Chandigarh : ਡਿਜੀਟਲ ਗ੍ਰਿਫ਼ਤਾਰੀ ਦਾ ਡਰ, ਕਾਰੋਬਾਰੀ ਨਾਲ 3.41 ਕਰੋੜ ਰੁਪਏ ਦੀ ਠੱਗੀ
ਚੰਡੀਗੜ੍ਹ : ਚੰਡੀਗੜ੍ਹ ਵਿੱਚ ਸਾਈਬਰ ਠੱਗੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਠੱਗਾਂ ਨੇ ਇੱਕ ਸਥਾਨਕ ਕਾਰੋਬਾਰੀ ਨਾਲ 3 ਕਰੋੜ 41 ਲੱਖ ਰੁਪਏ ਦੀ ਠੱਗੀ ਕਰ ਲਈ। ਚੰਡੀਗੜ੍ਹ ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਫ਼ਿਲਹਾਲ ਪੁਲਿਸ ਰਿਮਾਂਡ 'ਤੇ ਹਨ ਅਤੇ ਪੁੱਛਗਿੱਛ ਜਾਰੀ ਹੈ।
ਸੈਕਟਰ 29 ਵਾਸੀ ਦਿਲੀਪ ਸਿੰਘ ਬਾਜਵਾ ਨੇ ਸੈਕਟਰ 17 ਸਾਈਬਰ ਕ੍ਰਾਈਮ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ। ਉਸਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਜਿਸ ਵਿਚ ਕਿਹਾ ਗਿਆ ਕਿ ਉਸਦੇ ਨਾਂ 'ਤੇ ਕੇਨਰਾ ਬੈਂਕ ਵਿੱਚ ਵਰਚੁਅਲ ਖਾਤਾ ਖੋਲ੍ਹਿਆ ਗਿਆ ਹੈ। ਕਾਲ ਕਰਨ ਵਾਲੇ ਨੇ ਵੀਡੀਓ ਕਾਲ ਰਾਹੀਂ ਏਟੀਐਮ ਕਾਰਡ ਵੀ ਦਿਖਾਇਆ।
19 ਮਾਰਚ ਨੂੰ ਫਿਰ ਕਾਲ ਆਈ ਅਤੇ ਦੱਸਿਆ ਗਿਆ ਕਿ ਉਸਦਾ ਨਾਮ 2 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਵਿੱਚ ਆ ਰਿਹਾ ਹੈ। ਠੱਗਾਂ ਨੇ ਆਪਣੇ ਆਪ ਨੂੰ ਸਿੱਧਾ ਸੁਪਰੀਮ ਕੋਰਟ ਨਾਲ ਜੁੜਿਆ ਦੱਸਦੇ ਹੋਏ ਉਸਨੂੰ ਡਰਾਇਆ ਕਿ ਉਸਦੀ ਡਿਜੀਟਲ ਗ੍ਰਿਫ਼ਤਾਰੀ ਹੋ ਸਕਦੀ ਹੈ। ਠੱਗਾਂ ਨੇ ਪਹਿਲਾਂ 8 ਲੱਖ ਰੁਪਏ ਟ੍ਰਾਂਸਫਰ ਕਰਵਾਏ ਅਤੇ ਫਿਰ ਬਾਅਦ ਵਿੱਚ ਹੋਰ ਵੱਡੀਆਂ ਰਕਮਾਂ—60 ਲੱਖ, 80 ਲੱਖ, 88 ਲੱਖ ਅਤੇ 1.05 ਕਰੋੜ ਰੁਪਏ ਵੱਖ-ਵੱਖ ਖਾਤਿਆਂ ਵਿੱਚ ਭੇਜਣ ਲਈ ਮਜਬੂਰ ਕੀਤਾ।
ਇਹ ਸਭ ਪੈਸੇ ਵੀਡੀਓ ਕਾਲਾਂ 'ਤੇ ਮਾਨਸਿਕ ਦਬਾਅ ਦੇ ਕੇ ਐਠੇ ਗਏ। ਸ਼ਿਕਾਇਤਕਰਤਾ ਨੂੰ ਲਗਾਤਾਰ ਵੱਖ-ਵੱਖ ਨੰਬਰਾਂ ਤੋਂ ਕਾਲਾਂ ਆਉਂਦੀਆਂ ਰਹੀਆਂ।
ਪੁਲਿਸ ਦੀ ਕਾਰਵਾਈ
ਇੰਸਪੈਕਟਰ ਰੋਹਤਾਸ਼ ਯਾਦਵ ਦੀ ਅਗਵਾਈ ਹੇਠ ਸਾਈਬਰ ਸੈੱਲ ਦੀ ਟੀਮ ਨੇ ਹਰਿਆਣਾ ਦੇ ਨਾਰਨੌਲ ਤੋਂ ਮਹਿਕ ਯਾਦਵ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੇ ਖਾਤੇ ਵਿੱਚ 1.05 ਕਰੋੜ ਰੁਪਏ ਆਏ ਸਨ। ਉਸਨੇ ਕਬੂਲਿਆ ਕਿ ਠੱਗੀ ਦੇ ਬਦਲੇ ਉਸਨੇ 1.20 ਲੱਖ ਰੁਪਏ ਕਮਿਸ਼ਨ ਵਜੋਂ ਲਏ ਸਨ।
ਉਸ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਪੁਲਿਸ ਨੇ ਦੂਜੇ ਦੋਸ਼ੀ ਸਚਿਨ ਸ਼ਰਮਾ ਉਰਫ ਮੋਨੂੰ ਨੂੰ ਜੈਪੁਰ, ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ। ਦੋਵੇਂ ਤੋਂ ਮੋਬਾਈਲ ਫੋਨ ਵੀ ਬਰਾਮਦ ਹੋਏ ਹਨ, ਜਿਨ੍ਹਾਂ ਦੀ ਡੇਟਾ ਜਾਂਚ ਕੀਤੀ ਜਾ ਰਹੀ ਹੈ।