ਸਿਰਸਾ ਡੇਰੇ ਦੇ ਅਖ਼ਬਾਰ ਦੇ ਪੱਤਰਕਾਰ ਨੂੰ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਦਾ ਪ੍ਰਧਾਨ ਬਣਾਉਣਾ ਸ਼੍ਰੀ ਆਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ : ਸੁਖਜਿੰਦਰ ਰੰਧਾਵਾ
ਕ੍ਰਿਸ਼ਨ ਚੰਦਰ
ਗੁਰਦਾਸਪੁਰ, 19 ਜਨਵਰੀ 2025 : ਅੱਜ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਕ ਪੱਤਰ ਲਿਖ ਕੇ ਸਿਰਸਾ ਡੇਰਾ ਦੇ ਅਖ਼ਬਾਰ ਸੱਚ ਕਹੂੰ ਦੇ ਪੱਤਰਕਾਰ ਅਸ਼ਵਨੀ ਚਾਵਲਾ ਨੂੰ ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਦਾ ਪ੍ਰਧਾਨ ਬਣਾਉਣ 'ਤੇ ਤਿੱਖਾ ਇਤਰਾਜ਼ ਕਰਦੇ ਹੋਏ ਕਿਹਾ ਹੈ ਕਿ ਇਹ ਸ਼ਰੇਆਮ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੀ ਉਲੰਘਣਾ ਹੈ ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ, ਨਾਜ਼ੁਕ ਸੰਵੇਦਨਸ਼ੀਲ ਮਾਮਲਾ ਹੈ ਜੋ ਮੈਂ ਆਪ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ । ਜਿਸ ਨਾਲ ਸਿੱਖ ਪੰਥ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ । ਉਨ੍ਹਾਂ ਕਿਹਾ ਕਿ ਆਪ ਇਸ ਤੱਥ ਤੋਂ ਭਲੀਭਾਂਤ ਜਾਣੂ ਹੋ ਡੇਰਾ ਸੱਚਾ ਸੌਦਾ, ਸਿਰਸਾ ਦੇ ਮੁਖੀ ਰਾਮ ਰਹੀਮ ਵੱਲੋ 11 ਮਈ 2007 ਨੂੰ ਬਠਿੰਡਾ ਦੇ ਪਿੰਡ ਸਲਾਬਤ ਪੁਰਾ ਵਿਖੇ ਸਥਿਤ ਆਪਣੇ ਡੇਰੇ ਦੇ ਇਕ ਸਮਾਗਮ ਵਿੱਚ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦਾ ਬਜਰ ਗੁਨਾਹ ਕੀਤਾ ਸੀ । ਜਿਸ ਨਾਲ ਸਮੂੱਚੇ ਸਿੱਖ ਜਗਤ ਦੀਆਂ ਭਾਵਨਾਵਾਂ ਵਲੂੰਧਰੀਆ ਗਈਆ ਸਨ । ਸ਼੍ਰੀ ਆਕਾਲ ਤਖਤ ਸਾਹਿਬ ਵੱਲੋਂ 20 ਮਈ ਨੂੰ ਇਕ ਹੁਕਮਨਾਮਾ ਜਾਰੀ ਕਰਕੇ ਇਸ ਬਜਰ ਗੁਨਾਹ ਕਾਰਨ ਰਾਮ ਰਹੀਮ ਦਾ ਅਤੇ ਇਸ ਦੇ ਡੇਰੇ ਦਾ ਮੁਕੰਮਲ ਬਾਈਕਾਟ ਕਰਨ ਅਤੇ ਇਸ ਨਾਲ ਕਿਸੇ ਕਿਸਮ ਦੀ ਕੋਈ ਸਾਂਝ ਨਾ ਰੱਖਣ ਲਈ ਕਿਹਾ ਗਿਆ ਸੀ।
ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਗਿਆ ਹੈ ਕਿ ਇਹੋ ਜਿਹੀ ਅਖ਼ਬਾਰ ਸੱਚ ਕਹੂ ਦੇ ਪੱਤਰਕਾਰ ਨੂੰ ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਦਾ ਪ੍ਰਧਾਨ ਨਿਯੁਕਤ ਕਰਕੇ ਸ਼੍ਰੀ ਆਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਦੀ ਸਿੱਧਮ ਸਿੱਧੀ ਉਲੰਘਣਾ ਕੀਤੀ ਗਈ ਹੈ ਮੈਂ ਇਸ ਦੀ ਆਸ ਨਹੀਂ ਸੀ ਕਰਦਾ ਤੁਸੀ ਖੁਦ ਗਾਹੇ- ਬਗਾਏ ਸ਼੍ਰੀ ਆਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੋਣ ਦਾ ਦਾਅਵਾ ਕਰਦੇ ਹੋ ਤੁਸੀ ਖੁਦ ਉਸ ਇਲਾਕੇ ਨਾਲ ਸਬੰਧਤ ਹੋ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ ਬੇਅਦਬੀ ਖ਼ਿਲਾਫ਼ ਰੋਸ਼ ਪ੍ਰਗਟ ਕਰ ਰਹੀ ਸੰਗਤ ਤੇ ਅੰਨੇਵਾਹ ਗੋਲੀਆਂ ਚਲਾ ਕੇ 2 ਸਿੰਘ ਸ਼ਹੀਦ ਕਰ ਦਿੱਤੇ ਗਏ ਸਨ ਇਸ ਕਾਂਡ ਦੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਨੂੰ ਲੈ ਕਿ ਲੰਬਾ ਮੋਰਚਾ ਲੱਗਿਆ ਸੀ ਮੇਰਾ ਖੁੱਦ ਦਾ ਮੰਨਣਾ ਹੈ ਕਿ ਸ਼੍ਰੀ ਆਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਤੁਸੀ ਆਪਣੇ ਆਪ ਨੂੰ ਗ਼ੁਨਾਹਗਾਰਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ ਇਸ ਲਈ ਸੱਚ ਕਹੂੰ ਦੇ ਪੱਤਰਕਾਰ ਅਸ਼ਵਨੀ ਚਾਵਲਾ ਦੀ ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਦੇ ਪ੍ਰਧਾਨ ਵੱਜੋ ਕੀਤੀ ਗਈ ਨਿਯੁਕਤੀ ਤਰੁੰਤ ਪ੍ਰਭਾਵ ਨਾਲ ਰੱਦ ਕਰਕੇ ਸ਼੍ਰੀ ਆਕਾਲ ਤਖਤ ਸਾਹਿਬ ਤੋਂ ਇਸ ਬੱਜਰ ਗਲਤੀ ਦੀ ਮਾਫ਼ੀ ਮੰਗ ਲਵੋਂ ਨਹੀਂ ਤਾਂ ਇਤਿਹਾਸ ਤਹਾਨੂੰ ਕਦੇ ਮਾਫ਼ ਨਹੀਂ ਕਰੇਗਾ ਮੀਡਿਆ ਨੂੰ ਪ੍ਰੈਸ ਨੋਟ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਦੇ ਹਵਾਲੇ ਨਾਲ ਜਾਰੀ ਕੀਤਾ।