ਪ੍ਰੋ. ਗੰਡਮ ਦੀ ਕਾਵਿ-ਸੰਗ੍ਰਹਿ- 'ਬੁੱਲ ਸੀਤਿਆਂ ਸਰਨਾ ਨਈਂ' 'ਤੇ ਵਿਚਾਰ-ਗੋਸ਼ਟੀ
- ਜਾਗਦੀ ਜ਼ਮੀਰ ਵਾਲੇ ਲੇਖਕਾਂ ਨੂੰ ਜ਼ੁਲਮ, ਜਬਰ ਅਤੇ ਨਾ-ਇਨਸਾਫ਼ੀ ਵਿਰੁੱਧ ਖੜਨਾ, ਅੜਨਾ ਅਤੇ ਲੜਨਾ ਚਾਹੀਦਾ ਹੈ- ਪ੍ਰੋ. ਗੰਡਮ
ਫਗਵਾੜਾ, 20 ਜਨਵਰੀ 2025- ਪੰਜਾਬੀ ਵਿਰਸਾ ਟਰੱਸਟ (ਰਜਿ:) ਅਤੇ ਸਕੇਪ ਸਾਹਿਤਕ ਸੰਸਥਾ ਫਗਵਾੜਾ ਵਲੋਂ ਐਤਵਾਰ ਨੂੰ ਇਥੇ ਪੰਜਾਬੀ ਲੇਖਕ ਅਤੇ ਸੀਨੀਅਰ ਪੱਤਰਕਾਰ ਪ੍ਰੋ. ਜਸਵੰਤ ਸਿੰਘ ਗੰਡਮ ਦੀ ਪਲੇਠੀ ਕਾਵਿ-ਪੁਸਤਕ 'ਬੁੱਲ ਸੀਤਿਆਂ ਸਰਨਾ ਨਈਂ' 'ਤੇ ਵਿਚਾਰ-ਗੋਸ਼ਟੀ ਕੀਤੀ ਗਈ। ਇਸ ਸਮੇਂ ਪ੍ਰਧਾਨਗੀ ਮੰਡਲ ਵਿੱਚ ਨਾਮਵਰ ਲੇਖਕ ਐਡਵੋਕੇਟ ਐਸ.ਐਲ. ਵਿਰਦੀ, ਸੋਹਣ ਸਹਿਜਲ, ਟੀ.ਡੀ, ਚਾਵਲਾ, ਬਲਦੇਵ ਰਾਜ ਕੋਮਲ ਅਤੇ ਅਜਾਇਬ ਸਿੰਘ ਸੰਘਾ ਸ਼ਾਮਲ ਸਨ।
ਪੁਸਤਕ ਚਰਚਾ ਵਿੱਚ ਪੰਜਾਬੀ ਲੇਖਕ ਅਤੇ ਪ੍ਰਬੰਧਕ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਕੁੰਜੀਵਤ ਭਾਸ਼ਣ ਦਿੱਤਾ। ਉਹਨਾ ਨੇ ਕਿਹਾ ਕਿ ਪ੍ਰੋ. ਜਸਵੰਤ ਸਿੰਘ ਗੰਡਮ ਦੀ ਸਮੁੱਚੀ ਕਵਿਤਾ ਪ੍ਰਸੰਗਕ ਸੱਚ ਨੂੰ ਸਿਰਫ਼ ਬਿਆਨ ਹੀ ਨਹੀਂ , ਸਗੋਂ ਪ੍ਰਸੰਗਕਤਾ ਦੀ ਅਣਸੁਖਾਵੀਂ ਸਥਿਤੀ ਵਿੱਚੋਂ ਲੋਕਾਂ ਨੂੰ ਮੁਕਤ ਕਰਨ ਦਾ ਰਾਹ ਉਲੀਕਦੀ ਹੋਈ, ਜਿੱਤ-ਹਾਰ, ਖੁਸ਼ੀ-ਉਦਾਸੀ ਦੇ ਵਰਤਾਰੇ ਨਾਲ ਸੰਵਾਦ ਰਚਾਉਂਦੀ ਹੈ। ਰੂਸੀ ਕਵੀ ਕੈਸਲ ਕੁਲੱਈ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਕਵਿਤਾ ਲੋਕਾਂ ਦੀ ਤਰਜ਼ਮਾਨੀ ਕਰਦੀ ਹੈ ਅਤੇ ਸੇਵਾ ਵੀ ਅਤੇ ਇਹ ਜੀਉਂਦਿਆਂ ਲਈ ਹੁੰਦੀ ਹੈ ਨਾ ਕਿ ਮੋਇਆਂ ਲਈ।
