ਕਮਿਊਨਿਸਟ ਆਗੂਆਂ ਵੱਲੋਂ ਦਾਨ ਸਿੰਘ ਵਾਲਾ ਵਿਖੇ ਘਰ ਫੂਕਣ ਦੀ ਵਾਰਦਾਤ ਅੱਤਵਾਦੀ ਕਾਰਾ ਕਰਾਰ
ਐਫਆਈਆਰ ਵਿੱਚ ਐਸਸੀ ਐਸਟੀ ਐਕਟ ਅਤੇ ਅੱਤਵਾਦ ਵਿਰੋਧੀ ਧਾਰਾਵਾਂ ਲਾਉਣ ਦੀ ਮੰਗ
ਅਸ਼ੋਕ ਵਰਮਾ
ਗੋਨਿਆਣਾ ਮੰਡੀ: 19 ਜਨਵਰੀ 2025 : ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਨੇ ਲੰਘੀ9 ਤੇ 10 ਜਨਵਰੀ ਦੀ ਦਰਮਿਆਨੀ ਰਾਤ ਇੱਥੋਂ 10 ਕਿਲੋਮੀਟਰ ਦੂਰ ਪਿੰਡ ਦਾਨ ਸਿੰਘ ਵਾਲਾ ਦੀ ਜੀਵਨ ਸਿੰਘ ਬਸਤੀ ਵਿੱਚ ਗੁੰਡਿਆਂ ਵੱਲੋਂ ਮਜ਼ਬੀ ਸਿੱਖ ਭਾਈਚਾਰੇ ਦੇ ਗਰੀਬਾਂ ਤੇ ਕੀਤੇ ਹਥਿਆਰਬੰਦ ਕਾਤਲਾਨਾ ਹਮਲੇ ਅਤੇ ਅੱਗ ਲਾਕੇ ਸਾੜੇ ਗਏ 8 ਘਰਾਂ ਦੀ ਘਟਨਾ ਨੂੰ ਅੱਤਵਾਦੀ ਕਾਰਾ ਕਰਾਰ ਦਿੰਦਿਆਂ ਮੁਲਜਮਾਂ ਖਿਲਾਫ ਦਰਜ ਮੁਕਦਮੇ ਵਿੱਚ ਸਾਜ਼ਿਸ਼ ਰਚਣ ਦੀ ਧਾਰਾ 120 ਬੀ, ਐਸ ਸੀ ਐਕਟ, ਰਾਤ ਦੇ ਹਨੇਰੇ ਘਰਾਂ ਵਿੱਚ ਦਾਖ਼ਲ ਹੋਕੇ ਗੰਭੀਰ ਫੌਜਦਾਰੀ ਜੁਰਮ ਕਰਨ, ਡਾਕਾ ਮਾਰਨ ਅਤੇ ਅੱਤਵਾਦ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਜੋੜਨ ਤੋਂ ਇਲਾਵਾ ਹਰ ਨੁਕਸਾਨੇ ਪਰਿਵਾਰ ਦਾ ਸਰਕਾਰੀ ਖ਼ਰਚੇ ਉੱਤੇ ਇਲਾਜ ਤੇ 10-10 ਲੱਖ ਰੁਪੈ ਦਾ ਮੁਆਵਜ਼ਾ ਦੀ ਮੰਗ ਕੀਤੀ ਹੈ ।

ਸੀ ਪੀ ਆਈ ਦੇ ਸੂਬਾ ਆਗੂ ਜਗਜੀਤ ਸਿੰਘ ਜੋਗਾ ਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਕੌਮੀ ਕੌਂਸਲ ਦੇ ਮੈਂਬਰ ਸੁਰਜੀਤ ਸਿੰਘ ਸੋਹੀ ਦੀ ਅਗਵਾਈ ਵਿੱਚ 13 ਮੈਂਬਰੀ ਟੀਮ ਵੱਲੋਂ ਘਟਨਾ ਸਥਾਨ ਦੇ ਕੀਤੇ ਸਰਵੇਖਣ ਤੋਂ ਬਾਦ ਪ੍ਰੈੱਸ ਨੂੰ ਜਾਰੀ ਕੀਤੇ ਲਿਖਤੀ ਬਿਆਨ ਰਾਹੀਂ ਆਗੂਆਂ ਨੇ ਕਿਹਾ ਕਿ ਇਹ ਪਹਿਲਾਂ ਤੋਂ ਤਿਆਰ ਕੀਤੇ ਪੈਟਰੋਲ ਬੰਬਾਂ ਨਾਲ ਘਰਾਂ ਤੇ ਕੀਤਾ ਹਮਲਾ ਇੱਕ ਅੱਤਵਾਦੀ ਘਟਨਾ ਹੈ।
