵਿੱਚ 6 ਲੱਖ ਸੈਨੇਟਰੀ ਪੈਡ ਵੰਡੇ
ਚੰਡੀਗੜ੍ਹ, 29 ਦਸੰਬਰ 2024 ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3080 ਇੰਡੀਆ ਵੱਲੋਂ 24 ਘੰਟਿਆਂ ਦੇ ਅੰਦਰ 6 ਲੱਖ ਸੈਨੇਟਰੀ ਪੈਡ ਵੰਡ ਕੇ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ। ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਡੀ.ਜੀ, ਆਰ.ਟੀ.ਐਨ. ਰਾਜਪਾਲ ਸਿੰਘ ਅਤੇ ਚੰਡੀਗੜ੍ਹ ਗੁਰਦੁਆਰਾ ਸਥਾਪਨਾ ਕਮੇਟੀ ਸੈਕਟਰ 22-ਡੀ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਡਾਇਰੈਕਟਰ ਸਕੂਲ ਸਿੱਖਿਆ ਹਰਸੁਹਿੰਦਰ ਪਾਲ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਕਿਰਨਜੀਤ ਕੌਰ, ਜੱਜ ਇੰਡੀਆ ਬੁੱਕ ਆਫ਼ ਰਿਕਾਰਡਜ਼, ਨਾਇਨ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੁਲ ਗੁਪਤਾ, ਆਰ.ਐਸ.ਚੀਮਾ, ਪ੍ਰੋਜੈਕਟ ਪੈਟਰਨ ਅਤੇ ਵਿੰਗ ਕਮਾਂਡਰ (ਡਾ.) ਜੇ.ਐਸ.ਮਿਨਹਾਸ, ਪ੍ਰੋਜੈਕਟ ਚੇਅਰਮੈਨ ਵੀ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਰਾਜਪਾਲ ਸਿੰਘ ਨੇ ਰੋਟਰੀ ਕਲੱਬ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਅਜਿਹੇ ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾ ਅੱਗੇ ਰਹਿੰਦਾ ਹੈ। ਉਨ੍ਹਾਂ ਰੋਟਰੀ ਕਲੱਬ ਸੈਂਟਰਲ ਨੂੰ ਇਹ ਰਿਕਾਰਡ ਬਣਾਉਣ ਲਈ ਵਧਾਈ ਦਿੱਤੀ।
ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਰੋਟਰੀ ਕਲੱਬ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਸੀਂ ਦੇਸ਼ ਵਿੱਚ ਕਈ ਗਿੰਨੀਜ਼ ਰਿਕਾਰਡ ਬਣਦੇ ਦੇਖੇ ਹਨ, ਪਰ ਅੱਜ ਜੋ ਗਿੰਨੀਜ਼ ਰਿਕਾਰਡ ਬਣਾਇਆ ਹੈ, ਉਸ ਬਾਰੇ ਸਮਾਜ ਵਿਚ ਕੋਈ ਗੱਲ ਵੀ ਨਹੀਂ ਕਰਨਾ ਚਾਹੁੰਦਾ। ਉਨ੍ਹਾਂ ਕਿਹਾ ਕਿ ਰੋਟਰੀ ਨੇ ਮੁਫਤ ਸੈਨੇਟਰੀ ਪੈਡ ਵੰਡਣ ਦਾ ਅਜਿਹਾ ਉਪਰਾਲਾ ਕੀਤਾ ਹੈ ਕਿ ਭਾਰਤ ਸਰਕਾਰ ਵੀ ਸਰਕਾਰੀ ਸਕੂਲਾਂ ਵਿੱਚ ਮੁਫਤ ਸੈਨੇਟਰੀ ਪੈਡ ਵੰਡਣ ਦੀ ਨੀਤੀ 'ਤੇ ਵਿਚਾਰ ਕਰ ਰਹੀ ਹੈ।
