ਜਿਲ੍ਹਾ ਹਸਪਤਾਲ ਫਾਜਿਲਕਾ ਦੇ ਰਿਹਾ ਮਿਆਰੀ ਪੱਧਰ ਦੀਆਂ ਜੱਚਾ ਬੱਚਾ ਸਿਹਤ ਸੇਵਾਵਾਂ
ਡਲਿਵਰੀ ਕੇਸ ਲਈ ਸਟਾਫ ਤਨ ਦੇਹੀ ਨਾਲ ਕਰ ਰਿਹਾ ਹੈ ਕੰਮ
ਫਾਜ਼ਿਲਕਾ, 1 ਜਨਵਰੀ 2025 :
ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਜਿਥੇ ਹਰੇਕ ਤਰ੍ਹਾਂ ਦੀਆਂ ਵਧੀਆ ਸਿਹਤ ਸਹੂਲਤਾਂ ਦੇ ਰਹੀ ਹੈ, ਉਥੇ ਜੱਚਾ ਬੱਚਾ ਸੇਵਾਵਾਂ ਵਿੱਚ ਵੀ ਦਿਨ ਪ੍ਰਤੀ ਦਿਨ ਨਿਖਾਰ ਲਿਆ ਰਹੀ ਹੈ।
ਡਾ. ਲਹਿੰਬਰ ਰਾਮ, ਸਿਵਲ ਸਰਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ: ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਅਤੇ ਡਾ. ਐਰਿਕ ਦੀ ਦੇਖ ਰੇਖ ਵਿੱਚ ਜ਼ਿਲ੍ਹਾ ਫਾਜ਼ਿਲਕਾ ਵਿੱਚ ਗੁਣਵੱਤਾਪੂਰਨ ਅਤੇ ਮਿਆਰੀ ਪੱਧਰ ਦੀਆਂ ਜੱਚਾ ਬੱਚਾ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਹਸਪਤਾਲ ਵਿੱਚ ਔਰਤਾਂ ਦੇ ਮਾਹਿਰ ਡਾਕਟਰ ਅਤੇ ਹੋਰ ਸਬੰਧਿਤ ਸਟਾਫ਼ ਉਪਲਬੱਧ ਹੈ। ਗਰਭਵਤੀ ਔਰਤ ਦੀ ਰਜਿਸਟ੍ਰੇਸ਼ਨ, ਸੰਪੂਰਨ ਟੀਕਾਕਰਣ, ਚੈਕਅੱਪ ਕੀਤਾ ਜਾਂਦਾ ਹੈ ਅਤੇ ਲੋੜ ਪੈਣ ਤੇ ਸੰਪੂਰਨ ਟੈਸਟ ਅਤੇ ਦਵਾਈਆਂ ਉਪਲਬਧ ਹਨ।
ਇਨ੍ਹਾਂ ਸੇਵਾਵਾਂ ਸਬੰਧੀ ਜਾਣਕਾਰੀ ਦਿੰਦਿਆਂ ਡਾ ਐਰਿਕ ਨੇ ਦੱਸਿਆ ਕਿ ਜਿਲ੍ਹਾ ਹਸਪਤਾਲ ਫਾਜਿਲਕਾ ਵਿਖੇ ਮਹੀਨਾ ਅਕਤੂਬਰ ਵਿੱਚ ਕੁਲ 154 ਜਨੇਪੇ ਹੋਏ ਹਨ, ਜਿਸ ਵਿੱਚੋਂ 96 ਨਾਰਮਲ ਅਤੇ 58 ਸੇਜੇਰੀਅਨ ਅਤੇ ਮਹੀਨਾ ਨਵੰਬਰ ਵਿੱਚ 167 ਜਨੇਪੇ ਹੋਏ ਹਨ, ਜਿਨ੍ਹਾਂ ਵਿੱਚੋਂ 94 ਨਾਰਮਲ ਅਤੇ 73 ਸਜੇਰੀਅਨ ਹੋਏ ਹਨ। ਉਹਨਾਂ ਦੱਸਿਆ ਕਿ ਜੱਚਾ ਬੱਚਾ ਸੇਵਾਵਾਂ ਤੋਂ ਇਲਾਵਾ ਸਾਰਾ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ਼ ਪੂਰੀ ਤਨਦੇਹੀ ਨਾਲ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ।
ਡਾ ਐਰਿਕ ਨੇ ਸਮੂਹ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਸਿਹਤ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਮਾਂ ਅਤੇ ਬੱਚੇ ਦੀ ਤੰਦਰੁਸਤੀ ਲਈ ਜਨੇਪਾ ਸਰਕਾਰੀ ਹਸਪਤਾਲ ਵਿੱਚ ਕਰਵਾਉਣ।
ਡਾ. ਐਰਿਕ ਨੇ ਦੱਸਿਆ ਕਿ ਜੱਚਾ ਬੱਚਾ ਸੇਵਾਵਾਂ ਨੂੰ ਹੋਰ ਮਜ਼ਬੂਤ ਬਨਾਉਣ ਲਈ ਮਹੀਨੇ ਦੀ ਹਰੇਕ 9 ਅਤੇ 23 ਤਾਰੀਖ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰੀਤਵ ਅਭਿਆਨ ਅਧੀਨ ਸਿਵਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਤੇ ਗਰਭਵਤੀ ਔਰਤਾਂ ਦੇ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ। ਇਸ ਸਮੇਂ ਮਾਸ ਮੀਡੀਆ ਤੋਂ ਵਿਨੋਦ ਖੁਰਾਣਾ ਅਤੇ ਦਿਵੇਸ਼ ਕੁਮਾਰ ਹਾਜ਼ਰ ਸਨ।