ਨਿਊਜ਼ੀਲੈਂਡ 'ਚ ਨਵੇਂ ਸਾਲ ਦੀ ਆਮਦ: ਸਕਾਈ ਟਾਵਰ ’ਤੇ ਦਿਲਕਸ਼ ਆਤਿਸ਼ਬਾਜੀ ਅਤੇ ਲੇਜ਼ਰ ਸ਼ੋਅ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 31 ਦਸੰਬਰ 2024:-ਨਵੇਂ ਸਾਲ ਨੂੰ ‘ਜੀ ਆਇਆਂ ਕਹਿਣ’ ਦੇ ਲਈ ਵੱਖ-ਵੱਖ ਦੇਸ਼ਾਂ ਦੇ ਵਿਚ ਵੱਡੇ ਪੱਧਰ ਉਤੇ ਸਵਾਗਤੀ ਰੂਪ ਵਿਚ ਆਤਿਸ਼ਬਾਜੀ ਕੀਤੀ ਗਈ। ਨਿਊਜ਼ੀਲੈਂਡ ਉਹ ਦੇਸ਼ ਹੈ ਜਿੱਥੇ ਪੂਰੀ ਦੁਨੀਆ ਤੋਂ ਪਹਿਲਾਂ ਸੂਰਜ ਦੀ ਕਿਰਨ ਧਰਤੀ ਉਤੇ ਪਹੁੰਚਦੀ ਹੈ। ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਸਰਕਾਰ ਅਤੇ ਸਥਾਨਿਕ ਕੌਂਸਿਲਾਂ ਵੀ ਵੱਡੇ ਖਰਚੇ ਕਰਦੀਆਂ ਹਨ। ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਔਕਲੈਂਡ ਸਿਟੀ ਦੇ ਵਿਚ ਸਥਿਤ ਸਕਾਈ ਟਾਵਰ ਵਿਖੇ ਆਤਿਸ਼ਬਾਜੀ ਅਤੇ ਲੇਜ਼ਰ ਸ਼ੋਅ ਕੀਤਾ ਗਿਆ। ਲੋਕ ਦੂਰੋਂ ਅਤੇ ਨੇੜੇ ਜਾ ਕੇ ਇਸ ਦਿਲਕਸ਼ ਨਜ਼ਾਰੇ ਨੂੰ ਵੇਖ ਰਹੇ ਸਨ। 12 ਵੱਜਣ ਤੋਂ ਇਕ ਮਿੰਟ ਪਹਿਲਾਂ ਕਾਊਂਟਡਾਊਨ ਸ਼ੁਰੂ ਕਰ ਦਿੱਤਾ ਗਿਆ ਅਤੇ 59 ਸੈਕਿੰਡ ਖਤਮ ਹੁੰਦਿਆਂ ਹੀ ਪਟਾਖੇ ਅਤੇ ਆਤਿਸ਼ਬਾਜ਼ੀ ਸ਼ੁਰੂ ਹੋ ਗਈ। ਹਾਰਬਰ ਬਿ੍ਰਜ ਨੂੰ ਵੀ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ। ਅੱਜ ਰਾਤ 9 ਵਜੇ ਤੋਂ ਕੱਲ੍ਹ ਸਵੇਰੇ 1 ਵਜੇ ਤੱਕ ਦਿਲਕਸ਼ ਲਾਈਟਾਂ ਵੇਖਣ ਨੂੰ ਮਿਲੀਆਂ। ਦੇਸ਼ ਦੇ ਹੋਰ ਬਹੁਤ ਸਾਰੇ ਭਾਗਾਂ ਵਿਚ ਨਵੇਂ ਸਾਲ ਦੇ ਜਸ਼ਨ ਮਨਾਏ ਜਾ ਰਹੇ ਹਨ।