ਪ੍ਰਸ਼ਾਸਨ ਤੇ ਗਲਤ ਸੂਚਨਾ ਦੇਣ ਦੇ ਦੋਸ਼ ਲਾਉਂਦਿਆਂ ਆਗੂਆਂ ਨੇ ਕਿਹਾ ਕਿ ਜਖਮੀਆਂ ਦਾ ਸਮੁੱਚਾ ਖਰਚਾ ਸਰਕਾਰ ਨਹੀਂ ਸਗੋਂ ਪੀੜਤਾਂ ਵੱਲੋਂ ਚੁੱਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਗੱਲ ਮੀਡੀਆ ਵਿੱਚ ਪਾਉਣ ਤੋਂ ਰੋਕਣ ਲਈ ਪੁਲਿਸ ਨੇ ਅੱਗ ਵਿੱਚ ਸੜਿਆ ਸਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਆਗੂਆਂ ਨੇ ਕਿਹਾ ਕਿ 20 ਜਨਵਰੀ ਨੂੰ ਇਨ੍ਹਾਂ ਸਮੁੱਚੇ ਵੇਰਵਿਆਂ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲ ਕੇ ਜ਼ੁਲਮ ਦੀ ਸਮੁੱਚੀ ਦਾਸਤਾਨ ਅਤੇ ਇਕੱਲੇ ਇਕੱਲੇ ਘਰ ਵਿੱਚ ਮਚਾਈ ਤਬਾਹੀ ਦੇ ਤਫਸੀਲ ਸਮੇਤ ਵੇਰਵੇ ਸੌਂਪੇ ਜਾਣਗੇ ਅਤੇ ਇਹਨਾਂ ਮੰਗਾਂ ਤੇ ਜ਼ੋਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਗੁੰਡਾ ਅਫਸਰ ਨੇ ਇੱਕ ਪੀੜਤ ਦੀ ਪਾਲਤੂ ਗਊ ਦੀ ਧੌਣ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਅਤੇ ਉਨਾਂ ਦੀਆਂ ਡੇਢ ਲੱਖ ਦੀਆਂ 10 ਬੱਕਰੀਆਂ ਅਤੇ ਇੱਕ ਪਠੋਰਾ ਵੀ ਚੁੱਕ ਕੇ ਲੈ ਗਏ ਹਨ। ਉਹਨਾਂ ਪ੍ਰਸ਼ਾਸਨ ਨੂੰ ਸਵਾਲ ਪੁੱਛਿਆ ਕਿ ਇਹ ਡਾਕਾ ਨਹੀਂ ਤਾਂ ਹੋਰ ਕੀ ਹੈ। ਉਹਨਾਂ ਕਿਹਾ ਕਿ ਪੁਲਿਸ ਜਾਣ ਬੁਝ ਕੇ ਇਹਨਾਂ ਤੱਥਾਂ ਦੀ ਅਣਦੇਖੀ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਬਚਾਇਆ ਜਾ ਸਕੇ। ਆਗੂਆਂ ਨੇ ਮੁਲਜ਼ਮਾਂ ਦੀ ਪਿੱਠ ਤੇ ਕਥਿਤ ਸਿਆਸੀ ਹੱਥ ਹੋਣ ਦੇ ਦੋਸ਼ ਵੀ ਲਾਏ ਹਨ।
