ਚੋਣ ਕਮਿਸ਼ਨ ਪੰਜਾਬ ਵੱਲੋਂ "ਪੰਜਾਬ ਚੋਣ ਕੁਇਜ਼-2025" ਦਾ ਐਲਾਨ-ਵਧੀਕ ਜ਼ਿਲ੍ਹਾ ਚੋਣ ਅਫ਼ਸਰ
- ਮੁਕਾਬਲੇ ਵਿੱਚ ਹਿੱਸਾ ਲੈਣ ਵਾਲਿਆਂ ਲਈ ਲੈਪਟਾਪ, ਟੈਬਲੇਟ ਅਤੇ ਸਮਾਰਟ ਫ਼ੋਨ ਸਮੇਤ ਆਕਰਸ਼ਕ ਇਨਾਮ ਜਿੱਤਣ ਦਾ ਮੌਕਾ
ਫਾਜ਼ਿਲਕਾ, 1 ਜਨਵਰੀ:
ਮੁੱਖ ਚੋਣ ਦਫ਼ਤਰ, ਪੰਜਾਬ ਵੱਲੋਂ 25 ਜਨਵਰੀ, 2025 ਨੂੰ ਮਨਾਏ ਜਾਣ ਵਾਲੇ ਕੌਮੀ ਵੋਟਰ ਦਿਵਸ ਮੌਕੇ "ਪੰਜਾਬ ਚੋਣ ਕੁਇਜ਼-2025" ਸਿਰਲੇਖ ਹੇਠ ਸੂਬਾ-ਪੱਧਰੀ ਕੁਇਜ਼ ਮੁਕਾਬਲਾ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਪਹਿਲਕਦਮੀ ਦਾ ਉਦੇਸ਼ ਪੰਜਾਬ ਦੇ ਮੌਜੂਦਾ ਅਤੇ ਭਵਿੱਖ ਵਿੱਚ ਵੋਟਰ ਵਜੋਂ ਰਜਿਸਟਰ ਹੋਣ ਵਾਲੇ ਨੌਜਵਾਨਾਂ ਨੂੰ ਸ਼ਾਮਲ ਕਰਦਿਆਂ ਉਨ੍ਹਾਂ ਦਰਮਿਆਨ ਚੋਣ ਪ੍ਰਕਿਰਿਆਵਾਂ ਅਤੇ ਚੋਣ ਗਤੀਵਿਧੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ ਨੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਹ ਕੁਇਜ਼, ਪੰਜਾਬ ਦੇ ਲੋਕਾਂ ਵਿੱਚ ਚੋਣ ਪ੍ਰਕਿਰਿਆਵਾਂ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਕਦਮ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਉਦੇਸ਼ ਇਸ ਸਮਾਗਮ ਵਿੱਚ ਮੀਡੀਆ ਅਤੇ ਵਿਦਿਅਕ ਸੰਸਥਾਵਾਂ ਸਮੇਤ ਵੱਖ-ਵੱਖ ਭਾਈਵਾਲਾਂ ਨੂੰ ਸ਼ਾਮਲ ਕਰਕੇ ਚੋਣਾਂ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰ ਵੋਟਿੰਗ ਵਾਲਾ ਇੱਕ ਜੀਵੰਤ ਸੱਭਿਆਚਾਰ ਪੈਦਾ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਚੋਣ ਕੁਇਜ਼-2025 ਦੋ ਪੜਾਵਾਂ ਵਿੱਚ ਕਰਵਾਇਆ ਜਾਵੇਗਾ ਅਤੇ ਪਹਿਲੇ ਪੜਾਅ ਅਧੀਨ ਜ਼ਿਲ੍ਹਾ ਪੱਧਰ ਦੇ ਜੇਤੂਆਂ ਦੀ ਚੋਣ ਲਈ ਆਨਲਾਈਨ ਕੁਇਜ਼ ਮੁਕਾਬਲਾ ਹੋਵੇਗਾ, ਜਿਸ ਤੋਂ ਬਾਅਦ ਦੂਜੇ ਪੜਾਅ ਅਧੀਨ 24 ਜਨਵਰੀ, 2025 ਨੂੰ ਲੁਧਿਆਣਾ ਵਿਖੇ ਇੱਕ ਔਫਲਾਈਨ ਫਾਈਨਲ ਮੁਕਾਬਲਾ ਕਰਵਾਇਆ ਜਾਵੇਗਾ, ਜਿੱਥੇ ਚੋਟੀ ਦੇ ਸਨਮਾਨਾਂ ਲਈ 23 ਜ਼ਿਲ੍ਹਾ ਪੱਧਰੀ ਜੇਤੂਆਂ ਦਾ ਮੁਕਾਬਲਾ ਹੋਵੇਗਾ। ਕੌਮੀ ਵੋਟਰ ਦਿਵਸ ਨੂੰ ਮਨਾਉਣ ਲਈ ਲੁਧਿਆਣਾ ਵਿਖੇ 25 ਜਨਵਰੀ, 2025 ਨੂੰ ਹੋਣ ਵਾਲੇ ਮੁੱਖ ਸਮਾਗਮ ਤੋਂ ਪਹਿਲਾਂ ਕਰਵਾਇਆ ਜਾਣ ਵਾਲਾ ਇਹ ਇਵੈਂਟ ਢੁਕਵਾਂ ਮਾਹੌਲ ਤਿਆਰ ਕਰੇਗਾ। ਹਿੱਸਾ ਲੈਣ ਦੇ ਚਾਹਵਾਨ ਰਜਿਸਟ੍ਰੇਸ਼ਨ ਅਤੇ ਹੋਰ ਵੇਰਵਿਆਂ ਲਈ https://punjab.indiastatquiz.com/ 'ਤੇ ਲਾਗਇਨ ਕਰ ਸਕਦੇ ਹਨ।
ਇਸ ਮੁਕਾਬਲੇ ਪ੍ਰਤੀ ਉਤਸ਼ਾਹ ਨੂੰ ਵਧਾਉਣ ਲਈ ਸੂਬਾ-ਪੱਧਰੀ ਜੇਤੂਆਂ ਲਈ ਆਕਰਸ਼ਕ ਇਨਾਮ ਜਿਵੇਂ ਕਿ ਲੈਪਟਾਪ, ਟੈਬਲੇਟ ਤੇ ਸਮਾਰਟ ਵਾਚ ਅਤੇ ਜ਼ਿਲ੍ਹਾ ਪੱਧਰੀ ਜੇਤੂਆਂ ਨੂੰ ਸਮਾਰਟਫ਼ੋਨ ਜਿੱਤਣ ਦਾ ਮੌਕਾ ਮਿਲੇਗਾ। ਇਹ ਇਨਾਮ ਵੰਡਣ ਦਾ ਉਦੇਸ਼ ਇਸ ਮੁਕਾਬਲੇ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਪ੍ਰਤੀਯੋਗੀਆਂ ਦੇ ਗਿਆਨ ਅਤੇ ਉਤਸ਼ਾਹ ਨੂੰ ਮਾਨਤਾ ਦੇਣਾ ਹੈ।
ਡਾ ਮਨਦੀਪ ਕੌਰ ਨੇ ਦੱਸਿਆ ਕਿ ਆਨਲਾਈਨ ਰਜਿਸਟ੍ਰੇਸ਼ਨ 28 ਦਸੰਬਰ, 2024 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਚਾਹਵਾਨ ਉਮੀਦਵਾਰ 17 ਜਨਵਰੀ, 2025 ਤੱਕ ਰਜਿਸਟਰ ਕਰ ਸਕਣਗੇ। ਆਨਲਾਈਨ ਕੁਇਜ਼ ਮੁਕਾਬਲਾ 19 ਜਨਵਰੀ, 2025 ਨੂੰ ਹੋਵੇਗਾ ਅਤੇ ਆਫ਼ਲਾਈਨ ਰਾਜ ਪੱਧਰੀ ਫਾਈਨਲ ਕੁਇਜ਼ ਮੁਕਾਬਲਾ ਲੁਧਿਆਣਾ ਵਿਖੇ 24 ਜਨਵਰੀ, 2025 ਨੂੰ ਹੋਵੇਗਾ।