ਭਾਈ ਲਾਲੋ ਚੌਕ ਵਿੱਚ ਇੱਕ ਵਾਰ ਫਿਰ ਪਿਆ ਖਲਾਰਾ, ਐਮਐਲਏ ਪਾਹੜਾ ਪ੍ਰਸ਼ਾਸਨ ਨੇ ਮੁੜ ਹੋਇਆ ਦੁਆਲੇ
ਰੋਹਿਤ ਗੁਪਤਾ
ਗੁਰਦਾਸਪੁਰ : ਸ਼ਹਿਰ ਦੇ ਤਿੱਬੜੀ ਰੋਡ ਤੇ ਭਾਈ ਲਾਲੋ ਚੌਂਕ ਦੇ ਨਿਰਮਾਣ ਨੂੰ ਲੈ ਕੇ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦਾ ਦੋਸ਼ ਹੈ ਕਿ ਚੌਂਕ ਦੇ ਨਿਰਮਾਣ ਵਿੱਚ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਇਸ਼ਾਰੇ ਤੇ ਰੋੜੇ ਵਿਛਾ ਰਿਹਾ ਹੈ ਜਦਕਿ ਨਗਰ ਕੌਂਸਲ ਵੱਲੋਂ ਬਕਾਇਦਾ ਇਸਦੀ ਮਨਜੂਰੀ ਅਤੇ ਸੰਬੰਧਿਤ ਵਿਭਾਗਾਂ ਤੋਂ ਐਨ ਓਸੀ ਜ ਲੈਣ ਤੋਂ ਬਾਅਦ ਨੂੰ ਸ਼ੁਰੂ ਕਰਵਾਇਆ ਗਿਆ ਸੀ। ਹਾਲਾਂਕਿ ਪਿਛਲੇ ਦਿਨੀਂ ਚੌਂਕ ਵਿੱਚ ਗੋਲ ਚੱਕਰ ਦਾ ਨਿਰਮਾਣ ਕਰਵਾ ਦਿੱਤਾ ਗਿਆ ਸੀ ਅਤੇ ਭਾਈ ਲਾਲੋ ਚੌਂਕ ਦਾ ਬੋਰਡ ਵੀ ਲਗਾ ਦਿੱਤਾ ਗਿਆ ਸੀ ਪਰ ਵਿਧਾਇਕ ਪਾਹੜਾ ਨੇ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਇਸ ਨੂੰ ਮੁਕੰਮਲ ਕਰਵਾਉਣ ਦੀ ਗੱਲ ਕਹੀ ਸੀ ਅਤੇ ਦਾਵਾ ਕੀਤਾ ਸੀ ਕਿ ਇਸ ਦੇ ਨਿਰਮਾਣ ਨਾਲ ਇਸ ਰੋਡ ਦੀ ਟਰੈਫਿਕ ਵਿਵਸਥਾ ਸੁਚਾਰੂ ਹੋ ਜਾਵੇਗੀ ਪਰ ਅੱਜ ਚੌਂਕ ਵਿੱਚ ਫਿਰ ਤੋਂ ਵਿਵਾਦ ਹੋ ਗਿਆ ਜਦੋਂ ਕੁਝ ਦੁਕਾਨਦਾਰ ਸੜਕ ਤੇ ਕੀਤਾ ਗਿਆ ਗੈਰ ਕਾਨੂੰਨੀ ਨਿਰਮਾਣ ਆਪ ਹੀ ਤੋੜ ਰਹੇ ਸਨ ਅਤੇ ਉੱਥੇ ਡੀਐਸਪੀ ਰੈਂਕ ਦੇ ਅਧਿਕਾਰੀਆਂ ਸਮੇਤ ਭਾਰੀ ਪੁਲਿਸ ਫੋਰਸ ਪਹੁੰਚ ਗਈ। ਇਸ ਦੌਰਾਨ ਵਿਧਾਇਕ ਪਾਹੜਾ ਵੀ ਉੱਥੇ ਪਹੁੰਚ ਗਏ ਅਤੇ ਕਿਹਾ ਕਿ ਉਹਨਾਂ ਨੇ ਦੁਕਾਨਦਾਰਾਂ ਨੂੰ ਸੜਕ ਨੂੰ ਖੁੱਲਾ ਕਰਨ ਲਈ ਆਪਣੇ ਨਜਾਇਜ਼ ਕਬਜ਼ੇ ਛੱਡਣ ਦੀ ਅਪੀਲ ਕੀਤੀ ਸੀ ਜਿਸ ਨੂੰ ਦੁਕਾਨਦਾਰਾਂ ਨੇ ਮੰਨ ਲਿਆ ਤੇ ਆਪਣੇ ਨਜਾਇਜ਼ ਨਿਰਮਾਣ ਆਪ ਹੀ ਤੋੜ ਰਹੇ ਸਨ ਪਰ ਪ੍ਰਸ਼ਾਸਨ ਨੂੰ ਇਸ ਵਿੱਚ ਵੀ ਇਤਰਾਜ਼ ਹੈ। ਹਾਲਾਂਕਿ ਉੱਥੇ ਪਹੁੰਚੇ ਕਿਸੇ ਵੀ ਪੁਲਿਸ ਅਧਿਕਾਰੀ ਨੇ ਕਿਸੇ ਦੁਕਾਨਦਾਰ ਨੂੰ ਕੰਮ ਰੋਕਣ ਲਈ ਨਹੀਂ ਗਿਆ ਤੇ ਨਾ ਹੀ ਕਿਸੇ ਨਾਲ ਕੋਈ ਗਲਤ ਵਿਹਾਰ ਕੀਤਾ ਪਰ ਐਮਐਲਏ ਪਾਹੜਾ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ ਤੇ ਚੌਂਕ ਦਾ ਨਿਰਮਾਣ ਰੋਕਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੌਕੇ ਤੇ ਪਹੁੰਚੇ ਵਿਧਾਇਕ ਪਾਹੜਾ ਨੇ ਕਿਹਾ ਕਿ ਉਹਨਾਂ ਨੇ ਭਾਈ ਲਾਲੋ ਚੌਂਕ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਸੀ ਕਿ ਜਿੰਨੇ ਵੀ ਸੜਕ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਉਹ ਹਟਾ ਲੈਣ ਅਤੇ ਨਜਾਇਜ਼ ਨਿਰਮਾਣ ਆਪ ਹੀ ਤੋੜ ਲੈਣ ਤਾਂ ਜੋ ਆਵਾਜਾਈ ਵਿੱਚ ਕੋਈ ਅੜਚਣ ਪੇਸ਼ ਨਾ ਹੋਵੇ । ਟਰੈਫਿਕ ਵਧਣ ਕਾਰਨ ਦੁਕਾਨਦਾਰ ਵੀ ਪਰੇਸ਼ਾਨ ਹਨ ਅਤੇ ਗ੍ਰਾਹਕੀ ਤੇ ਵੀ ਅਸਰ ਪੈ ਰਿਹਾ ਹੈ। ਜਿਸ ਕਾਰਨ ਦੁਕਾਨਦਾਰਾਂ ਨੇ ਉਹਨਾਂ ਦੀ ਅਪੀਲ ਮੰਨ ਲਈ ਅਤੇ ਆਪ ਹੀ ਆਪਣੇ ਨਜਾਇਜ਼ ਕਬਜ਼ੇ ਤੋੜ ਰਹੇ ਸਨ ਪਰ ਇਸ ਦੌਰਾਨ ਭਾਰੀ ਪੁਲਿਸ ਫੋਰਸ ਉੱਥੇ ਪਹੁੰਚ ਗਈ ਹਾਂਲਾਕਿ ਜਦੋਂ ਉਹਨਾਂ ਨੇ ਵੇਖਿਆ ਕਿ ਦੁਕਾਨਦਾਰ ਆਪ ਹੀ ਨਜਾਇਜ਼ ਕਬਜ਼ੇ ਛੱਡ ਰਹੇ ਹਨ ਤਾਂ ਉਹਨਾਂ ਨੇ ਕਿਸੇ ਨੂੰ ਕੁਛ ਨਹੀਂ ਕਿਹਾ ਪਰ ਪ੍ਰਸ਼ਾਸਨ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਇਸ਼ਾਰੇ ਤੇ ਉਹਨਾਂ ਅਤੇ ਉਹਨ੍ਾਂ ਦੇ ਭਰਾ ਬਲਜੀਤ ਸਿੰਘ ਪਾਹੜਾ ਪ੍ਰਧਾਨ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਕੀਤੇ ਜਾ ਰਹੇ ਸ਼ਹਿਰ ਦੇ ਵਿਕਾਸ ਨੂੰ ਰੋਕਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਭਾਈ ਲਾਲੋ ਚੌਂਕ ਚ ਉਹਨਾਂ ਵੱਲੋਂ ਡਿਵਾਈਡਰ ਬਣਾਉਣ ਅਤੇ ਲਾਈਟਾਂ ਲਗਵਾਉਣ ਦਾ ਵੀ ਪਲਾਨ ਤਿਆਰ ਕੀਤਾ ਗਿਆ ਹੈ ਜਿਸ ਨਾਲ ਇਲਾਕੇ ਦੀ ਟ੍ਰੈਫਿਕ ਵਿਵਸਥਾ ਸੁਚਾਰੂ ਹੋ ਜਾਵੇਗੀ ਪਰ ਇਸ ਨੂੰ ਸਿਰੇ ਨਹੀਂ ਚੜਨ ਦਿੱਤਾ ਜਾ ਰਿਹਾ ਕਿਉਂਕਿ ਉਹ ਕਾਂਗਰਸ ਪਾਰਟੀ ਨਾਲ ਸੰਬੰਧਿਤ ਹਨ ਜਦਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਪਾਹੜਾ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਲਈ ਕੁਝ ਵੀ ਕਰਨ ਲਈ ਤਿਆਰ ਹਨ ਅਤੇ ਉਹ ਹਾਰ ਨਹੀਂ ਮੰਨਣਗੇ