ਆਗੂਆਂ ਨੇ ਕਿਹਾ ਕਿ ਇਸੇ ਕਰਕੇ ਘਟਨਾ ਵਾਲੀ ਸਾਰੀ ਰਾਤ ਜ਼ੁਲਮ ਹੁੰਦਾ ਰਿਹਾ, ਪਰ ਪੁਲਿਸ ਨਹੀਂ ਪਹੁੰਚੀ ਤੇ ਦੂਜੇ ਦਿਨ ਵੀ ਤੀਜੇ ਪਹਿਰ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚਣਾ ਸਵਾਲ ਖੜੇ ਕਰਦਾ ਹੈ ਅਤੇ ਹੁਣ ਇਸ ਵਾਰਦਾਤ ਨੂੰ ਨਿੱਜੀ ਰੰਜ਼ਿਸ਼ ਹੋਣ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੁਲਿਸ ਹਿਰਾਸਤ ਵਿੱਚ ਮੁਲਜ਼ਮਾਂ ਦੀਆਂ ਮੀਡੀਆ ਨੂੰ ਇੰਟਰਵਿਊ ਕਰਵਾਈਆਂ ਜਾ ਰਹੀਆਂ ਹਨ ਜੋ ਕਿ ਇੱਕ ਤਰ੍ਹਾਂ ਨਾਲ ਵੀਆਈਪੀ ਵਤੀਰਾ ਹੈ। ਕਮਿਊਨਿਸਟ ਆਗੂ ਜੋਗਾ ਨੇ ਦੱਸਿਆ ਕਿ ਪੀੜਤਾਂ ਦੇ ਕੇਸ ਨੂੰ ਮਜ਼ਬੂਤ ਕਰਨ ਅਤੇ ਫਰੀ ਅਦਾਲਤੀ ਪੈਰਵੀ ਲਈ ਸੀਨੀਅਰ ਵਕੀਲ ਸੁਰਜੀਤ ਸਿੰਘ ਸੋਹੀ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਪੈਨਲ ਬਣਾ ਦਿੱਤਾ ਗਿਆ ਹੈ ਜਿਸ ਵਿੱਚ ਬਾਰ ਐਸੋਸੀਏਸ਼ਨ ਦੇ ਸਾਬਕਾ ਪੑਧਾਨ ਰਣਜੀਤ ਸਿੰਘ ਜਲਾਲ ਤੇ ਸਾਬਕਾ ਸਕੱਤਰ ਜਗਮੀਤ ਸਿੰਘ ਸ਼ਾਮਲ ਹਨ। ਇਸ 13 ਮੈਂਬਰੀ ਟੀਮ ਵਿੱਚ ਕਾਕਾ ਸਿੰਘ ਬਠਿੰਡਾ, ਜਸਵੀਰ ਕੌਰ ਸਰਾਂ, ਬਲਜਿੰਦਰ ਸਿੰਘ ਜੋਗਾਨੰਦ, ਹਰਦੇਵ ਸਿੰਘ, ਚੰਦ ਸਿੰਘ ਬੰਗੀ, ਜਗਦੇਵ ਸਿੰਘ ਜੰਡਾਂ ਵਾਲਾ, ਮਿਠੂ ਸਿੰਘ ਬੀੜ ਤਲਾਬ, ਹਰਬੰਸ ਸਿੰਘ ਜੋਧਪੁਰ ਰੁਮਾਣਾ, ਮਿਠੂ ਸਿੰਘ ਬੰਗੀ ਕਲਾ, ਗੁਰਦੇਵ ਸਿੰਘ ਸਿੱਧੂ ਤੇ ਛਿੰਦਾ ਸਿੰਘ ਆਦਿ ਸ਼ਾਮਲ ਹੋਏ।