ਜਾਣਕਾਰੀ: 22 ਦਸੰਬਰ ਦਾ ਦਿਨ ਸਾਲ ਦਾ ਵੱਡਾ ਦਿਨ ਸੀ ਅਤੇ ਹੁਣ ਦਿਨ ਛੋਟੇ ਹੋਣੇ ਸ਼ੁਰੂ ਹੋ ਗਏ ਹਨ। 22 ਦਸਬੰਰ ਨੂੰ ਦਿਨ ਦੀ ਲੰਬਾਈ 14 ਘੰਟੇ 41 ਮਿੰਟ 37 ਸੈਕਿੰਡ ਸੀ ਅਤੇ 23 ਜਨਵਰੀ ਤੱਕ ਅੱਧੇ ਘੰਟੇ ਦਾ ਫਰਕ ਪੈ ਕੇ ਦਿਨ ਦੀ ਲੰਬਾਈ 14 ਘੰਟੇ 11 ਮਿੰਟ 58 ਸੈਕਿੰਡ ਰਹਿ ਜਾਵੇਗੀ। ਨਿਊਜ਼ੀਲੈਂਡ ਦੇ ਵਿਚ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ। ਪੂਰੇ ਸੰਸਾਰ ਦੇ ਵਿਚ ਪੂਰੇ ਸਾਲ ਭਰ ਨੂੰ ਰੁੱਤਾਂ ਦੇ ਵਿਚ ਵੰਡਿਆ ਜਾਂਦਾ ਹੈ। ਜਿਵੇਂ ਕਿ ਨਿਊਜ਼ੀਲੈਂਡ ਦੇ ਵਿਚ ਚਾਰ ਮੌਸਮ ਹਨ । ਬਸੰਤ, ਗਰਮੀ, ਪਤਝੜ ਅਤੇ ਸਰਦੀਆਂ ਹਨ।
ਬਸੰਤ: ਬਸੰਤ ਰੁੱਤ ਵਿੱਚ ਮੌਸਮ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ, ਰੁੱਖ ਪੱਤੇ ਉੱਗਣੇ ਸ਼ੁਰੂ ਹੋ ਜਾਂਦੇ ਹਨ, ਅਤੇ ਪੌਦੇ ਫੁੱਲ ਆਉਣ ਲੱਗਦੇ ਹਨ। ਇਹ ਉਹ ਮੌਸਮ ਹੈ ਜਦੋਂ ਬਹੁਤ ਸਾਰੇ ਜਾਨਵਰ ਪੈਦਾ ਹੁੰਦੇ ਹਨ। ਨਿਊਜ਼ੀਲੈਂਡ ਵਿੱਚ ਬਸੰਤ ਦੇ ਮਹੀਨੇ ਸਤੰਬਰ, ਅਕਤੂਬਰ ਅਤੇ ਨਵੰਬਰ ਹੁੰਦੇ ਹਨ।
ਗਰਮੀਆਂ: ਗਰਮੀਆਂ ਦਾ ਮੌਸਮ ਸਭ ਤੋਂ ਗਰਮ ਹੁੰਦਾ ਹੈ, ਅਤੇ ਦਿਨ ਜਿਆਦਾ ਲੰਬੇ ਹੁੰਦੇ ਹਨ। ਇਸ ਵੇਲੇ ਦਿਨ ਦੀ ਲੰਬਾਈ ਲਗਪਗ 15 ਘੰਟੇ ਦੇ ਕਰੀਬ ਹੈ। ਨਿਊਜ਼ੀਲੈਂਡ ਵਿੱਚ ਗਰਮੀਆਂ ਦੇ ਮਹੀਨੇ ਦਸੰਬਰ, ਜਨਵਰੀ ਅਤੇ ਫਰਵਰੀ ਹੁੰਦੇ ਹਨ।
ਪਤਝੜ: ਪਤਝੜ ਵਿੱਚ ਮੌਸਮ ਠੰਢਾ ਹੋਣ ਲੱਗਦਾ ਹੈ ਅਤੇ ਦਰੱਖਤਾਂ ਤੋਂ ਪੱਤੇ ਝੜ ਜਾਂਦੇ ਹਨ। ਨਿਊਜ਼ੀਲੈਂਡ ਵਿੱਚ ਸਰਦੀਆਂ ਦੇ ਮਹੀਨੇ ਮਾਰਚ, ਅਪ੍ਰੈਲ ਅਤੇ ਮਈ ਹੁੰਦੇ ਹਨ।
ਸਰਦੀਆਂ: ਇਹ ਸਭ ਤੋਂ ਠੰਡਾ ਮੌਸਮ ਹੈ। ਸਰਦੀਆਂ ਵਿੱਚ ਦਿਨ ਸਭ ਤੋਂ ਛੋਟੇ ਹੁੰਦੇ ਹਨ। ਨਿਊਜ਼ੀਲੈਂਡ ਵਿੱਚ ਸਰਦੀਆਂ ਦੇ ਮਹੀਨੇ ਜੂਨ, ਜੁਲਾਈ ਅਤੇ ਅਗਸਤ ਹੁੰਦੇ ਹਨ। ਗੂਗਲ ਦੇ ਉਤੇ ਵੀ ਸੀਜ਼ਨ ਹਾਲੀਡੇਅ ਤਿਉਹਾਰ ਦਾ ਡੂਡਲ ਬਣਾਇਆ ਗਿਆ ਹੈ।