ਇਸ ਮੌਕੇ ਪ੍ਰੋ. ਜਸਵੰਤ ਸਿੰਘ ਗੰਡਮ ਨੇ ਆਪਣੇ ਪਹਿਲੇ ਕਾਵਿ-ਸੰਗ੍ਰਹਿ ਬਾਰੇ ਬੋਲਦਿਆਂ ਦੱਸਿਆ ਕਿ ਇਸ ਵਿੱਚ ਕੁੱਲ 88 ਕਵਿਤਾਵਾਂ ਹਨ, ਜੋ ਦੁੱਖਆਰਿਆਂ-ਲਤਾੜਿਆਂ ਅਤੇ ਦਬਾਏ ਹੋਏ ਲੋਕਾਂ ਦੇ ਦੁੱਖਾਂ, ਦਰਦਾਂ ਅਤੇ ਸੰਘਰਸ਼ਾਂ ਨੂੰ ਬਿਆਨ ਕਰਦੀਆਂ ਹਨ। ਉਹਨਾ ਇਹ ਵੀ ਕਿਹਾ ਕਿ ਜਾਗਦੀ ਜ਼ਮੀਰ ਵਾਲੇ ਲੇਖਕਾਂ ਨੂੰ ਜ਼ੁਲਮ, ਜਬਰ ਅਤੇ ਨਾ-ਇਨਸਾਫ਼ੀ ਵਿਰੁੱਧ ਖੜਨਾ, ਅੜਨਾ ਅਤੇ ਲੜਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਪ੍ਰੋ. ਗੰਡਮ ਦੀਆਂ ਤਿੰਨ ਵਾਰਤਕ ਪੁਸਤਕਾਂ ਛੱਪ ਚੁੱਕੀਆਂ ਹਨ।
ਇਸ ਸਮਾਗਮ ਵਿੱਚ ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਬਰੈਂਪਟਨ ਕੈਨੇਡਾ, ਨੇ ਵਿਸ਼ੇਸ਼ ਸ਼ਿਰਕਤ ਕੀਤੀ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਣਾਏ ਹੋਏ ਉੱਦਮੀ ਡਾ. ਦਲਬੀਰ ਸਿੰਘ ਕਥੂਰੀਆ ਨੇ ਪੱਛਮੀ ਪੰਜਾਬ (ਪਾਕਿਸਤਾਨ) ਦੀ ਮੁੱਖ ਮੰਤਰੀ ਮਰੀਅਮ ਨਿਵਾਜ਼ ਸ਼ਰੀਫ਼ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਹਨਾਂ ਨੇ ਉਥੇ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਪੰਜਾਬੀ ਲਾਗੂ ਕਰਨ ਦਾ ਫ਼ੈਸਲਾ ਕੀਤਾ। ਇਸ ਮੌਕੇ ਡਾ. ਕਥੂਰੀਆ ਅਤੇ ਪ੍ਰੋ. ਗੰਡਮ ਨੂੰ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਖ਼ਸ਼ੀਅਤਾਂ ਤੋਂ ਇਲਾਵਾ ਕਮਲੇਸ਼ ਸੰਧੂ, ਰਵਿੰਦਰ ਚੋਟ, ਅਸ਼ੋਕ ਚੱਢਾ ਨੇ ਪੁਸਤਕ ਚਰਚਾ 'ਚ ਹਿੱਸਾ ਲਿਆ।
ਹੋਰਨਾਂ ਤੋਂ ਇਲਾਵਾ ਪਰਵਿੰਦਰਜੀਤ ਸਿੰਘ, ਜਸਵਿੰਦਰ ਫਗਵਾੜਾ, ਲਸ਼ਕਰ ਢੰਡਵਾੜਵੀ,ਸਿਮਰਤ ਕੌਰ,ਹਰਜਿੰਦਰ ਨਿਆਣਾ,ਮੈਡਮ ਬੰਸੋ ਦੇਵੀ,ਕੁਲਵੰਤ ਸਿੰਘ ਭਿੰਡਰ,ਪ੍ਰੀਤ ਕੌਰ ਪ੍ਰੀਤੀ,ਅਸ਼ੋਕ ਸ਼ਰਮਾ, ਚਰਨਜੀਤ ਸਿੰਘ ਬਰਨਾ ਅਤੇ ਹੋਰ ਮੈਂਬਰ ਹਾਜ਼ਰ ਸਨ।