40 ਸਾਲ ਸੇਵਾ ਨਿਭਾਉਣ ਮਗਰੋਂ ਪਾਠੀ ਜਦੋਂ ਹੋਇਆ ਸੇਵਾ ਮੁਕਤ ਹੋਤਾ ਦੇਖੋ ਕੀ ਬਣਿਆ ਮਾਹੌਲ
ਜੈਕਾਰਿਆਂ ਨਾਲ ਗੂੰਜ ਉੱਠਿਆ ਸਾਰਾ ਪਿੰਡ
ਰੋਹਿਤ ਗੁਪਤਾ
ਗੁਰਦਾਸਪੁਰ , 20 ਜਨਵਰੀ 2025 :
ਕਹਿੰਦੇ ਹਨ ਜਦ ਕੋਈ ਰੱਬ ਨਾਲ ਜੁੜ ਜਾਂਦਾ ਹੈ ਤਾਂ ਰੱਬ ਵੀ ਉਸਦੀ ਬੱਲੇ ਬੱਲੇ ਕਰਵਾਉਂਦਾ ਹੈ। ਇਹ ਕਹਾਵਤ ਅੱਜ ਉਦੋਂ ਸੱਚ ਸਾਬਤ ਹੋਈ ਜਦ ਗੁਰਦਾਸਪੁਰ ਦੇ ਪਿੰਡ ਅੱਵਲ ਖੈਰ ਅਤੇ ਸੈਨਪੁਰ ਦੇ ਸਾਂਝੇ ਗੁਰਦੁਆਰਾ ਸਾਹਿਬ ਵਿੱਚ ਪਿਛਲੇ 40 ਸਾਲ ਸੇਵਾ ਨਿਭਾ ਰਹੇ ਪਾਠੀ ਸਿੰਘ ਨੇ ਸਿਹਤ ਠੀਕ ਨਾ ਹੋਣ ਕਾਰਨ ਸੇਵਾ ਮੁਕਤੀ ਲੈ ਲਈ ਤਾਂ ਉਸ ਨੂੰ ਪੂਰੇ ਪਿੰਡ ਦੇ ਲੋਕਾਂ ਦਾ ਸਤਿਕਾਰ ਮਿਲਿਆ ਅਤੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਪਾਠੀ ਸਿੰਘ ਦੇ ਘਰ ਤੱਕ ਸਾਰਾ ਪਿੰਡ ਹੀ ਬੋਲੇ ਸੋਨੇਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।ਦੋਨਾਂ ਪਿੰਡਾਂ ਦੀਆਂ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਇਨੀ ਇੱਜਤ ਮਾਨ ਅਤੇ ਜੋਸ਼ੋ ਖਰੋਸ਼ ਨਾਲ ਸੇਵਾ ਮੁਕਤੀ ਮਿਲਣ ਤੇ 74 ਸਾਲ ਦੀ ਉਮਰ ਦੇ ਅੱਬਲ ਖੈਰ ਸੈਨਪੁਰ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਬਾਬਾ ਸੁਰਿੰਦਰ ਸਿੰਘ ਵੀ ਭਾਵੁਕ ਹੋ ਗਏ।
ਬਾਬਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਤਨ ਮਨ ਅਤੇ ਇਮਾਨਦਾਰੀ ਨਾਲ ਗੁਰਦੁਆਰਾ ਅੱਬਲ ਖੈਰ ਅਤੇ ਸੈਨਪੁਰ ਦੇ ਸਿੰਘ ਸਭਾ ਗੁਰਦੁਆਰਾ ਦੀ ਪਾਠੀ ਦੀ ਗੁਰਦੁਆਰਾ ਸਾਹਿਬ ਦੀ ਦੇਖਰੇਖ ਕਰ ਰਹੇ ਸਨ ਤਾਂ ਹੁਣ 74 ਸਾਲ ਦੀ ਉਮਰ ਹੋਣ ਤੇ ਸਿਹਤ ਸਾਥ ਨਾ ਦੇਣ ਕਰਕੇ ਇੱਛਾ ਜਤਾਈ ਕਿ ਹੁਣ ਆਪਣੀ ਡਿਊਟੀ ਤੋਂ ਪਾਸੇ ਹੋ ਕੇ ਕਿਸੇ ਯੋਗ ਨੌਜਵਾਨ ਨੂੰ ਗੁਰਦੁਆਰਾ ਸਾਹਿਬ ਦੀ ਬਾਗਡੋਰ ਸੌਂਪ ਦਿੱਤੀ ਜਾਵੇ ਤਾਂ ਪਿੰਡ ਵਾਸੀਆਂ ਨੇ ਵੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨਾਲ ਪੂਰੇ ਸਤਿਕਾਰ ਨਾਲ ਪੂਰੇ ਮਾਨ ਸਨਮਾਨ ਨਾਲ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਅਤੇ ਲੰਗਰ ਲਗਾ ਕੇ ਉਹਨਾਂ ਦੀ ਸੇਵਾ ਮੁਕਤੀ ਕਰਵਾਈ ਹੈ ਤੇ ਹਰ ਮਹੀਨੇ ਦੀ ਪੈਨਸ਼ਨ ਲਗਾ ਕੇ ਉਹਨ੍ਾਂ ਦੇ ਹੀ ਪੁੱਤਰ ਨੂੰ ਗੁਰਦੁਆਰਾ ਸਾਹਿਬ ਦਾ ਪਾਠੀ ਬਣਾ ਦਿੱਤਾ ਹੈ।
ਗੁਰਦੁਆਰਾ ਸਾਹਿਬ ਦੇ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਦਾ ਕਹਿਣਾ ਸੀ ਕਿ ਇਹੋ ਜਿਹਾ ਇਮਾਨਦਾਰ ਪਾਠੀ ਹੋਣਾ ਮਾਣ ਵਾਲੀ ਗੱਲ ਹੈ ਸਾਨੂੰ ਇਹਨਾਂ ਤੇ ਮਾਣ ਹੈ ਜਿਨਾਂ ਨੇ 40 ਸਾਲ ਪੂਰੀ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਈ ਹੈ ਤੇ ਸਾਡਾ ਵੀ ਫਰਜ਼ ਬਣਦਾ ਸੀ ਕਿ ਇਹਨਾਂ ਨੂੰ ਇਸ ਸੇਵਾ ਦਾ ਇਨਾਮ ਦਿੱਤਾ ਜਾਵੇ।