ਇਸ ਮੌਕੇ ਰੋਟਰੀ ਕਲੱਬ ਚੰਡੀਗੜ੍ਹ ਦੇ ਕੇਂਦਰੀ ਪ੍ਰਧਾਨ ਐਸ. ਪੀ ਓਝਾ ਨੇ ਕਿਹਾ ਕਿ ਜੋ ਇਹ 6 ਲੱਖ ਸੈਨੇਟਰੀ ਪੈਡ ਵੰਡਣ ਦਾ ਵਿਸ਼ਵ ਰਿਕਾਰਡ ਬਣਾਇਆ ਹੈ, ਅਸੀਂ ਇਸ ਲਈ ਇੰਡੀਆ ਬੁੱਕ ਆਫ ਰਿਕਾਰਡਸ ਨਾਲ ਸੰਪਰਕ ਕੀਤਾ ਸੀ। ਅਸੀਂ ਉਨ੍ਹਾਂ ਦੀ ਵਿਧੀ ਤੇ ਪ੍ਰਣਾਲੀ ਦਾ ਪਾਲਣ ਕਰਕੇ ਇਹ ਪ੍ਰਾਪਤੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੈਡਮ ਕਿਰਨਜੀਤ ਕੌਰ ਦੀ ਅਗਵਾਈ ਹੇਠ ਬੀਤੀ ਰਾਤ ਇਨ੍ਹਾਂ ਦੀ ਗਿਣਤੀ ਕੀਤੀ ਗਈ, ਜੋ ਕਿ 6 ਲੱਖ 1 ਹਜ਼ਾਰ ਵੀਹ ਬਣੀ ਸੀ। ਉਨ੍ਹਾਂ ਕਿਹਾ ਕਿ ਇਹ ਹੁਣ ਅਗਲੀ ਪ੍ਰਕਿਰਿਆ ਵਿੱਚ ਵੰਡੇ ਜਾਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਹ ਔਰਤਾਂ ਦੀ ਸਿਹਤ ਅਤੇ ਸਫਾਈ ਨਾਲ ਸਬੰਧਤ ਮਾਮਲਾ ਹੈ, ਜਿਸ ’ਤੇ ਤਿੰਨ ਮਹੀਨਿਆਂ ਤੋਂ ਕੰਮ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਹ ਰਿਕਾਰਡ ਬਣਾਉਣ ਲਈ ਇਹ ਪੈਡ ਚੰਡੀਗੜ੍ਹ, ਹਰਿਆਣਾ, ਹਿਮਾਚਲ, ਉਤਰਾਖੰਡ, ਯੂਪੀ ਅਤੇ ਪੰਜਾਬ ਦੇ 110 ਕਲੱਬਾਂ ਦੇ ਨੁਮਾਇੰਦਿਆਂ ਨੂੰ ਵੰਡਣ ਲਈ ਦਿੱਤੇ ਗਏ ਹਨ।
ਇਸ ਮੌਕੇ ਚੰਡੀਗੜ੍ਹ ਗੁਰਦੁਆਰਾ ਸਥਾਪਨਾ ਕਮੇਟੀ ਸੈਕਟਰ 22-ਡੀ ਚੰਡੀਗੜ੍ਹ ਦੇ ਜਨਰਲ ਸਕੱਤਰ ਗੁਰਜੋਤ ਸਿੰਘ ਨੇ ਕਿਹਾ ਕਿ ਇਸ ਸਮਾਜਿਕ ਕਾਰਜ ਅਤੇ ਵਿਸ਼ਵ ਰਿਕਾਰਡ ਲਈ ਅਸੀਂ ਰੋਟਰੀ ਕਲੱਬ ਨੂੰ ਇੱਕ ਹਾਲ ਮੁਹੱਈਆ ਕਰਵਾਇਆ ਅਤੇ ਉਨ੍ਹਾਂ ਦੀ ਹਰ ਕੰਮ ਵਿੱਚ ਮਦਦ ਕੀਤੀ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮਾਂ ਵਿੱਚ ਸੇਵਾ ਕਰਨ ਲਈ ਤਿਆਰ ਹਨ।
ਇਸ ਮੌਕੇ ਕਿਰਨਜੀਤ ਕੌਰ, ਜੱਜ ਇੰਡੀਆ ਬੁੱਕ ਆਫ ਰਿਕਾਰਡਜ਼ ਨੇ ਕਿਹਾ ਕਿ ਸਾਡਾ ਅੱਜ ਦਾ ਪ੍ਰੋਗਰਾਮ ਔਰਤਾਂ 'ਤੇ ਕੇਂਦਰਿਤ ਸੀ। ਉਨ੍ਹਾਂ ਕਿਹਾ ਕਿ ਇਹ ਸੈਨੇਟਰੀ ਪੈਡ ਵੰਡਣ ਸਮੇਂ ਔਰਤਾਂ ਨੂੰ ਜਾਗਰੂਕ ਕਰਨਾ ਵੀ ਜ਼ਰੂਰੀ ਹੈ ਕਿ ਇਨ੍ਹਾਂ ਦੀ ਵਰਤੋਂ ਕਿਵੇਂ ਅਤੇ ਕਿੰਨੇ ਘੰਟੇ ਕਰਨੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਇਸ ਦੇ ਫਾਇਦਿਆਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ।
ਇਸ ਪ੍ਰੋਗਰਾਮ ਵਿੱਚ ਰੋਟਰੀ ਕਲੱਬ ਚੰਡੀਗੜ੍ਹ ਤੇ ਰੋਟਰੀ ਇੰਡੀਆ ਡਿਸਟ੍ਰਿਕਟ 3080 ਦੇ ਸਮੂਹ ਕਲੱਬਾਂ ਦੇ ਮੈਂਬਰ ਹਾਜ਼ਰ ਸਨ। ਇਸ ਦੇ ਨਾਲ ਹੀ ਚੰਡੀਗੜ੍ਹ ਭਰ ਦੇ ਸਾਰੇ ਰੋਟਰੈਕਟ ਕਲੱਬਾਂ ਦੇ ਮੈਂਬਰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਾਰਿਆਂ ਨੇ ਆਪਣਾ ਪੂਰਨ ਸਹਿਯੋਗ ਦਿੱਤਾ।