ਬੰਦ ਦੀ ਕਾਲ ਦੌਰਾਨ ਕਿਸਾਨ ਨੂੰ ਪਿਆ ਸੀ ਦਿਲ ਦਾ ਦੌਰਾ, ਇਲਾਜ ਦੌਰਾਨ ਹੋਈ ਮੌਤ
ਕਿਸਾਨਾਂ ਨੇ ਕਿਸਾਨੀ ਝੰਡਾ ਪਾ ਕੇ ਦਿੱਤੀ ਸ਼ਰਧਾਂਜਲੀ
ਰੋਹਿਤ ਗੁਪਤਾ
ਗੁਰਦਾਸਪੁਰ 20 ਜਨਵਰੀ 2025- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਬਾਰਾਲੀ ਖੁਰਦ ਦੇ ਰਹਿਣ ਵਾਲੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਕਿਸਾਨ ਆਗੂ ਦਿਲਬਾਗ ਸਿੰਘ ਦੀ ਬੀਤੀ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਦੌਰਾਨ ਮਾਲੇਵਾਲ ਵਿਖੇ ਕਿਸਾਨੀ ਧਰਨੇ ਵਿੱਚ ਦਿਲ ਦਾ ਦੌਰਾ ਪੈਣ ਨਾਲ ਜੇਰੇ ਇਲਾਜ ਸਨ ਜਿਨਾਂ ਦੀ ਬੀਤੇ ਦਿਨ ਇਲਾਜ ਦੌਰਾਨ ਬੇਵਕਤੀ ਮੌਤ ਹੋ ਗਈ ਸੀ।ਅੱਜ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਰਿਸ਼ਤੇਦਾਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਕਿਸਾਨ ਆਗੂਆਂ ਵੱਲੋਂ ਹਾਜ਼ਰ ਭਰੀ ਗਈ।ਇਸ ਮੌਕੇ ਕਿਸਾਨ ਆਗੂਆਂ ਵੱਲੋਂ ਆਪਣੇ ਸੰਘਰਸ਼ੀ ਯੋਧੇ ਦਿਲਬਾਗ ਸਿੰਘ ਦੀ ਮ੍ਰਿਤਕ ਦੇਹ ਉੱਪਰ ਕਿਸਾਨੀ ਝੰਡਾ ਪਾ ਕੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਮੌਕੇ ਗੱਲਬਾਤ ਦੌਰਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਜਿਲਾ ਜਨਰਲ ਸਕੱਤਰ ਕੁਲਵਿੰਦਰਜੀਤ ਸਿੰਘ ਅਠਵਾਲ ਨੇ ਦੱਸਿਆ ਕਿ ਦਿਲਬਾਗ ਸਿੰਘ ਬੀਤੀ 29 ਦਸੰਬਰ ਨੂੰ ਸ਼ੰਭੂ ਮੋਰਚੇ ਤੋਂ ਵਾਪਸ ਆ ਕੇ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਨੂੰ ਲਾਗੂ ਕਰਨ ਵਾਸਤੇ ਮਾਲੇਵਾਲ ਪੁਲ ਉੱਪਰ ਜਥੇਬੰਦੀ ਸਮੇਤ ਧਰਨਾ ਲਗਾ ਕੇ ਬੈਠੇ ਸਨ ਜਿਸ ਨੂੰ ਇਕਦਮ ਦਿਲ ਦਾ ਦੌਰਾ ਪੈ ਗਿਆ ਤੇ ਉਸ ਦਾ ਇਲਾਜ ਕਰਵਾਉਣ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਬੀਤੇ ਕੱਲ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।ਉਨਾਂ ਦੱਸਿਆ ਕਿ ਦਿਲਬਾਗ ਸਿੰਘ ਸਾਡਾ ਇੱਕ ਸੰਘਰਸ਼ੀ ਯੋਧਾ ਸੀ ਤੇ ਉਸ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਚਿੰਤਤ ਸੀ ਜਿਸ ਕਾਰਨ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਸ਼ਹੀਦੀ ਦਾ ਜਾਮ ਪੀ ਗਏ।ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਹੋਏ ਕਿਸਾਨ ਆਗੂ ਦਿਲਬਾਗ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ 25 ਲੱਖ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ।ਇਸ ਮੌਕੇ ਸਰਪੰਚ ਦਿਲਬਾਗ ਸਿੰਘ ਪੱਬਾਰਾਲੀ ਕਲਾ (ਇਕਾਈ ਪ੍ਰਧਾਨ),ਨਵਜੋਤ ਸਿੰਘ ਰੰਧਾਵਾ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ,ਗੁਰਨਾਮ ਸਿੰਘ ਪੱਬਾਰਾਲੀ, ਹੀਰਾ ਸਿੰਘ ਸਰਪੰਚ ਪੱਬਾਰਾਲੀ ਖੁਰਦ, ਨਿਸ਼ਾਨ ਸਿੰਘ ਅਠਵਾਲ ਸੁਖਵਿੰਦਰ ਸਿੰਘ ਫੋਰਮੈਨ ,ਨਿਰਮਲ ਸਿੰਘ ਕਾਲਾ ਅਫਗਾਨਾ,ਹਰਪਾਲ ਸਿੰਘ ਬਾਜਵਾ,ਗੁਰਚਰਨ ਸਿੰਘ ਆਦਿ ਹੋਰ ਕਿਸਾਨ ਆਗੂ ਹਾਜ਼ਰ ਸਨ।