ਕੇਂਦਰ ਸਰਕਾਰ ਵੱਲੋਂ ਕਿਸਾਨਾਂ ਪ੍ਰਤੀ ਅਪਣਾਏ ਅੜੀਅਲ ਰਵੱਈਏ ਕਾਰਨ ਡੱਲੇਵਾਲ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ- ਚੇਅਰਮੈਨ ਜਲਵਾਹਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 29 ਦਸੰਬਰ 2024 ਆਮ ਆਦਮੀ ਪਾਰਟੀ ਦੇ ਨਵਾਂਸ਼ਹਿਰ ਤੋਂ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਣਬੁੱਝ ਕੇ ਕਿਸਾਨਾਂ ਪ੍ਰਤੀ ਅਪਣਾਏ ਅੜੀਅਲ ਰਵੱਈਏ ਕਾਰਨ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਅੜੀਅਲ ਵਤੀਰਾ ਮੋਦੀ ਸਰਕਾਰ ਵੱਲੋਂ ਡੱਲੇਵਾਲ ਦੇ ਮਰਨ ਵਰਤ ਨੂੰ ਲੈਕੇ ਅਪਣਾਇਆ ਹੋਇਆ ਹੈ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਦੀ ਕਾਨੂੰਨ ਵਿਵਸਥਾ ਖਰਾਬ ਹੋਵੇਗੀ ਜਿਸ ਦੀ ਜੁੰਮੇਵਾਰ ਸਿੱਧੇ ਤੌਰ ਉੱਤੇ ਕੇਂਦਰ ਦੀ ਮੋਦੀ ਸਰਕਾਰ ਹੋਵੇਗੀ। ਕੇਂਦਰ ਸਰਕਾਰ ਡੱਲੇਵਾਲ ਦੀ ਜ਼ਿੰਦਗੀ ਨੂੰ ਜਿਨ੍ਹਾਂ ਮਾਮੂਲੀ ਮੁੱਦਾ ਸਮਝ ਰਹੀ ਹੈ। ਅਸਲ ਵਿੱਚ ਇਹ ਕੇਂਦਰ ਦੀ ਬਹੁਤ ਵੱਡੀ ਭੁੱਲ ਹੈ। ਕੇਂਦਰ ਸਰਕਾਰ ਦੀ ਇਸ ਵੱਡੇ ਪੱਧਰ ਦੀ ਨਲਾਇਕੀ ਕਾਰਨ ਜਿੱਥੇ ਇਕ ਸੁਲਝੇ ਹੋਏ ਕਿਸਾਨ ਲੀਡਰ ਡੱਲੇਵਾਲ ਦੀ ਜ਼ਿੰਦਗੀ ਨਾਲ ਖਿਲਵਾੜ ਹੋਵੇਗਾ ਉਥੇ ਹੀ ਦੇਸ਼ ਭਰ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਇੱਕ ਰੋਹ ਭਰਪੂਰ ਜਨ ਅੰਦੋਲਨ ਖੜਾ ਹੋਵੇਗਾ, ਜਿਸ ਨੂੰ ਕਾਬੂ ਕਰਨਾ ਕੇਂਦਰ ਸਰਕਾਰ ਲਈ ਬਹੁਤ ਵੱਡੀ ਸਿਰਦਰਦੀ ਬਣ ਜਾਵੇਗੀ। ਚੇਅਰਮੈਨ ਜਲਵਾਹਾ ਨੇ ਕਿਹਾ ਕਿ ਇਸ ਲਈ ਅਜੇ ਵੀ ਵਕਤ ਹੈ ਕੇਂਦਰ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਕੇ ਡੱਲੇਵਾਲ ਦਾ ਮਰਨ ਵਰਤ ਖਤਮ ਕਰਾਵੇ ਤਾਂ ਜੋ ਕਿਸਾਨ ਆਗੂ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ।