ਪਟਿਆਲਾ ਲੋਕ ਸਭਾ ਹਲਕੇ ਵਿਚ ਅਕਾਲੀ ਦਲ 5 ਲੱਖ ਮੈਂਬਰ ਭਰਤੀ ਕਰੇਗਾ: ਐਨ ਕੇ ਸ਼ਰਮਾ
ਪਾਰਟੀ ਆਗੂਆਂ ਨਾਲ ਰਲ ਕੇ ਪਟਿਆਲਾ ’ਚ ਭਰਤੀ ਮੁਹਿੰਮ ਸ਼ੁਰੂ ਕਰਵਾਈ
ਲੋਕਾਂ ’ਚ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਵੱਡਾ ਉਤਸ਼ਾਹ: ਰਾਜੂ ਖੰਨਾ,ਗੜ੍ਹੀ, ਝਿੰਜਰ, ਰਾਠੀ, ਬਜਾਜ
ਜਗਤਾਰ ਸਿੰਘ
ਪਟਿਆਲਾ, 20 ਜਨਵਰੀ 2025 : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਵਿਚ ਪਾਰਟੀ ਦੇ 5 ਲੱਖ ਮੈਂਬਰ ਭਰਤੀ ਕੀਤੇ ਜਾਣਗੇ। ਇਹ ਪ੍ਰਗਟਾਵਾ ਹਲਕੇ ਦੇ ਆਬਜ਼ਰਵਰ ਤੇ ਸੀਨੀਅਰ ਆਗੂ ਐਨ ਕੇ ਸ਼ਰਮਾ ਨੇ ਕੀਤਾ ਹੈ।
ਅੱਜ ਇਥੇ ਪਾਰਟੀ ਲੀਡਰਸ਼ਿਪ ਨਾਲ ਮਿਲ ਕੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਨ ਕੇ ਸ਼ਰਮਾ ਨੇ ਕਿਹਾ ਕਿ ਪਾਰਟੀ ਦੀ ਭਰਤੀ ਮੁਹਿੰਮ ਵਾਸਤੇ ਸਾਰੇ ਹਲਕਾ ਇੰਚਾਰਜਾਂ ਤੇ ਸੀਨੀਅਰ ਆਗੂਆਂ ਤੇ ਵਰਕਰਾਂ ਨੂੰ ਭਰਤੀ ਪਰਚੀਆਂ ਵੰਡੀਆਂ ਜਾ ਰਹੀਆਂ ਹਨ ਤੇ ਅਗਲੇ ਇਕ ਮਹੀਨੇ ਤੱਕ ਇਹ ਮੁਹਿੰਮ ਬਹੁਤ ਜੰਗੀ ਪੱਧਰ ’ਤੇ ਚੱਲੇਗੀ। ਉਹਨਾਂ ਦੱਸਿਆ ਕਿ 20 ਫਰਵਰੀ ਨੂੰ ਇਹ ਭਰਤੀ ਮੁਹਿੰਮ ਸੰਪੰਨ ਹੋਵੇਗੀ ਤੇ ਇਸ ਮਗਰੋਂ 1 ਮਾਰਚ ਨੂੰ ਪਾਰਟੀ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪਾਰਟੀ ਵੱਲੋਂ ਤੈਅ ਨਿਯਮਾਂ ਮੁਤਾਬਕ ਸਰਕਲ ਪੱਧਰ ਤੇ ਜ਼ਿਲ੍ਹਾ ਡੈਲੀਗੇਟਾਂ ਦੀ ਚੋਣ ਹੋਵੇਗੀ ਜੋ ਅੱਗੇ ਸੂਬਾ ਡੈਲੀਗੇਟ ਚੁਣਨਗੇ ਜੋ ਅੱਗੇ ਪਾਰਟੀ ਪ੍ਰਧਾਨ ਦੀ ਚੋਣ ਕਰਨਗੇ।
ਇਸ ਮੌਕੇ ਹਾਜ਼ਰ ਪਾਰਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਸੁਰਜੀਤ ਸਿੰਘ ਗੜ੍ਹੀ, ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਸ਼ਹਿਰੀ ਪ੍ਰਧਾਨ ਅਮਿਤ ਰਾਠੀ, ਹਲਕਾ ਸ਼ਹਿਰੀ ਇੰਚਾਰਜ ਅਮਰਿੰਦਰ ਸਿੰਘ ਬਜਾਜ ਨੇ ਦੱਸਿਆ ਕਿ ਪਾਰਟੀ ਦੀ ਭਰਤੀ ਮੁਹਿੰਮ ਨੂੰ ਲੈ ਕੇ ਲੋਕਾਂ ਵਿਚ ਬਹੁਤ ਉਤਸ਼ਾਹ ਹੈ ਤੇ ਅੱਜ ਇਥੇ ਪਾਰਟੀ ਲੀਡਰਸ਼ਿਪ ਦੀ ਹਾਜ਼ਰੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ। ਉਹਨਾਂ ਕਿਹਾ ਕਿ ਪਾਰਟੀ ਵਿਚ ਮੈਂਬਰ ਬਣਨ ਵਾਸਤੇ 10 ਰੁਪਏ ਦੀ ਪਰਚੀ ਕਟਵਾਉਣੀ ਪਵੇਗੀ ਜਿਸ ਮਗਰੋਂ ਮੈਂਬਰਸ਼ਿਪ ਪ੍ਰਾਪਤ ਕੀਤੀ ਜਾ ਸਕੇਗੀ।
ਐਨ ਕੇ ਸ਼ਰਮਾ ਤੇ ਹੋਰ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਪੰਜਾਬ ਵਿਚ ਵਿਕਾਸ ਕਾਰਜ ਤੇ ਭਲਾਈ ਸਕੀਮਾਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲਾਗੂ ਹੋਈਆਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਹੀ ਪੰਜਾਬ ਵਿਚ ਪ੍ਰਮੁੱਖ ਸੜਕਾਂ ਦਾ ਨਿਰਮਾਣ ਕੀਤਾ, ਪ੍ਰਮੁੱਖ ਯਾਦਗਾਰਾਂ ਬਣਵਾਈਆਂ, ਆਟਾ ਦਾਲ, ਸ਼ਗਨ ਸਕੀਮ, ਐਸ ਸੀ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮ ਸਮੇਤ ਹੋਰ ਯੋਜਨਾਵਾਂ ਲਾਗੂ ਕੀਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਭਾ ਦੇ ਇੰਚਾਰਜ ਮੱਖਣ ਸਿੰਘ ਲਾਲਕਾ, ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਛੜੂ, ਯੂਥ ਪ੍ਰਧਾਨ ਅੰਮ੍ਰਿਤਬੀਰ ਸਿੰਘ ਲੰਗ, ਲਖਵੀਰ ਸਿੰਘ ਲੋਟ, ਕ੍ਰਿਸ਼ਨ ਸਿੰਘ ਸਨੌਰ ਸਮੇਤ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।