ਪੀ ਏ ਯੂ ਦੇ ਵਾਈਸ ਚਾਂਸਲਰ ਡਾ ਗੋਸਲ ਵੱਲੋਂ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਦਾ ਸਨਮਾਨ
ਪੀ ਏ ਯੂ ਦਾ ਖੇਡ ਸਭਿਆਚਾਰ ਦੇਸ਼ ਦਾ ਮਾਣ ਹੈ – ਪ੍ਰਿੰਸੀਪਲ ਸਰਵਣ ਸਿੰਘ
ਬਾਬੂਸ਼ਾਹੀ ਨੈਟਵਰਕ
ਲੁਧਿਆਣਾ, 31 ਦਸੰਬਰ, 2024: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਵਿਸ਼ੇਸ ਤੌਰ ’ਤੇ ਪਹੁੰਚੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਦਾ ਸਵਾਗਤ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਬੀਰ ਸਿੰਘ ਗੋਸਲ ਨੇ ਕਿਹਾ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਵਿੱਚ ਜਿਥੇ ਮਾਨ ਸਨਮਾਣ ਅਹਿਮ ਭੂਮਿਕਾ ਨਿਭਾਉਂਦੇ ਹਨ, ਉਥੇ ਖੇਡ ਲੇਖਕ ਵੀ ਸਾਡੇ ਖਿਡਾਰੀਆਂ ਵਿੱਚ ਜੋਸ਼ ਭਰਦੇ ਹਨ । ਡਾ ਗੋਸਲ ਨੇ ਕਿਹਾ ਕਿ ਕਿਸੇ ਮੁਲਕ ਦੇ ਖੇਡ ਇਤਿਹਾਸ ਨੂੰ ਸੰਭਾਲਣ ਵਿੱਚ ਅਤੇ ਉਸਦੀਆਂ ਖੇਡ ਪ੍ਰਾਪਤੀਆਂ ਨੂੰ ਵਿਸ਼ਵ ਦੇ ਨਕਸ਼ੇ ’ਤੇ ਉਭਾਰਨ ਵਿੱਚ ਖੇਡ ਲੇਖਕਾਂ ਦੀ ਭੂਮਿਕਾ ਮੱਹਤਵਪੂਰਨ ਹੁੰਦੀ ਹੈ । ਡਾ ਗੋਸਲ ਨੇ ਪ੍ਰਿੰਸੀਪਲ ਸਰਵਣ ਸਿੰਘ ਦੀ ਖੇਡਾਂ ਪ੍ਰਤੀ ਰੁਚੀ ਅਤੇ ਆਪਣੀਆਂ ਲਿਖਤਾਂ ਰਾਹੀਂ ਪਾਠਕਾਂ ਦੇ ਸਨਮੁਖ ਕਰਨ ਵਾਲੀ ਦਿਲਚਸਪ ਸ਼ੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਅੱਜ ਕੱਲ ਕੈਨੇਡਾ ਰਹਿ ਰਹੇ ਪ੍ਰਿੰਸੀਪਲ ਸਾਹਿਬ ਦਾ ਇਸ ਯੂਨੀਵਰਸਿਟੀ ਵਿੱਚ ਆਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ ।ਡਾ ਗੋਸਲ ਨੇ ਯੂਨੀਵਰਸਟਿੀ ਵੱਲੋਂ ਛਾਪੀਆਂ ਪੁਸਤਕਾਂ ਨਾਲ ਪ੍ਰਿੰਸੀਪਲ ਸਰਵਣ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ । ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਪੀ ਏ ਯੂ ਦਾ ਖੇਡ ਸਭਿਆਚਾਰ ਦੇਸ਼ ਦਾ ਮਾਣ ਹੈ ਕਿਉਂਕਿ ਇਹਨਾ ਖੇਡ ਮੈਦਾਨਾਂ ਨੇ ਦੇਸ਼ ਨੂੰ ਕਿੰਨੇ ਹੀ ਮਹਾਨ ਖਿਡਾਰੀ ਦਿੱਤੇ ਹਨ।ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਪੀ ਏ ਯੂ ਦੇਸ਼ ਦੀ ਇੱਕੋ ਯੂਨੀਵਰਸਿਟੀ ਹੈ ਜਿਸ ਨੇ ਭਾਰਤ ਨੂੰ ਹਾਕੀ ਦੇ ਤਿੰਨ ਓਲੰਪੀਅਨ ਕਪਤਾਨ ਦਿੱਤੇ ਹਨ ।
ਯੂਨੀਵਰਸਿਟੀ ਦੇ ਨਿਰਦੇਸ਼ਕ ਵਿਿਦਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਕਿਹਾ ਕਿ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੀ ਕਲਮ ਨਾਲ ਖੇਡ ਇਤਿਹਾਸ ਨੂੰ ਆਉਣ ਵਾਲੀਆਂ ਪੀੜੀਆਂ ਲਈ ਸੰਭਾਲਕੇ ਵਡਮੁੱਲਾ ਯਤਨ ਕੀਤਾ ਹੈ। ਇਸ ਮੌਕੇ ਖੇਡ ਲੇਖਕ ਨਵਦੀਪ ਗਿੱਲ , ਸਹਾਇਕ ਨਿਰਦੇਸ਼ਕ ਖੇਡਾਂ ਡਾ ਪਰਮਬੀਰ ਸਿੰਘ , ਡਾ ਵਿਸ਼ਾਲ ਬੈਕਟਰ ਨੇ ਵੀ ਪ੍ਰਿੰਸੀਪਲ ਸਰਵਣ ਸਿੰਘ ਦੀਆਂ ਲਿਖਤਾਂ ਦੀ ਸ਼ਲਾਘਾ ਕੀਤੀ। ਯੂਨੀਵਰਸਿਟੀ ਦੇ ਮਿਲਖ ਅਫਸਰ ਡਾ ਰਿਸ਼ੀ ਇੰਦਰ ਸਿੰਘ ਗਿੱਲ ਨੇ ਪ੍ਰਿੰਸੀਪਲ ਸਰਵਣ ਸਿੰਘ ਦਾ ਇਸ ਦੌਰੇ ਲਈ ਧੰਨਵਾਦ ਕੀਤਾ ।