ਡੇਰਾ ਸਮਰਥਕ ਪੱਤਰਕਾਰ ਦੀ ਪੰਜਾਬ ਵਿਧਾਨ ਸਭਾ ਗੈਲਰੀ ਦੇ ਪ੍ਰਧਾਨ ਵੱਜੋਂ ਨਿਯੁਕਤੀ ਹੋਵੇ ਰੱਦ: MP ਰੰਧਾਵਾ ਨੇ ਸਪੀਕਰ ਨੂੰ ਲਿਖਿਆ ਪੱਤਰ
ਰੋਹਿਤ ਗੁਪਤਾ
ਗੁਰਦਾਸਪੁਰ 18 ਜਨਵਰੀ 2025 - ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੱਤਰ ਲਿਖ ਕੇ ਡੇਰਾ ਸੱਚਾ ਸੌਦਾ ਦੇ ਅਖ਼ਬਾਰ" ਸੱਚ ਕਹੂੰ" ਦੇ ਚੰਡੀਗੜ੍ਹ ਅਧਾਰਤ ਪੱਤਰਕਾਰ ਅਸ਼ਵਨੀ ਚਾਵਲਾ ਦੀ ਨਿਯੁਕਤੀ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੱਚਾ ਸੌਦਾ ਸਿਰਸਾ ਦੀਆਂ ਪਿਛਲੇ ਸਮੇਂ ਵਿੱਚ ਸਿੱਖ ਪੰਥ ਵਿਰੋਧੀ ਗਤੀਵਿਧੀਆਂ ਅਤੇ ਬੇਅਦਬੀਆਂ ਕਾਰਨ ਪਹਿਲਾਂ ਹੀ ਸਿੱਖਾਂ ਦੇ ਹਿਰਦੇ ਬੁਰੀ ਤਰ੍ਹਾਂ ਵਲੂੰਧਰੇ ਗਏ ਹਨ।
ਪਰ ਖੁਦ ਨੂੰ ਸਿੱਖ ਸਿਧਾਤਾਂ ਦੇ ਅਨੁਸਾਰੀ ਕਹਿਣ ਵਾਲੇ ਕੁਲਤਾਰ ਸੰਧਵਾਂ ਵੱਲੋਂ ਸਿੱਖ ਪੰਥ ਵਿਰੋਧੀ ਡੇਰਾ ਸੱਚਾ ਸੌਦਾ ਨਾਲ ਸੰਬਧਤ ਪੱਤਰਕਾਰ ਨੂੰ ਅਜਿਹੇ ਅਹਿਮ ਅਹੁਦੇ 'ਤੇ ਬਿਠਾਉਣਾ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦਾ ਸਰਾਸਰ ਨਿਰਾਦਰ ਅਤੇ ਸ਼ਰੇਆਮ ਸਿੱਖ ਭਾਵਨਾਵਾਂ ਦੀ ਅਣਦੇਖੀ ਕਰਨਾ ਹੈ। ਇਸ ਨਿਯੁਕਤੀ ਨਾਲ ਦੇਸ਼ ਵਿਦੇਸ਼ ਵਿੱਚ ਵਸਦੇ ਸਮੁੱਚੇ ਸਿੱਖ ਸਮੁਦਾਇ ਅੰਦਰ ਭਰੀ ਰੋਹ ਅਤੇ ਨਿਰਾਸ਼ਾ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਨਿਯੁਕਤੀ ਦਾ ਵਿਰੋਧ ਕਰਦੇ ਹਨ ਅਤੇ ਸਿੱਖ ਹਿਰਦਿਆਂ ਅੰਦਰਲੇ ਰੋਸ ਨੂੰ ਦੇਖਦੇ ਹੋਏ ਇਹ ਨਿਯੁਕਤੀ ਤੁਰੰਤ ਰੱਦ ਕਰਕੇ ਸਪੀਕਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।