ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ ਕਿੱਤਾ- ਮੁਖੀ ਟੂਰ
ਬਠਿੰਡਾ ,1 ਜਨਵਰੀ 2025 :
ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ੍ਹ ਦੇ ਵਿਦਿਆਰਥੀਆਂ ਦਾ ਕਿੱਤਾ -ਮੁਖੀ ਟੂਰ ਐਨ .ਐਸ. ਕਿਓ. ਐਫ. ਸਕੀਮ ਅਧੀਨ ਇਨਫਾਰਮੇਸ਼ਨ ਟੈਕਨੋਲੋਜੀ ਨਾਲ ਸਬੰਧਤ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਹਰਮੰਦਰ ਸਿੰਘ ਦੀ ਅਗਵਾਈ ਹੇਠ ਅਤੇ ਸ੍ਰੀ ਸੰਦੀਪ ਸਿੰਘ ਖੇਤੀਬਾੜੀ ਟ੍ਰੇਨਰ, ਸ੍ਰੀਮਤੀ ਅਮਨਦੀਪ ਕੌਰ ਮਾਨ, ਸ੍ਰੀਮਤੀ ਕਾਂਤਾ ਦੇ ਪ੍ਰਬੰਧਾਂ ਅਧੀਨ ਮਲੋਟ ਦੀ ਨਾਮਵਰ ਸੰਸਥਾ ਮਿਮਟ ਵਿਖੇ ਗਿਆ।
ਇਸ ਟੂਰ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਇਨਫਾਰਮੇਸ਼ਨ ਟੈਕਨੋਲਜੀ ਦੇ ਵਿਸ਼ੇ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਵਾਉਣਾ ਸੀ। ਸੰਸਥਾ ਵਿਖੇ ਪਹੁੰਚ ਕੇ ਵਿਦਿਆਰਥੀਆਂ ਨੇ ਆਈ .ਟੀ. ਟਰੇਡ ਨਾਲ ਸਬੰਧਤ ਵੱਖ ਵੱਖ ਲੈਬ ਵਿੱਚ ਜਾ ਕੇ ਇਸ ਕਿੱਤੇ ਨਾਲ ਸਬੰਧਤ ਮਸ਼ੀਨਾਂ ਦੀ ਵਰਕਿੰਗ, ਕੋਰਸ ਨਾਲ ਸੰਬੰਧਿਤ ਫੀਸਾਂ ਤੇ ਵੱਖ ਵੱਖ ਕੋਰਸਾਂ ਬਾਰੇ ਜਾਣਕਾਰੀ ਹਾਸਿਲ ਕੀਤੀ ।ਸੰਸਥਾ ਦੇ ਮੁਖੀ ਵੱਲੋਂ ਵਿਦਿਆਰਥੀਆਂ ਦਾ ਲੈਕਚਰ ਸੈਸ਼ਨ ਕਰਵਾਇਆ ਗਿਆ ।ਗੁਲਾਬਗੜ੍ਹ ਸਕੂਲ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਟੂਰ ਦਾ ਮੁੱਖ ਮਨੋਰਥ ਇਹ ਰਿਹਾ ਕਿ ਅੱਜ ਦੇ ਯੁਗ ਵਿੱਚ ਵਿਦਿਆਰਥੀਆਂ ਨੂੰ ਇਨਫਾਰਮੇਸ਼ਨ ਟੈਕਨੋਲੋਜੀ ਦੇ ਖੇਤਰ ਵਿੱਚ ਰੁਜ਼ਗਾਰ ਮੁਹਈਆ ਕਿਸ ਤਰ੍ਹਾਂ ਕਰਵਾਇਆ ਜਾ ਸਕਦਾ ਹੈ ।ਇਸ ਟੂਰ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਹਰਪ੍ਰੀਤ ਕੌਰ ਆਈ. ਟੀ . ਟ੍ਰੇਨਰ ਅਤੇ ਸਮੂਹ ਸਟਾਫ ਦਾ ਰਿਹਾ। ਬੱਚਿਆਂ ਨੇ ਇਸ ਟੂਰ ਦਾ ਖੂਬ ਆਨੰਦ ਮਾਣਿਆ।